ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ Sri Manikaran Sahib ਹਿਮਾਲਿਆ ਦੀ ਗੋਦ 'ਚ 6 ਹਜ਼ਾਰ ਫੁੱਟ ਦੀ ਉਚਾਈ 'ਤੇ ਵਸਿਆ ਇਕ ਰਮਣੀਕ ਧਾਰਮਿਕ ਅਸਥਾਨ ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ।



ਚਾਰੇ ਪਾਸੇ ਉੱਚੇ ਕੱਦ ਪਰਬਤਾਂ ਅਤੇ ਲੰਮ-ਸਲੰਮੇ ਦੇਵਦਾਰ ਦੇ ਦਰੱਖ਼ਤਾਂ ਨਾਲ ਘਿਰਿਆ ਇਹ ਅਸਥਾਨ ਮਨ ਨੂੰ ਮੋਹ ਲੈਣ ਵਾਲਾ ਹੈ। ਠਾਠਾਂ ਮਾਰਦੇ ਪਾਰਬਤੀ ਦਰਿਆ ਦਾ ਕਲ਼-ਕਲ਼ ਕਰਦਾ ਪਾਣੀ, ਸੂਰਜ ਦੀ ਪਹਿਲੀ ਕਿਰਨ ਪੈਣ ਵੇਲੇ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ।



ਸਾਖੀਆਂ ਅਨੁਸਾਰ Sri Guru Nanak Dev Ji ਜਦੋਂ ਭਾਈ ਮਰਦਾਨੇ ਅਤੇ ਭਾਈ ਬਾਲੇ ਨਾਲ ਉਤਰੀ ਖੰਡ ਦੀ ਯਾਤਰਾ (ਉਦਾਸੀ) ਲਈ ਚੱਲੇ ਤਾਂ ਆਪ ਅੱਡ-ਅੱਡ ਸਥਾਨਾਂ ਤੋਂ ਪੈਦਲ ਤੁਰਦੇ ਹੋਏ ਮੰਡੀ, ਰਵਾਲਸਰ, ਕੁਲੂ ਅਤੇ ਭੂੰਤਰ ਤੋਂ ਚਲਦੇ ਹੋਏ ਮਣੀਕਰਨ ਸਾਹਿਬ ਪਹੁੰਚੇ।



Mardana ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ। ਮੇਰੇ ਕੋਲ ਆਟਾ ਦਾਲ ਤਾਂ ਹੈ ਪਰ ਅੱਗ ਨਹੀਂ ਹੈ। ਰੋਟੀ ਕਿਵੇਂ ਬਣਾਵਾਂ? ਬਾਬਾ ਜੀ ਕਹਿੰਦੇ ਮਰਦਾਨਿਆਂ ਤੈਨੂੰ ਭੁੱਖ ਉਸ ਵੇਲੇ ਲਗਦੀ ਹੈ ਜਦ ਪਕਾਉਣ ਲਈ ਕੋਈ ਸਾਧਨ ਨਾ ਹੋਵੇ। ਸਾਖੀਆਂ ਤੋਂ ਪਤਾ ਚਲਦਾ ਹੈ ਕਿ ਮਰਦਾਨੇ ਨੂੰ ਭੁੱਖ ਬਹੁਤ ਲਗਦੀ ਸੀ।



ਜਦੋਂ ਮਰਦਾਨਾ ਰੋਟੀ ਖਾਣ ਲਈ ਜ਼ਿੱਦ ਕਰਨ ਲੱਗਿਆ ਤਾਂ ਗੁਰੂ ਜੀ ਹੱਸ ਕੇ ਕਹਿੰਦੇ ਚੰਗਾ ਮਰਦਾਨੇ ਇਹ ਪੱਥਰ ਨੂੰ ਚੁੱਕ ਅਤੇ ਰੱਬ ਦੇ ਰੰਗ ਦੇਖ। ਜਦੋਂ ਮਰਦਾਨੇ ਨੇ ਪੱਥਰ ਚੁੱਕਿਆ ਤਾਂ ਹੇਠੋਂ ਗਰਮਾ-ਗਰਮ ਪਾਣੀ ਦਾ ਚਸ਼ਮਾ ਫੁੱਟ ਪਿਆ।



Guru Nanak Dev Ji ਨੇ ਮਰਦਾਨੇ ਨੂੰ ਪਾਣੀ ਵਿਚ ਰੋਟੀ ਬਣਾ ਕੇ ਪਾਉਣ ਨੂੰ ਕਿਹਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਨੂੰ ਕਿਹਾ। ਜਦੋਂ ਮਰਦਾਨੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਤਾਂ ਪਾਣੀ ਵਿਚ ਪਾਈਆਂ ਰੋਟੀਆਂ ਪੱਕ ਕੇ ਉੱਪਰ ਆ ਗਈਆਂ।



ਅੱਜ ਵੀ ਇੱਥੇ ਚੌਵੀ ਘੰਟੇ Guru da Langar ਚਲਦਾ ਹੈ ਅਤੇ ਦਾਲਾਂ, ਸਬਜ਼ੀਆਂ, ਕੜੀ, ਚਾਵਲ ਗਰਮ ਪਾਣੀ ਦੀਆਂ ਕੁੰਡਾਂ, ਜੋ ਨਾਲ ਲਗਦੇ ਸ਼ਿਵਜੀ ਦੇ ਮੰਦਿਰ ਵਿਚ ਹਨ, ਵਿਚ ਬਣਦੀਆਂ ਹਨ। ਸ਼ਰਧਾਲੂ ਗਰਮ ਪਾਣੀ ਵਿਚ ਛੋਲੇ, ਚਾਵਲ ਰਿਝਾ ਕੇ ਦੇਖਦੇ ਹਨ।



ਗਰੁੜ ਪੁਰਾਣ ਅਨੁਸਾਰ ਇਹ ਮੰਨਿਆ ਜਾਂਦਾ ਕਿ ਇਸ ਅਸਥਾਨ 'ਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਤੇ ਪਾਰਬਤੀ ਨੇ ਤਪ ਕੀਤਾ। ਕਹਿੰਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਵੀ ਸ਼ਿਵ ਜੀ ਦੇ ਦਰਸ਼ਨਾਂ ਲਈ ਆਉਂਦੇ ਸਨ।



ਜਦੋਂ ਸ਼ਿਵਜੀ ਪਾਰਬਤੀ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਸਥਾਨ 'ਤੇ ਬਹੁਤ ਚੰਗਾ ਲੱਗਿਆ। ਇੱਥੇ ਸ਼ਿਵਜੀ ਅਤੇ ਪਾਰਬਤੀ ਨੇ 11000 ਸਾਲ ਤਪੱਸਿਆ ਕੀਤੀ।