ਗੁਰਦੁਆਰਾ ਕਬੂਤਰ ਸਾਹਿਬ ਰਾਜਸਥਾਨ ਦੇ ਨੋਹਰ ਸ਼ਹਿਰ ਵਿੱਚ ਸਥਿਤ ਹੈ, ਇਥੋਂ ਦੇ ਲੋਕਾਂ ਮੁਤਾਬਿਕ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਮੁਤਾਬਿਕ ਇਥੋਂ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ।



ਨਵੰਬਰ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿਰਸਾ ਨੂੰ ਛੱਡ ਕੇ ਇਥੇ ਆਏ ਸਨ ਅਤੇ ਸ਼ੀਪ ਤਲਾਈ ਨਾਮ ਦੇ ਇੱਕ ਤਲਾਬ ਕੋਲ ਡੇਰੇ ਲਾਏ, (ਜਿਥੇ ਅੱਜ ਇੱਕ ਗੁਰਦੁਆਰਾ ਮੌਜੂਦ ਹੈ ਜਿਸਦਾ ਨਾਮ ਵੀ ਸ਼ੀਪ ਤਲਾਈ ਗੁਰਦੁਆਰਾ ਰੱਖਿਆ ਗਿਆ ਹੈ)



ਜਿਥੇ ਗੁਰੂ ਜੀ ਨੇ ਡੇਰੇ ਲਾਏ ਸਨ ਉਸਦੇ ਨੇੜੇ ਇੱਕ ਮੰਦਿਰ ਸੀ ਜਿਥੇ ਬਹੁਤ ਸਾਰੇ ਕਬੂਤਰ ਰੋਜ਼ਾਨਾ ਆ ਕੇ ਬੈਠਦੇ ਸਨ ਅਤੇ ਪਿੰਡ ਦੇ ਲੋਕ ਕਬੂਤਰਾਂ ਨੂੰ ਰੋਜ਼ਾਨਾ ਚੋਗਾ ਪਾਇਆ ਕਰਦੇ ਸਨ।



ਲੋਕ ਕਬੂਤਰਾਂ ਦੀਆਂ ਅਵਾਜ਼ਾਂ ਸੁਣਦੇ ਅਤੇ ਉਹਨਾਂ ਨੂੰ ਅਸਮਾਨ ਚ ਬਾਜ਼ੀਆਂ ਲਾਉਂਦੇ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਇੱਕ ਦਿਨ ਗੁਰੂ ਜੀ ਦੇ ਘੋੜੇ ਦੀ ਪੌੜ ਹੇਠ ਆ ਕੇ ਇੱਕ ਕਬੂਤਰ ਮਰ ਗਿਆ,



ਇੱਥੇ ਜਿਆਦਾ ਲੋਕ ਜੈਨ ਧਰਮ ਨਾਲ ਸੰਬੰਧ ਰੱਖਦੇ ਸੀ ਜੋ ਕੇ ਅਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਸਨ, ਉਹਨਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਕਿ ਤੁਸੀਂ ਕਬੂਤਰ ਮਾਰ ਦਿੱਤਾ ਹੈ ਤਾਂ ਗੁਰੂ ਜੀ ਨੇ ਕਿਹਾ ਕੇ ਇਹ ਨੀਤੀ ਸੀ, ਕਬੂਤਰ ਦੀ ਇਸ ਤਰ੍ਹਾਂ ਹੀ ਲਿਖੀ ਹੋਈ ਸੀ,



ਪਰ ਲੋਕ ਨਹੀਂ ਮੰਨਦੇ ਅਤੇ ਗੁਰੂ ਜੀ ਨਾਲ ਬਹਿਸ ਕਰਨ ਲੱਗ ਪਏ। ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਇੱਕ ਨੂੰ ਰੋਂਦੇ ਹੋ ਜੇ ਸਾਰੇ ਮਰ ਜਾਣ ਤੇ ਫਿਰ ਆਪਾਂ ਕਿ ਕਰ ਲਵਾਂਗੇ,



ਗੁਰੂ ਜੀ ਦੇ ਬਚਨ ਦੇ ਨਾਲ ਹੀ ਸਾਰੇ ਕਬੂਤਰ ਮਰ ਗਏ। ਫਿਰ ਲੋਕਾਂ ਨੂੰ ਪਛਤਾਵਾ ਹੋਇਆ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕੇ ਜੇ ਤੁਸੀਂ ਇੱਕ ਬਚਨ ਨਾਲ ਕਬੂਤਰ ਮਾਰੇ ਆ ਤਾਂ ਤੁਹਾਡੇ ਕੋਲ ਜਰੂਰ ਤਾਕਤ ਹੈ, ਇਹਨਾਂ ਨੂੰ ਜਿਉਂਦੇ ਕਰਨ ਦੀ ਵੀ।



ਅਸੀਂ ਮਾਫੀ ਮੰਗਦੇ ਹਾਂ ਸਾਡੀ ਬੇਨਤੀ ਮੰਨੋ ਤੇ ਇਹਨਾਂ ਨੂੰ ਜਿਉਂਦੇ ਕਰ ਦਿਓ, ਬਹੁਤ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਕਿਹਾ ਕੇ ਜਿਹੜਾ ਚੋਗਾ ਤੁਸੀਂ ਅੱਗੇ ਪਾਉਂਦੇ ਹੁੰਦੇ ਸੀ, ਜਾਓ ਜਾ ਕੇ ਚੋਗਾ ਪਾਓ,



ਲੋਕਾਂ ਨੇ ਜਦੋਂ ਚੋਗਾ ਪਾਇਆ ਤਾਂ ਗੁਰੂ ਜੀ ਕਹਿੰਦੇ ਉਥੋਂ ਸਾਰੇ ਆਪਣਾ ਚੋਗਾ ਚੁਗੋ। ਸਾਰੇ ਕਬੂਤਰ ਉੱਠ ਗਏ ਪਰ ਉਹ ਇੱਕ ਕਬੂਤਰ ਜੋ ਪੌੜ ਥੱਲੇ ਆ ਕੇ ਮਰਿਆ ਸੀ ਉਹ ਨਹੀਂ ਉੱਠਿਆ,



ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕੇ ਤੁਸੀਂ ਸਾਰਿਆਂ ਨੂੰ ਜਿਉਂਦੇ ਕੀਤਾ ਹੈ ਤਾਂ ਇਸਨੂੰ ਵੀ ਕਰ ਦਿਓ। ਗੁਰੂ ਜੀ ਕਹਿੰਦੇ ਕਿ ਨਹੀਂ , ਇਸ ਕਰਕੇ ਤਾਂ ਅਸੀਂ ਇਥੇ ਆਏ ਸੀ , ਇਸਦੀ ਮੁਕਤੀ ਕਰਨ ਵਾਸਤੇ , ਇਹ ਸਾਡਾ ਪੁਰਾਣਾ ਸਿੱਖ ਹੁੰਦਾ ਸੀ ਤੇ ਉਸਦੀ ਮੁਕਤੀ ਕਰਨ ਹੀ ਅਸੀਂ ਇਥੇ ਆਏ ਸੀ।