Gurudwara Sri Panjokhra Sahib ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਹੈ। ਇਹ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਹੈ।



ਗੁਰੂ ਘਰ ਦੇ ਪ੍ਰੀਤਵਾਨ, ਦਿੱਲੀ ਨਿਵਾਸੀ ਰਾਜਾ ਜੈ ਸਿੰਘ ਦੀ ਬੇਨਤੀ ‘ਤੇ ਕੀਰਤਪੁਰ ਤੋਂ ਦਿੱਲੀ ਜਾਣ ਸਮੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਿੱਖ ਸੰਗਤਾਂ ਸਮੇਤ ਇਸ ਅਸਥਾਨ ‘ਤੇ ਕੁਝ ਦਿਨ ਨਿਵਾਸ ਕੀਤਾ।



ਪੰਜੋਖਰੇ ਪਿੰਡ ਦੇ ਪੰਡਿਤ ਕ੍ਰਿਸ਼ਨ ਲਾਲ ਨੂੰ ਗੁਰੂ ਜੀ ਦੀ ਛੁਟੇਰੀ ਉਮਰ ਤੇ ਵੰਡੇਰੀ ਅਧਿਆਤਮਕ ਉੱਚਤਾ ‘ਤੇ ਸ਼ੱਕ ਹੋਇਆ। ਜਾਤੀ ਅਭਿਮਾਨ ਅਤੇ ਵਿਦਿਆ ਦੇ ਹੰਕਾਰ ਵਿਚ ਗੜੂਦ ਪੰਡਿਤ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ



ਨਾਮ ਤਾਂ ਤੁਹਾਡਾ ‘ਭਗਵਾਨ ਕ੍ਰਿਸ਼ਨ’ ਵਾਂਗ ‘ਹਰਿ ਕ੍ਰਿਸ਼ਨ’ ਹੈ, ਕੀ ਤੁਸੀਂ ਭਗਵਾਨ ਕ੍ਰਿਸ਼ਨ ਦੀ ‘ਗੀਤਾ’ ਬਾਰੇ ਕੁਝ ਜਾਣਦੇ ਹੋ?



ਪੰਡਿਤ ਦੇ ਹੰਕਾਰ ਨੂੰ ਨਵਿਰਤ ਕਰਨ ਲਈ ਗੁਰੂ ਜੀ ਨੇ ‘ਛੱਜੂ’ ਨਾਮ ਦੇ ਸਧਾਰਨ ਮਨੁੱਖ ਨੂੰ ਗੀਤਾ ਸਬੰਧੀ ਵਿਖਿਆਨ ਦੇਣ ਦਾ ਆਦੇਸ਼ ਕੀਤਾ।



ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ‘ਛੱਜੂ’ ਨੇ ਗੀਤਾ ਦਾ ਤੱਤ-ਸਾਰ ਚੰਦ ਸ਼ਬਦਾਂ ਵਿਚ ਬਿਆਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਸਭ ਦੇਖ ਪੰਡਿਤ ਦੇ ਹੰਕਾਰ ਰੂਪੀ ਅਗਿਆਨ ਦੀ ਨਵਿਰਤੀ ਹੋਈ ਤੇ ਉਹ ਸਿੱਖੀ ਮੰਡਲ ਵਿਚ ਆਇਆ।



ਗੁਰਦੇਵ ਇਸ ਅਸਥਾਨ ‘ਤੇ ਕੁਝ ਸਮਾਂ ਰੁਕੇ ਤੇ ਜਗਤ-ਜਲੰਦੇ ਨੂੰ ‘ਗੁਰਮਤਿ ਗਿਆਨ’ ਦ੍ਰਿੜ੍ਹ ਕਰਵਾਉਂਦੇ ਰਹੇ। ਇਸ ਇਤਿਹਾਸਕ ਅਸਥਾਨ ਤੋਂ ਦਿੱਲੀ ਨੂੰ ਜਾਣ ਸਮੇਂ ਗੁਰੂ ਜੀ ਨੇ ਕੁਝ ਸਿੱਖ ਸੇਵਕਾਂ ਨੂੰ ਛੱਡ, ਬਾਕੀ ਸੰਗਤ ਨੂੰ ਵਾਪਸ ਕੀਰਤਪੁਰ ਜਾਣ ਦਾ ਹੁਕਮ ਕੀਤਾ।



ਗੁਰੂ ਜੀ ਦੀ ਆਮਦ ਦੀ ਯਾਦਗਾਰ ਵਜੋਂ ਪ੍ਰੇਮੀਆਂ ਵੱਲੋਂ ਇਤਿਹਾਸਕ ਅਸਥਾਨ ਦਾ ਨਿਰਮਾਣ ਕਰਵਾਇਆ ਗਿਆ। ਸਿੱਖ ਰਾਜ-ਕਾਲ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ।



ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ। ਸੰਗਤਾਂ ਦੇ ਸਹਿਯੋਗ ਨਾਲ ਬਣੀ ਆਲੀਸ਼ਾਨ ਇਮਾਰਤ ਅਤੇ ਸੁੰਦਰ ਸਰੋਵਰ ਸ਼ੋਭਨੀਕ ਹੈ।



ਇਹ ਇਤਿਹਾਸਕ ਅਸਥਾਨ ਤਹਿਸੀਲ/ਜ਼ਿਲ੍ਹਾ ਅੰਬਾਲਾ(ਹਰਿਆਣਾ) ਵਿਚ ਅੰਬਾਲਾ-ਨਰੈਣਗੜ੍ਹ ਰੋਡ ‘ਤੇ ਅੰਬਾਲਾ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ‘ਤੇ ਪੰਜੋਖਰਾ ਪਿੰਡ ਵਿਚ ਹਨ।