ਸਿਹਤਮੰਦ ਸਰੀਰ ਤੇ ਸਿਹਤਮੰਦ ਜੀਵਨ ਲਈ ਦਿਲ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਹਾਰਟ ਅਟੈਕ ਬਹੁਤ ਹੀ ਸਾਈਲੈਂਟ ਢੰਗ ਨਾਲ ਹੁੰਦਾ ਹੈ, ਜਿਸ ਬਾਰੇ ਅੰਦਾਜਾ ਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਦੇ ਲੱਛਣ ਗਰਮੀਆਂ ਦੇ ਮੌਸਮ ਵਿੱਚ ਇੰਨੇ ਹਲਕੇ ਹੁੰਦੇ ਹਨ ਕਿ ਪਤਾ ਹੀ ਨਹੀਂ ਲੱਗਦੇ ਤੇ ਮਰੀਜ਼ ਦੀ ਜਾਨ ਲਈ ਖਤਰਾ ਬਣ ਜਾਂਦੇ ਹਨ।



ਤੁਸੀਂ ਇਨ੍ਹੀਂ ਦਿਨੀਂ ਖ਼ਬਰਾਂ ਵਿੱਚ ਦੇਖਿਆ ਹੋਵੇਗਾ ਕਿ ਡਾਂਸ, ਗਾਉਣ, ਕੰਮ ਕਰਨ ਤੇ ਕਸਰਤ ਕਰਦੇ ਸਮੇਂ ਲੋਕਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ।



ਇਸ ਲਈ ਗਰਮੀ ਦੇ ਮੌਸਮ 'ਚ ਸਾਈਲੈਂਟ ਹਾਰਟ ਅਟੈਕ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਹੀ ਸਮੇਂ 'ਤੇ ਉਨ੍ਹਾਂ ਲੱਛਣਾਂ ਦੀ ਪਛਾਣ ਕੀਤੀ ਜਾਵੇ ਜੋ ਜਾਨਲੇਵਾ ਸਾਬਤ ਹੋ ਸਕਦੇ ਹਨ।



ਸਾਈਲੈਂਟ ਹਾਰਟ ਅਟੈਕ ਦਾ ਪਹਿਲਾ ਲੱਛਣ ਸਾਹ ਲੈਣ ਵਿੱਚ ਤਕਲੀਫ਼ ਜਾਂ ਸਾਹ ਚੜ੍ਹਨਾ ਹੈ।



ਮਰੀਜ਼ ਮਹਿਸੂਸ ਕਰਦਾ ਹੈ ਕਿ ਉਹ ਬਹੁਤ ਥੱਕਿਆ ਹੋਇਆ ਹੈ ਤੇ ਜ਼ਿਆਦਾ ਕੰਮ ਜਾਂ ਗਰਮੀ ਕਾਰਨ ਸਾਹ ਚੜ੍ਹ ਰਿਹਾ ਹੈ। ਲੋਕ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।



ਸਾਈਲੈਂਟ ਹਾਰਟ ਅਟੈਕ ਤੋਂ ਪਹਿਲਾਂ, ਮਰੀਜ਼ ਨੂੰ ਖੱਬੇ ਪਾਸੇ ਦੇ ਅੰਗਾਂ ਹੱਥ-ਲੱਤ, ਜਬਾੜੇ, ਮੋਢੇ ਜਾਂ ਪਿੱਠ ਵਿੱਚ ਹਲਕਾ ਦਰਦ ਮਹਿਸੂਸ ਹੁੰਦਾ ਹੈ।



ਅਕਸਰ ਲੋਕ ਇਸ ਦਰਦ ਨੂੰ ਲੈ ਕੇ ਲਾਪ੍ਰਵਾਹ ਹੋ ਜਾਂਦੇ ਹਨ ਕਿਉਂਕਿ ਅਜਿਹਾ ਹੀ ਦਰਦ ਕੰਮਕਾਜ ਜਾਂ ਗਲਤ ਆਸਣ ਕਾਰਨ ਹੁੰਦਾ ਹੈ। ਇਸ ਦੇ ਨਾਲ ਹੀ ਜੇਕਰ ਪੇਟ 'ਚ ਦਰਦ ਹੋਵੇ ਜਾਂ ਪੇਟ ਖਰਾਬ ਹੋਵੇ ਤਾਂ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ।



ਸਾਈਲੈਂਟ ਹਾਰਟ ਅਟੈਕ 'ਚ ਮਰੀਜ਼ ਨੂੰ ਠੰਢਾ ਪਸੀਨਾ ਆਉਂਦਾ ਹੈ। ਗਰਮੀ ਦੇ ਮੌਸਮ 'ਚ ਪਸੀਨਾ ਆਉਣਾ ਲੋਕ ਆਮ ਸਮਝਦੇ ਹਨ।



ਇਸੇ ਕਰਕੇ ਠੰਢਾ ਪਸੀਨਾ ਆਉਣ 'ਤੇ ਵੀ ਲੋਕ ਟੈਸਟ ਨਹੀਂ ਕਰਵਾਉਂਦੇ। ਜੇਕਰ ਕਿਸੇ ਨੂੰ ਠੰਢਾ ਪਸੀਨਾ ਤੇ ਇਸ ਦੇ ਨਾਲ ਘਬਰਾਹਟ ਵੀ ਹੋ ਰਹੀ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।