ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਮੋਬਾਈਲ ਉਪਭੋਗਤਾਵਾਂ ਲਈ ਸਿਮ ਕਾਰਡਾਂ ਨਾਲ ਸਬੰਧਤ ਕੁਝ ਨਿਯਮ ਜਾਰੀ ਕੀਤੇ ਹਨ, ਜੋ ਇਸ ਸਾਲ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੇ।



ਟਰਾਈ ਦੇ ਨਵੇਂ ਨਿਯਮ ਲਾਗੂ ਕਰਨ ਦਾ ਕਾਰਨ ਆਨਲਾਈਨ ਧੋਖਾਧੜੀ ਨੂੰ ਰੋਕਣਾ ਹੈ। ਇਸ ਕਾਰਨ ਆਮ ਮੋਬਾਈਲ ਉਪਭੋਗਤਾਵਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਟਰਾਈ ਦੇ ਅਨੁਸਾਰ, ਜਿਨ੍ਹਾਂ ਮੋਬਾਈਲ ਉਪਭੋਗਤਾਵਾਂ ਨੇ ਆਪਣੇ ਸਿਮ ਕਾਰਡਾਂ ਦੀ ਅਦਲਾ-ਬਦਲੀ ਕੀਤੀ ਹੈ, ਉਹ ਆਪਣੇ ਫ਼ੋਨ ਨੰਬਰਾਂ ਨੂੰ ਪੋਰਟ ਨਹੀਂ ਕਰ ਸਕਣਗੇ।



ਟਰਾਈ ਦਾ ਕਹਿਣਾ ਹੈ ਕਿ ਇਹ ਕਦਮ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਇਸ ਦਾ ਮਕਸਦ ਧੋਖਾਧੜੀ ਕਰਨ ਵਾਲਿਆਂ ਨੂੰ ਸਿਮ ਸਵੈਪ ਕਰਕੇ ਤੁਰੰਤ ਮੋਬਾਈਲ ਕਨੈਕਸ਼ਨ ਨੂੰ ਪੋਰਟ ਕਰਨ ਤੋਂ ਰੋਕਣਾ ਹੈ।



ਅੱਜ ਕੱਲ੍ਹ ਸਿਮ ਸਵੈਪਿੰਗ ਨੂੰ ਲੈ ਕੇ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।



ਇਸ ਧੋਖਾਧੜੀ ਵਿੱਚ ਲੋਕ ਆਸਾਨੀ ਨਾਲ ਪੈਨ ਕਾਰਡ ਅਤੇ ਆਧਾਰ ਕਾਰਡ ਦੀਆਂ ਫੋਟੋਆਂ ਖਿੱਚ ਲੈਂਦੇ ਹਨ ਅਤੇ ਆਪਣਾ ਮੋਬਾਈਲ ਗੁਆਉਣ ਦੇ ਬਹਾਨੇ ਨਵਾਂ ਸਿਮ ਕਾਰਡ ਜਾਰੀ ਕਰਵਾ ਲੈਂਦੇ ਹਨ।



ਇਸ ਤੋਂ ਬਾਅਦ, ਤੁਹਾਡੇ ਮੋਬਾਈਲ ਨੰਬਰ 'ਤੇ ਆਉਣ ਵਾਲਾ OTP ਧੋਖਾਧੜੀ ਕਰਨ ਵਾਲੇ ਲੋਕਾਂ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਉਹ ਧੋਖਾਧੜੀ ਲਈ ਇਸ ਦੀ ਵਰਤੋਂ ਕਰਦੇ ਹਨ।



ਦੱਸ ਦੇਈਏ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਵੱਲੋਂ 15 ਮਾਰਚ, 2024 ਨੂੰ ਨਵੇਂ ਨਿਯਮ ਜਾਰੀ ਕੀਤੇ ਗਏ ਹਨ, ਜੋ ਕਿ 1 ਜੁਲਾਈ, 2024 ਤੋਂ ਦੇਸ਼ ਭਰ ਵਿੱਚ ਲਾਗੂ ਹੋਣਗੇ।



ਟਰਾਈ ਦਾ ਕਹਿਣਾ ਹੈ ਕਿ ਨਿਯਮਾਂ ਨੂੰ ਬਦਲ ਕੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਹਾਲਾਂਕਿ ਇਸ ਕਾਰਨ ਆਮ ਉਪਭੋਗਤਾਵਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।