ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ।



ਦੱਸ ਦਈਏ ਕਿ 13 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਹਾਊਸ ਆਫ ਕਾਮਨਜ਼ ਵਿੱਚ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀ ਦਾ ਹੱਥ ਹੈ।



ਇਸ ਦੌਰਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਵੀਡੀਓ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ।



ਵੀਡੀਓ ਦਾ ਹਵਾਲਾ ਦਿੰਦੇ ਹੋਏ ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਨਿੱਝਰ ਦੀ ਹੱਤਿਆ ਗੁਰਦੁਆਰੇ ਦੀ ਪਾਰਕਿੰਗ ਕੋਲ ਕੀਤੀ ਗਈ ਸੀ। ਇਸ ਕਤਲ ਵਿੱਚ ਘੱਟੋ-ਘੱਟ ਛੇ ਲੋਕ ਸ਼ਾਮਲ ਸਨ, ਜਿਨ੍ਹਾਂ ਕੋਲ ਦੋ ਗੱਡੀਆਂ ਸਨ।



ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਬਾਹਰ 18 ਜੂਨ ਨੂੰ ਹੋਏ ਕਤਲ ਦੀ ਜਾਂਚ ਬਾਰੇ ਬਹੁਤ ਘੱਟ ਦੱਸਿਆ ਹੈ।



ਉਸ ਦਾ ਕਹਿਣਾ ਹੈ ਕਿ ਪੁਲਿਸ ਦੇਰ ਨਾਲ ਮੌਕੇ ’ਤੇ ਪੁੱਜੀ ਸੀ। ਇਸ ਦੇਰੀ ਦਾ ਕਾਰਨ ਪੁਲਿਸ ਤੇ ਏਜੰਸੀਆਂ ਵਿਚਾਲੇ ਮਤਭੇਦ ਦੱਸਿਆ ਜਾ ਰਿਹਾ ਹੈ।



ਕਈ ਕਾਰੋਬਾਰੀ ਮਾਲਕਾਂ ਤੇ ਗੁਰਦੁਆਰੇ ਦੇ ਨੇੜੇ ਵਸਨੀਕਾਂ ਦਾ ਕਹਿਣਾ ਹੈ ਕਿ ਜਾਂਚਕਰਤਾ ਸਵਾਲ ਪੁੱਛਣ ਜਾਂ ਸੁਰੱਖਿਆ ਕੈਮਰਿਆਂ ਦੀ ਤਲਾਸ਼ੀ ਲੈਣ ਹੀ ਨਹੀਂ ਆਏ। ਨਿੱਝਰ ਦਾ ਕਤਲ ਗੁਰਦੁਆਰੇ ਦੇ ਸੁਰੱਖਿਆ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ।



ਵੀਡੀਓ ਨੂੰ ਜਾਂਚਕਰਤਾਵਾਂ ਨਾਲ ਸਾਂਝਾ ਕੀਤਾ ਗਿਆ ਹੈ। ਵਾਸ਼ਿੰਗਟਨ ਪੋਸਟ ਨੇ 90 ਸੈਕਿੰਡ ਦੀ ਵੀਡੀਓ ਰਿਕਾਰਡਿੰਗ ਦੀ ਸਮੀਖਿਆ ਕਰਨ ਦਾ ਦਾਅਵਾ ਕੀਤਾ ਹੈ



ਜਿਸ ਵਿੱਚ ਨਿੱਝਰ ਦੇ ਸਲੇਟੀ ਪਿਕਅੱਪ ਟਰੱਕ ਨੂੰ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ। ਉਸ ਦੀ ਕਾਰ ਦੇ ਅੱਗੇ ਇੱਕ ਚਿੱਟੀ ਸੇਡਾਨ ਦਿਖਾਈ ਦਿੰਦੀ ਹੈ, ਜੋ ਟਰੱਕ ਦੇ ਸਮਾਨਾਂਤਰ ਚੱਲਦੀ ਹੈ।



ਕੈਨੇਡਾ ਦੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਮਲਾਵਰਾਂ ਨੇ ਲਗਪਗ 50 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਨਿੱਝਰ ਨੂੰ 34 ਗੋਲੀਆਂ ਲੱਗੀਆਂ। ਹਰ ਪਾਸੇ ਖੂਨ ਸੀ ਤੇ ਜ਼ਮੀਨ 'ਤੇ ਟੁੱਟੇ ਸ਼ੀਸ਼ੇ ਸਨ। ਗੋਲੀਆਂ ਜ਼ਮੀਨ 'ਤੇ ਖਿੱਲਰੀਆਂ ਹੋਈਆਂ ਸੀ।