ਵਿਕਰਾਂਤ ਮੈਸੀ ਅਤੇ ਮੇਧਾ ਸ਼ੰਕਰ ਸਟਾਰਰ ਫਿਲਮ '12ਵੀਂ ਫੇਲ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਨੇਮਾਘਰਾਂ 'ਚ ਹਿੱਟ ਰਹੀ ਇਹ ਫਿਲਮ ਹੁਣ OTT 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਹੁਣ ਖਬਰ ਹੈ ਕਿ ਇਹ ਦੁਨੀਆ ਭਰ ਦੀਆਂ ਟਾਪ ਹਾਲੀਵੁੱਡ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋ ਗਈ ਹੈ। ਜੀ ਹਾਂ, ਇਹ ਬਾਲੀਵੁੱਡ ਫਿਲਮ ਗਲੋਬਲ IMDB ਦੀਆਂ ਚੋਟੀ ਦੀਆਂ ਫਿਲਮਾਂ ਦੀ ਸੂਚੀ ਵਿੱਚ ਸਾਰੀਆਂ ਵੱਡੀਆਂ ਹਾਲੀਵੁੱਡ ਫਿਲਮਾਂ ਵਿੱਚ ਇਕੱਲੀ ਹਿੰਦੀ ਫਿਲਮ ਹੈ। ਗਲੋਬਲ ਆਈਐਮਡੀਬੀ ਦੀਆਂ ਟਾਪ 250 ਫਿਲਮਾਂ ਦੀ ਸੂਚੀ ਵਿੱਚ ਵਿਕਰਾਂਤ ਦੀ ਇਹ ਇਕਲੌਤੀ ਬਾਲੀਵੁੱਡ ਫਿਲਮ ਹੈ, ਜੋ 50ਵੇਂ ਨੰਬਰ 'ਤੇ ਮਾਣ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਸਿਰਫ 20 ਕਰੋੜ ਦੇ ਬਜਟ ਨਾਲ ਬਣੀ ਸੀ, ਜਿਸ ਨੇ ਸਿਨੇਮਾਘਰਾਂ 'ਚ 66.55 ਕਰੋੜ ਰੁਪਏ ਕਮਾਏ ਸਨ ਅਤੇ ਸੁਪਰਹਿੱਟ ਐਲਾਨੀ ਗਈ ਸੀ। '12ਵੀਂ ਫੇਲ' ਆਈਐਮਡੀਬੀ ਦੀਆਂ 250 ਚੋਟੀ ਦੀਆਂ ਫਿਲਮਾਂ ਦੀ ਸੂਚੀ ਵਿੱਚ ਬਹੁਤ ਉੱਪਰ ਹੈ, ਜਿੱਥੇ 'ਓਪਨਹਾਈਮਰ', 'ਸਪਾਈਡਰਮੈਨ: ਐਕਰੋਸ ਦਾ ਸਪਾਈਡਰ ਵਰਸ', 'ਗਲੇਡੀਏਟਰ', 'ਦਿ ਲਾਇਨ ਕਿੰਗ', 'ਟੌਏ ਸਟੋਰੀ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਹਨ। '12ਵੀਂ ਫੇਲ' ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਸੰਘਰਸ਼ ਅਤੇ ਮਿਹਨਤ ਦੀ ਕਹਾਣੀ ਹੈ, ਜੋ ਕਈ ਸੁਪਨੇ ਲੈ ਕੇ ਯੂਪੀਐੱਸਸੀ ਦੀ ਪ੍ਰੀਖਿਆ 'ਚ ਬੈਠਦੇ ਹਨ।