Shubman Gill on 1st T20I Century: ਭਾਰਤ ਅਤੇ ਨਿਊਜ਼ੀਲੈਂਡ ((IND vs NZ) ਵਿਚਾਲੇ ਬੁੱਧਵਾਰ ਰਾਤ ਨੂੰ ਖੇਡੇ ਗਏ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਅਤੇ ਫੈਸਲਾਕੁੰਨ ਮੈਚ ਵਿੱਚ ਸ਼ੁਭਮਨ ਗਿੱਲ ਨੇ ਧਮਾਕੇਦਾਰ ਸੈਂਕੜਾ ਲਗਾਇਆ। ਉਸ ਨੇ 63 ਗੇਂਦਾਂ 'ਤੇ 126 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਉਸ ਦੀ ਪਾਰੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ 168 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ। ਸ਼ੁਭਮਨ ਗਿੱਲ ਨੂੰ ਇਸ ਫੈਸਲਾਕੁੰਨ ਮੈਚ ਦਾ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਮੈਚ ਤੋਂ ਬਾਅਦ ਉਸ ਨੇ ਆਪਣੇ ਪਹਿਲੇ ਟੀ-20 ਸੈਂਕੜੇ 'ਤੇ ਪ੍ਰਤੀਕਿਰਿਆ ਦਿੱਤੀ।

ਸ਼ੁਭਮਨ ਗਿੱਲ ਨੇ ਕਿਹਾ, 'ਇਹ ਚੰਗਾ ਲੱਗਦਾ ਹੈ ਜਦੋਂ ਤੁਸੀਂ ਬਹੁਤ ਅਭਿਆਸ ਕਰਦੇ ਹੋ ਅਤੇ ਫਿਰ ਤੁਹਾਨੂੰ ਇਸ ਤਰ੍ਹਾਂ ਦਾ ਨਤੀਜਾ ਮਿਲਦਾ ਹੈ। ਆਪਣੀ ਟੀਮ ਲਈ ਇਹ ਵੱਡੀ ਪਾਰੀ ਖੇਡ ਕੇ ਖੁਸ਼ ਹਾਂ। ਹਾਰਦਿਕ ਭਾਈ ਨੇ ਮੈਨੂੰ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਬੱਲੇਬਾਜ਼ੀ ਕਰਦੇ ਹੋ ਉਸੇ ਤਰ੍ਹਾਂ ਖੇਡੋ, ਇਸ ਤੋਂ ਇਲਾਵਾ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ।

ਇਸ ਦੌਰਾਨ ਸ਼ੁਭਮਨ ਨੇ ਲਗਾਤਾਰ ਕ੍ਰਿਕਟ ਖੇਡਣ ਨਾਲ ਜੁੜੇ ਸਵਾਲ 'ਤੇ ਵੀ ਆਪਣੀ ਗੱਲ ਰੱਖੀ। ਉਸ ਨੇ ਕਿਹਾ, 'ਜਦੋਂ ਤੁਸੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਥਕਾਵਟ ਹੈ ਅਤੇ ਮੈਂ ਤਿੰਨਾਂ ਫਾਰਮੈਟਾਂ 'ਚ ਲਗਾਤਾਰ ਖੇਡ ਕੇ ਖੁਸ਼ ਹਾਂ।'

ਸ਼ੁਭਮਨ ਗਿੱਲ ਨੇ ਅਹਿਮਦਾਬਾਦ ਟੀ-20 ਵਿੱਚ ਆਪਣੀ ਪਾਰੀ ਵਿੱਚ 12 ਚੌਕੇ ਅਤੇ 7 ਛੱਕੇ ਜੜੇ। ਉਨ੍ਹਾਂ ਤੋਂ ਇਲਾਵਾ ਰਾਹੁਲ ਤ੍ਰਿਪਾਠੀ (44), ਸੂਰਿਆਕੁਮਾਰ ਯਾਦਵ (24) ਅਤੇ ਹਾਰਦਿਕ ਪੰਡਯਾ (30) ਨੇ ਵੀ ਤੇਜ਼ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਦੀ ਬਦੌਲਤ ਭਾਰਤੀ ਟੀਮ ਨੇ 4 ਵਿਕਟਾਂ ਗੁਆ ਕੇ 234 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਜਵਾਬ 'ਚ ਨਿਊਜ਼ੀਲੈਂਡ ਦੀ ਟੀਮ ਸਿਰਫ 66 ਦੌੜਾਂ 'ਤੇ ਹੀ ਸਿਮਟ ਗਈ। ਡੇਰਿਲ ਮਿਸ਼ੇਲ (35) ਅਤੇ ਮਿਸ਼ੇਲ ਸੈਂਟਨਰ (13) ਤੋਂ ਇਲਾਵਾ ਕੋਈ ਵੀ ਕੀਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ।

ਇੱਥੇ ਹਾਰਦਿਕ ਪੰਡਯਾ ਨੇ 4, ਅਰਸ਼ਦੀਪ, ਉਮਰਾਨ ਅਤੇ ਸ਼ਿਵਮ ਮਾਵੀ ਨੇ 2-2 ਵਿਕਟਾਂ ਲਈਆਂ।