ਅਕਸਰ ਹੀ ਔਰਤਾਂ ਸੁੰਦਰ ਦਿਖਣ ਲਈ ਉੱਚੀ ਅੱਡੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਔਰਤਾਂ ਤਾਂ ਗਰਭ ਅਵਸਥਾ ਦੌਰਾਨ ਵੀ ਹਾਈ ਹੀਲ ਪਹਿਨਦੀਆਂ ਹਨ। ਸਿਹਤ ਮਾਹਿਰਾਂ ਅਨੁਸਾਰ ਹਾਈ ਹੀਲ ਸੈਂਡਲ ਜਾਂ ਜੁੱਤੀਆਂ ਗਰਭ ਅਵਸਥਾ ਨੂੰ ਬਹੁਤ ਮੁਸ਼ਕਲ ਬਣਾ ਸਕਦੀਆਂ ਹਨ। ਇਸ ਦੇ ਪਿੱਛੇ ਕਈ ਵਿਗਿਆਨਕ ਕਾਰਨ ਹਨ। ਆਓ ਜਾਣਦੇ ਹਾਂ ਗਰਭ ਅਵਸਥਾ ਦੌਰਾਨ ਹਾਈ ਹੀਲ ਪਹਿਨਣ ਦੀ ਮਨਾਹੀ ਕਿਉਂ ਹੈ। ਗਰਭ ਅਵਸਥਾ ਦੌਰਾਨ ਸਰੀਰ ਦਾ ਭਾਰ ਬਹੁਤ ਤੇਜ਼ੀ ਨਾਲ ਵਧਦਾ ਹੈ, ਅਜਿਹੇ ਵਿੱਚ ਪੋਸਚਰ 'ਤੇ ਵਧੇਰੇ ਪ੍ਰਭਾਵ ਪੈਂਦਾ ਹੈ ਤੇ ਕਮਰ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਉੱਚੀ ਅੱਡੀ ਪਹਿਨਣ ਨਾਲ ਪਿੱਠ ਦੇ ਹੇਠਲੇ ਹਿੱਸੇ ਤੇ ਪੈਰਾਂ ਦੇ ਲਿਗਾਮੈਂਟਸ ਵਿੱਚ ਵੀ ਸਮੱਸਿਆ ਹੋ ਸਕਦੀ ਹੈ। ਲੰਬੇ ਸਮੇਂ ਤੱਕ ਉੱਚੀ ਅੱਡੀ ਪਹਿਨਣ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ ਤੇ ਮਾਸਪੇਸ਼ੀਆਂ ਵਿੱਚ ਕੜਵੱਲ ਸ਼ੁਰੂ ਹੋ ਜਾਂਦੇ ਹਨ। ਗਰਭ ਅਵਸਥਾ ਦੌਰਾਨ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਗਰਭ ਅਵਸਥਾ 'ਚ ਜ਼ਿਆਦਾ ਭਾਰ ਵਧਣ ਕਾਰਨ ਕਈ ਹਾਰਮੋਨਲ ਬਦਲਾਅ ਵੀ ਹੁੰਦੇ ਹਨ। ਇਸ ਕਾਰਨ ਗਿੱਟੇ ਕਮਜ਼ੋਰ ਹੋ ਜਾਂਦੇ ਹਨ ਤੇ ਸੰਤੁਲਨ ਬਣਾਉਣ ਵਿੱਚ ਮੁਸ਼ਕਲ ਆਉਂਦੀ ਹੈ। ਉੱਚੀ ਅੱਡੀ ਪਹਿਨਣ ਨਾਲ ਇਹ ਸਮੱਸਿਆ ਵਧ ਸਕਦੀ ਹੈ ਤੇ ਖੜ੍ਹੇ-ਖੜ੍ਹੇ ਡਿੱਗਣ ਦਾ ਖਤਰਾ ਵੀ ਵਧ ਸਕਦਾ ਹੈ, ਜੋ ਮਾਂ ਤੇ ਬੱਚੇ ਦੋਵਾਂ ਲਈ ਖਤਰਨਾਕ ਹੋ ਸਕਦਾ ਹੈ। ਹਾਈ ਹੀਲ ਪਹਿਨਣਾ ਤੇ ਲੰਬੇ ਸਮੇਂ ਤੱਕ ਪਹਿਣ ਕੇ ਰੱਖਣਾ ਗਰਭ ਅਵਸਥਾ ਵਿੱਚ ਖਤਰਨਾਕ ਹੋ ਸਕਦਾ ਹੈ। ਇਸ ਕਾਰਨ ਗਰਭਵਤੀ ਔਰਤਾਂ ਵਿੱਚ ਗਰਭਪਾਤ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਸੋ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਉੱਚੀ ਅੱਡੀ ਪਹਿਨਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।