Solar Rooftop Subsidy Yojana: ਦੇਸ਼ ਭਰ 'ਚ ਕੇਂਦਰ ਸਰਕਾਰ ਊਰਜਾ ਦੇ ਸਰੋਤਾਂ ਲਈ ਸੂਰਜ ਦੀ ਰੌਸ਼ਨੀ ਤੋਂ ਪੈਦਾ ਹੋਣ ਵਾਲੀ ਬਿਜਲੀ ਮਤਲਬ ਸੂਰਜੀ ਊਰਜਾ (Solar Energy) 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਹੁਣ ਰਵਾਇਤੀ ਸਰੋਤਾਂ ਤੋਂ ਇਲਾਵਾ ਊਰਜਾ ਦੇ ਬਦਲਵੇਂ ਸਰੋਤਾਂ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਾਲ 2030 ਤੱਕ ਸਰਕਾਰ ਨੇ ਸੂਰਜੀ ਊਰਜਾ ਤੋਂ 40 ਫ਼ੀਸਦੀ ਬਿਜਲੀ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਸਰਕਾਰ ਨੇ ਇਸ ਸਾਲ ਦੇ ਅੰਤ ਤੱਕ ਸੂਰਜੀ ਊਰਜਾ ਤੋਂ 100 ਗੀਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ, ਜਿਸ ਵਿੱਚੋਂ 40 ਮੈਗਾਵਾਟ ਛੱਤ ਵਾਲੇ ਸੋਲਰ ਪੈਨਲਾਂ ਤੋਂ ਪੈਦਾ ਕੀਤੀ ਜਾਵੇਗੀ। ਹੁਣ ਸਰਕਾਰ ਵੱਲੋਂ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਸੇਲ ਕਰੋ ਬਿਜਲੀ
ਤੁਸੀਂ ਘੱਟ ਕੀਮਤ 'ਤੇ ਸੋਲਰ ਪੈਨਲ ਲਗਾ ਕੇ ਸਬਸਿਡੀ ਦਾ ਲਾਭ ਲੈ ਸਕਦੇ ਹੋ। ਕੇਂਦਰ ਅਤੇ ਸੂਬਾ ਸਰਕਾਰਾਂ ਤੁਹਾਨੂੰ ਇਸ ਦੇ ਲਈ ਚੰਗੀ ਸਬਸਿਡੀ ਦਾ ਆਪਸ਼ਨ ਦੇ ਰਹੀਆਂ ਹਨ। ਸੋਲਰ ਪੈਨਲ ਲਗਾਉਣ ਨਾਲ ਬਿਜਲੀ ਦੇ ਬਿੱਲਾਂ ਦੀ ਟੈਨਸ਼ਨ ਖ਼ਤਮ ਹੋ ਜਾਂਦੀ ਹੈ। ਦੂਜੇ ਪਾਸੇ ਇਹ ਸਕੀਮ ਤੁਹਾਨੂੰ ਪੈਸਾ ਕਮਾਉਣ ਦਾ ਮੌਕਾ ਵੀ ਦੇ ਰਹੀ ਹੈ। ਜੇਕਰ ਘਰ ਦੀ ਛੱਤ 'ਤੇ ਲੱਗੇ ਸੋਲਰ ਪੈਨਲ ਲੋੜ ਤੋਂ ਵੱਧ ਬਿਜਲੀ ਪੈਦਾ ਕਰਦੇ ਹਨ ਤਾਂ ਬਿਜਲੀ ਕੰਪਨੀਆਂ ਤੁਹਾਡੇ ਤੋਂ ਬਿਜਲੀ ਖਰੀਦ ਸਕਦੀਆਂ ਹਨ।
ਢਾਈ ਸਾਲਾਂ 'ਚ ਵਸੂਲ ਹੋ ਜਾਵੇਗੀ ਲਾਗਤ
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇੱਕ ਘਰ ਲਈ 2-4 K ਦਾ ਸੋਲਰ ਪੈਨਲ ਕਾਫੀ ਹੁੰਦਾ ਹੈ। ਇਸ ਨਾਲ 2-4 ਪੱਖੇ, 1 ਫਰਿੱਜ, 6-8 LED ਲਾਈਟਾਂ, 1 AC, 1 ਪਾਣੀ ਦੀ ਮੋਟਰ ਅਤੇ ਟੀ.ਵੀ. ਵਰਗੀਆਂ ਚੀਜ਼ਾਂ ਚੱਲ ਸਕਦੀਆਂ ਹਨ। ਮੰਨ ਲਓ ਤੁਹਾਡੇ ਘਰ ਦੀ ਛੱਤ 1000 ਵਰਗ ਫੁੱਟ ਹੈ। ਜੇਕਰ 500 ਵਰਗ ਫੁੱਟ 'ਚ ਸੋਲਰ ਪੈਨਲ ਲਗਾਏ ਜਾਣ ਤਾਂ ਇਸ ਪਲਾਂਟ ਦੀ ਸਮਰੱਥਾ 4.6 ਕਿਲੋਵਾਟ ਹੋ ਜਾਵੇਗੀ। ਇਸ 'ਚ ਕੁੱਲ ਖਰਚਾ 1.88 ਲੱਖ ਰੁਪਏ ਹੋਵੇਗਾ, ਜੋ ਸਬਸਿਡੀ ਤੋਂ ਬਾਅਦ ਘੱਟ ਕੇ 1.26 ਲੱਖ ਰੁਪਏ ਰਹਿ ਜਾਵੇਗਾ। ਸੋਲਰ ਪੈਨਲਾਂ ਨਾਲ ਇੱਕੋ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਨਾਲ ਤੁਸੀਂ ਹਰ ਮਹੀਨੇ ਬਿਜਲੀ ਦੇ ਬਿੱਲ 'ਚ ਲਗਭਗ 4,232 ਰੁਪਏ ਦੀ ਬਚਤ ਕਰ ਸਕਦੇ ਹੋ। ਇੱਕ ਸਾਲ 'ਚ 50,784 ਦੀ ਬਚਤ ਹੋਵੇਗੀ। ਮਤਲਬ ਢਾਈ ਸਾਲਾਂ 'ਚ ਤੁਹਾਡਾ ਸਾਰਾ ਖ਼ਰਚਾ ਖਤਮ ਹੋ ਜਾਵੇਗਾ।
ਸਬਸਿਡੀ ਲਈ ਕਰੋ ਅਪਲਾਈ
ਜੇਕਰ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਾਉਂਦੇ ਹੋ ਤਾਂ ਇਸ ਦੀ ਕੀਮਤ 1.20 ਲੱਖ ਰੁਪਏ ਹੋਵੇਗੀ। 3 ਕਿਲੋਵਾਟ ਤੱਕ ਸੂਰਜੀ ਛੱਤ ਵਾਲੇ ਪੈਨਲ ਲਗਾਉਣ ਲਈ ਸਰਕਾਰ ਤੋਂ 40% ਤੱਕ ਦੀ ਸਬਸਿਡੀ ਉਪਲੱਬਧ ਹੈ। ਅਜਿਹੀ ਸਥਿਤੀ 'ਚ ਤੁਹਾਡੀ ਲਾਗਤ 72 ਹਜ਼ਾਰ ਰੁਪਏ ਤੱਕ ਘੱਟ ਜਾਵੇਗੀ। ਸਰਕਾਰ ਤੁਹਾਨੂੰ 48,000 ਰੁਪਏ ਦੀ ਸਬਸਿਡੀ ਦੇਵੇਗੀ। ਸੋਲਰ ਰੂਫਟਾਪ ਲਗਾਉਣ ਲਈ ਤੁਹਾਨੂੰ ਇਸ ਦੀ ਅਧਿਕਾਰਤ ਵੈੱਬਸਾਈਟ https://solarrooftop.gov.in/ 'ਤੇ ਅਪਲਾਈ ਕਰਨਾ ਹੋਵੇਗਾ।