Farmers Protest : ਬਟਾਲਾ ਰੇਲਵੇ ਸਟੇਸ਼ਨ 'ਤੇ ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਬਟਾਲਾ -ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਧਰਨਾ ਜਾਰੀ ਰਿਹਾ ਹੈ। ਇਸ ਦੌਰਾਨ ਜਥੇਬੰਦੀ ਦੇ ਆਗੂ ਸਰਵਨ ਸਿੰਘ ਪੰਧੇਰ ਵੀ ਮਜ਼ੂਦ ਰਹੇ ਹਨ। ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ 'ਤੇ ਹੀ ਪੁਖਤਾ ਇੰਤਜਾਮ ਕੀਤੇ ਗਏ ਹਨ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਤਿੰਨ ਘੰਟਿਆਂ ਲਈ ਰੇਲਵੇ ਟਰੈਕ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ ,ਉਹ ਕੇਂਦਰ ਸਰਕਾਰ ਨੇ ਜੋ ਵਾਅਦਾ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ,ਉਸਦੇ ਖਿਲਾਫ਼ ਸੀ ਪਰ ਬਟਾਲਾ ਵਿਖੇ ਜੋ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ ,ਇਹ ਜ਼ਿਲੇ ਗੁਰਦਾਸਪੁਰ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੈ। ਜਿਸ ਵਿੱਚ ਜੋ ਤਿੰਨ ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ, ਉਨ੍ਹਾਂ ਵਾਸਤੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕ ਸਾਰ ਨਹੀਂ ਦਿੱਤਾ ਜਾ ਰਿਹਾ।
ਦੂਸਰਾ ਜ਼ਿਲ੍ਹੇ ਨਾਲ ਸੰਬੰਧਿਤ ਜੋ ਕਿਸਾਨ ਧਰਨਿਆਂ ਦੌਰਾਨ ਸ਼ਹਾਦਤਾਂ ਪਾ ਗਏ ਸਨ ,ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਨਾ ਹੀ ਗੰਨੇ ਦੀ ਪੇਮੈਂਟ ਜੋ ਕੇ 15 ਦਿਨ ਵਿੱਚ ਦਿਤੀ ਜਾਣੀ ਸੀ ,ਉਹ 40 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਅਤੇ ਗੰਨੇ ਦਾ ਜੋ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ ,ਉਸ ਵਿਚੋਂ 330 ਰੁਪਏ ਗੰਨਾ ਮਿੱਲ ਨੇ ਦੇਣੇ ਹੁੰਦੇ ਹਨ ਅਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ, ਉਹ ਵੀ ਅਜੇ ਤਕ ਨਹੀਂ ਮਿਲੇ।
ਕਿਸਾਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਗੰਨੇ ਦੀ ਪੇਮੈਂਟ 380 ਰੁਪਏ ਇਕੋ ਵਾਰ ਇਕੱਠੇ ਮਿਲਣੇ ਚਾਹੀਦੇ ਹਨ। ਐਸੀਆਂ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਬਟਾਲਾ ਸਟੇਸ਼ਨ 'ਤੇ ਬਟਾਲਾ ਪਠਾਨਕੋਟ ਰੇਲਵੇ ਟਰੈਕ ਜਾਮ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ ,ਉਨ੍ਹਾਂ ਵਿਸ਼ਵਾਸ ਦਿਲਾਇਆ ਕਿ ਓਹ ਸਰਕਾਰ ਨਾਲ ਚੰਡੀਗੜ ਵਿਖੇ ਇਹਨਾਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਕੇ ਹੱਲ ਕੱਢਣਗੇ ਅਤੇ ਜਦੋਂ ਤੱਕ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ ,ਉਦੋਂ ਤਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ