ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ਰਾਬ 'ਤੇ ਐਕਸਾਈਜ਼ ਡਿਉਟੀ ਤੋਂ ਛੇ ਮਹੀਨਿਆਂ ਵਿੱਚ ਹੀ 4280 ਕਰੋੜ ਰੁਪਏ ਕਮਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਚਾਲੂ ਮਾਲੀ ਸਾਲ ਦੌਰਾਨ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ 37.62 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ 2021-22 ਦੌਰਾਨ ਪਹਿਲੀ ਅਪਰੈਲ ਤੋਂ 12 ਅਕਤੂਬਰ ਤੱਕ ਆਬਕਾਰੀ ਮਾਲੀਆ ਉਗਰਾਹੀ ਕ੍ਰਮਵਾਰ 3110 ਕਰੋੜ ਰੁਪਏ ਤੇ 4280 ਕਰੋੜ ਰੁਪਏ ਰਹੀ। ਇਸ ਅਰਸੇ ਦੌਰਾਨ ਆਬਕਾਰੀ ਮਾਲੀਏ ਵਿੱਚ 1170 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੂੰ ਸਹੀ ਕਰਾਰ ਦਿੰਦਿਆਂ ਚੀਮਾ ਨੇ ਐਲਾਨ ਕੀਤਾ ਕਿ ਇਸ ਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਾਂ ਐਲਜੀ ਕੋਲ ਤਾਕਤਾਂ ਹਨ ਤੇ ਸ਼ਰਾਬ ਮਾਫ਼ੀਆ ਐਲਜੀ ਜ਼ਰੀਏ ਦਬਾਅ ਬਣਾਉਂਦਾ ਹੈ, ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਇਸ ਆਬਕਾਰੀ ਨੀਤੀ ਦੇ ਮੁੱਖ ਦੋਹਰੇ ਉਦੇਸ਼ ਮਾਲੀਏ ਨੂੰ ਵਧਾਉਣਾ ਤੇ ਖਪਤਕਾਰਾਂ ਨੂੰ ਕਫ਼ਾਇਤੀ ਤੇ ਮਿਆਰੀ ਸ਼ਰਾਬ ਮੁਹੱਈਆ ਕਰਾਉਣਾ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਤੀਹ ਵਰ੍ਹਿਆਂ ਵਿੱਚ ਸ਼ਰਾਬ ਮਾਫ਼ੀਆ ਨੇ 22,500 ਕਰੋੜ ਦੀ ਲੁੱਟ ਕੀਤੀ ਹੈ। ਇਸ ਵਾਰ 9000 ਕਰੋੜ ਰੁਪਏ ਦਾ ਆਬਕਾਰੀ ਕਰ ਇਕੱਠਾ ਕਰਨ ਦਾ ਟੀਚਾ ਹੈ ਜਦਕਿ ਪਿਛਲੀ ਸਰਕਾਰ ਦਾ ਟੀਚਾ ਸਿਰਫ਼ 6200 ਕਰੋੜ ਰੁਪਏ ਦਾ ਸੀ। ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਰਾਹੀਂ ਸ਼ਰਾਬ ਦੀ ਤਸਕਰੀ ’ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਸ਼ਰਾਬ ਦੀਆਂ ਘੱਟ ਕੀਮਤਾਂ ਤੇ ਵਿਭਾਗ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿੱਚ ਭਾਰੀ ਕਮੀ ਆਈ ਹੈ। ਚੀਮਾ ਨੇ ਕਿਹਾ ਕਿ ਰਾਜ ਵਿੱਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਵਿੱਚ ਨਵੇਂ ਡਿਸਟਿਲਰੀ ਲਾਇਸੈਂਸ ਤੇ ਬਰੂਅਰੀ ਲਾਇਸੈਂਸ ਲਈ ਉਪਬੰਧ ਕੀਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ