8 year-old boy ordered AK-47 rifle online: ਹੁਣ ਤੱਕ ਤੁਸੀਂ ਖਾਣ-ਪੀਣ ਦੀਆਂ ਚੀਜ਼ਾਂ, ਯੰਤਰ ਜਾਂ ਹੋਰ ਘਰੇਲੂ ਚੀਜ਼ਾਂ ਦਾ ਆਨਲਾਈਨ ਆਰਡਰ ਕੀਤਾ ਹੋਵੇਗਾ ਪਰ ਇੱਕ 8 ਸਾਲ ਦੇ ਲੜਕੇ ਨੇ ਡਾਰਕ ਵੈੱਬ ਰਾਹੀਂ AK-47 ਦਾ ਆਨਲਾਈਨ ਆਰਡਰ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਾਈਫਲ ਦੀ ਡਿਲਵਰੀ ਵੀ ਉਸ ਦੇ ਘਰ ਪਹੁੰਚ ਗਈ। ਇਹ ਹੈਰਾਨੀਜਨਕ ਕਹਾਣੀ ਲੜਕੇ ਦੀ ਮਾਂ ਨੇ ਖੁਦ ਬਿਆਨ ਕੀਤੀ ਹੈ। 


ਦਰਅਸਲ ਇਹ ਮਾਮਲਾ ਨੀਦਰਲੈਂਡ ਦਾ ਹੈ। ਔਰਤ ਨੇ ਦਾਅਵਾ ਕੀਤਾ ਕਿ ਉਸ ਦੇ 8 ਸਾਲ ਦੇ ਬੇਟੇ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਆਨਲਾਈਨ ਏਕੇ-47 ਖਰੀਦੀ ਸੀ। ਜਦੋਂ ਇਹ ਰਾਈਫਲ ਘਰ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ। ਜਦੋਂ ਉਸ ਨੇ ਤੁਰੰਤ ਜਾਣਕਾਰੀ ਇਕੱਠੀ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਦੇ ਪਿੱਛੇ ਇੰਟਰਨੈੱਟ ਦੀ ਡਾਰਕ ਦੁਨੀਆ, ਡਾਰਕ ਵੈੱਬ ਹੈ, ਜਿੱਥੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸ਼ਰੇਆਮ ਚਲਾਈਆਂ ਜਾਂਦੀਆਂ ਹਨ।


ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿੱਥੇ ਗੂਗਲ, ​​ਬਿੰਗ ਵਰਗੇ ਸਰਚ ਇੰਜਣਾਂ ਰਾਹੀਂ ਸਮੱਗਰੀ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਇਸ ਲਈ ਇੱਕ ਵਿਸ਼ੇਸ਼ ਬ੍ਰਾਊਜ਼ਰ ਤੇ ਅਨੁਮਤੀਆਂ ਦੀ ਲੋੜ ਹੁੰਦੀ ਹੈ। ਡਾਰਕ ਵੈੱਬ 'ਤੇ ਮੌਜੂਦ ਸਮੱਗਰੀ ਕਿਸੇ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੀ। ਇਸ ਦੇ ਜ਼ਰੀਏ ਨਸ਼ੇ ਤੇ ਹਥਿਆਰਾਂ ਸਮੇਤ ਕਈ ਗੈਰ-ਕਾਨੂੰਨੀ ਕੰਮ ਕੀਤੇ ਜਾਂਦੇ ਹਨ। 


ਇਹ Onion Routing ਤਕਨਾਲੋਜੀ 'ਤੇ ਕੰਮ ਕਰਦਾ ਹੈ, ਜੋ ਉਪਭੋਗਤਾਵਾਂ ਨੂੰ ਟ੍ਰੈਕਿੰਗ ਤੇ ਨਿਗਰਾਨੀ ਤੋਂ ਬਚਾਉਂਦਾ ਹੈ। ਇੱਥੇ ਅਜਿਹੇ ਘੁਟਾਲੇਬਾਜ਼ ਵੀ ਹਨ, ਜੋ ਪਾਬੰਦੀਸ਼ੁਦਾ ਚੀਜ਼ਾਂ ਨੂੰ ਵੀ ਸਸਤੇ ਭਾਅ 'ਤੇ ਵੇਚਦੇ ਹਨ। ਇੱਥੇ ਲੋਕਾਂ ਨੂੰ ਸਸਤੀਆਂ ਵਸਤੂਆਂ ਖਰੀਦਣ ਦੀ ਕੋਸ਼ਿਸ਼ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਵੀ ਹੁੰਦਾ ਹੈ। ਔਰਤ ਦਾ ਬੇਟਾ ਅਜਿਹੇ ਘਪਲੇਬਾਜ਼ ਦੇ ਜਾਲ 'ਚ ਫਸ ਗਿਆ ਤੇ ਆਨਲਾਈਨ ਰਾਈਫਲ ਆਰਡਰ ਕਰ ਦਿੱਤੀ।



ਯੂਰੋਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਏਕੇ-47 ਖਰੀਦਣ ਵਾਲੇ ਲੜਕੇ ਦੀ ਮਾਂ ਬਾਰਬਰਾ ਜ਼ੇਮਨ ਨੇ ਕਿਹਾ ਕਿ ਕਿਵੇਂ ਉਹ ਛੋਟੀ ਉਮਰ ਵਿੱਚ ਸਾਈਬਰ ਅਪਰਾਧ ਦੇ ਚੁੰਗਲ ਵਿੱਚ ਫਸ ਗਿਆ। ਬਾਰਬਰਾ ਨੇ ਖੁਲਾਸਾ ਕੀਤਾ ਕਿ ਉਸ ਦੇ ਬੇਟੇ ਨੇ ਕੰਪਿਊਟਰ 'ਤੇ ਬਹੁਤ ਸਮਾਂ ਬਿਤਾਇਆ ਤੇ 8 ਸਾਲ ਦੀ ਉਮਰ ਤੋਂ ਹੈਕ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇੱਥੋਂ ਤੱਕ ਕਿਹਾ ਕਿ ਹੈਕਰਾਂ ਨੇ ਉਸ ਦੇ ਪੁੱਤਰ ਨੂੰ ਮਨੀ ਲਾਂਡਰਿੰਗ ਲਈ ਵੀ ਵਰਤਿਆ ਸੀ। 


ਬਾਰਬਰਾ ਮੁਤਾਬਕ ਜਦੋਂ ਵੀ ਅਸੀਂ ਆਪਣੇ ਬੇਟੇ ਦੇ ਕਮਰੇ 'ਚ ਜਾਂਦੇ ਸੀ ਤਾਂ ਉਹ ਆਨਲਾਈਨ ਗੇਮ ਖੇਡਦੇ ਹੋਏ ਕੋਡ ਵਰਡਸ 'ਚ ਗੱਲਾਂ ਕਰਦੇ ਰਹਿੰਦੇ ਸਨ। ਜਦੋਂ ਇਹ ਗੱਲ ਸਾਹਮਣੇ ਆਈ ਕਿ ਬੇਟੇ ਨੇ ਏਕੇ-47 ਆਰਡਰ ਕੀਤੀ ਸੀ ਤਾਂ ਹਾਲਤ ਖਰਾਬ ਹੋ ਗਈ। ਬੇਟੇ ਨੇ ਕਸਟਮ ਡਿਊਟੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਬੰਦੂਕ ਨੂੰ ਪੋਲੈਂਡ ਤੋਂ ਬੁਲਗਾਰੀਆ ਭੇਜ ਦਿੱਤਾ, ਫਿਰ ਇਹ ਨੀਦਰਲੈਂਡ ਪਹੁੰਚ ਗਈ।



ਬਾਰਬਰਾ ਨੇ ਅੱਗੇ ਕਿਹਾ ਕਿ ਮੈਂ ਰਾਈਫਲ ਸਥਾਨਕ ਪੁਲਿਸ ਵਿਭਾਗ ਨੂੰ ਸੌਂਪ ਦਿੱਤੀ। ਪੁੱਛ-ਪੜਤਾਲ ਤੋਂ ਬਾਅਦ ਪੁਲਿਸ ਨੇ ਮੇਰੇ ਲੜਕੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਅੰਤਰਰਾਸ਼ਟਰੀ ਹੈਕਰਾਂ ਦੇ ਜਾਲ ਵਿੱਚ ਫਸ ਗਿਆ ਸੀ। ਇਸ ਘਟਨਾ ਤੋਂ ਬਾਅਦ ਬਾਰਬਰਾ ਨੇ ਖੁਦ ਸਾਈਬਰ ਸੁਰੱਖਿਆ ਦੀ ਸਿਖਲਾਈ ਲੈਣ ਦਾ ਫੈਸਲਾ ਕੀਤਾ। ਹੁਣ ਉਹ ਡੱਚ ਪੁਲਿਸ ਵਿੱਚ ਸਾਈਬਰ ਸਪੈਸ਼ਲ ਵਲੰਟੀਅਰ ਹੈ। 


ਬਾਰਬਰਾ ਦਾ ਕਹਿਣਾ ਹੈ ਕਿ ਅੱਜਕੱਲ੍ਹ ਕਿਸੇ ਵੀ ਵਿਅਕਤੀ ਲਈ ਸਾਈਬਰ ਅਪਰਾਧ ਦਾ ਸ਼ਿਕਾਰ ਹੋਣਾ ਬਹੁਤ ਆਸਾਨ ਹੈ ਕਿਉਂਕਿ, ਜ਼ਿਆਦਾਤਰ ਬੱਚਿਆਂ ਕੋਲ ਲੈਪਟਾਪ ਤੇ ਮੋਬਾਈਲ ਹੁੰਦੇ ਹਨ। ਇੱਕ ਅਣਜਾਣ ਕਲਿੱਕ ਨਾਲ, ਉਹ ਹੈਕਰਾਂ ਦੇ ਚੁੰਗਲ ਵਿੱਚ ਫਸ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜਾਗਰੂਕਤਾ ਬਹੁਤ ਜ਼ਰੂਰੀ ਹੈ।