Bheem Kunda: ਅੱਜ ਵੀ ਦੁਨੀਆ 'ਚ ਕਈ ਅਜਿਹੇ ਰਾਜ਼ ਹਨ, ਜਿਨ੍ਹਾਂ ਦਾ ਪਤਾ ਅੱਜ ਤੱਕ ਨਹੀਂ ਪਤਾ ਚੱਲ ਸਕਿਆ ਹੈ। ਵਿਗਿਆਨੀ ਵੀ ਉਨ੍ਹਾਂ ਰਾਜ਼ਾਂ ਦਾ ਪਤਾ ਲਗਾਉਣ 'ਚ ਅਸਫਲ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਰਹੱਸਮਈ ਟੋਭੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਵਿਗਿਆਨੀ ਵੀ ਇਸ ਟੋਭੇ ਦੀ ਡੂੰਘਾਈ ਦਾ ਪਤਾ ਨਹੀਂ ਲਗਾ ਸਕੇ ਹਨ। ਇਹ ਟੋਭਾ ਹੋਰ ਕਿਤੇ ਨਹੀਂ, ਸਾਡੇ ਆਪਣੇ ਦੇਸ਼ 'ਚ ਹੈ। ਅਸੀਂ ਜਿਸ ਰਹੱਸਮਈ ਟੋਭੇ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂ ਭੀਮ ਕੁੰਡ ਹੈ। ਕਿਹਾ ਜਾਂਦਾ ਹੈ ਕਿ ਇਸ ਕੁੰਡ ਦੀ ਕਹਾਣੀ ਮਹਾਭਾਰਤ ਕਾਲ ਨਾਲ ਸਬੰਧਤ ਹੈ।
ਮਹਾਂਭਾਰਤ ਨਾਲ ਸਬੰਧਤ ਹੈ ਇਸ ਦਾ ਇਤਿਹਾਸ
ਇਹ ਕੁੰਡ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਕਰੀਬ 70 ਕਿਲੋਮੀਟਰ ਦੂਰ ਬਾਜਨਾ ਪਿੰਡ 'ਚ ਸਥਿੱਤ ਹੈ। ਮਹਾਭਾਰਤ ਕਾਲ ਨਾਲ ਸਬੰਧਤ ਇਸ ਕੁੰਡ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਪਾਂਡਵ ਅਗਿਆਤਵਾਸ 'ਚ ਸਨ ਅਤੇ ਇਧਰ-ਉਧਰ ਭਟਕ ਰਹੇ ਸਨ ਤਾਂ ਉਹ ਪਿਆਸੇ ਸਨ, ਪਰ ਆਸ-ਪਾਸ ਕਿਤੇ ਵੀ ਉਨ੍ਹਾਂ ਨੂੰ ਪਾਣੀ ਦਾ ਕੋਈ ਸਰੋਤ ਨਹੀਂ ਮਿਲਿਆ। ਜਦੋਂ ਦ੍ਰੋਪਦੀ ਪਿਆਸ ਨਾਲ ਪ੍ਰੇਸ਼ਾਨ ਸੀ ਤਾਂ ਨਕੁਲ ਨੇ ਆਪਣੀਆਂ ਸ਼ਕਤੀਆਂ ਨਾਲ ਜ਼ਮੀਨ ਦੇ ਹੇਠਾਂ ਪਾਣੀ ਲੱਭ ਲਿਆ ਅਤੇ ਭੀਮ ਨੇ ਆਪਣੀ ਗਦਾ ਜ਼ਮੀਨ 'ਤੇ ਮਾਰ ਕੇ ਇਹ ਸਰੋਵਰ ਬਣਾਇਆ। ਕਿਹਾ ਜਾਂਦਾ ਹੈ ਕਿ 40 ਤੋਂ 80 ਮੀਟਰ ਚੌੜਾ ਇਹ ਕੁੰਡ ਬਿਲਕੁਲ ਗਦਾ ਵਰਗਾ ਲੱਗਦਾ ਹੈ।
ਕੁਦਰਤੀ ਆਫ਼ਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦੇ ਹਨ ਸੰਕੇਤ
ਦੇਖਣ 'ਚ ਇਹ ਕੁੰਡ ਬਹੁਤ ਸਾਦਾ ਲੱਗਦਾ ਹੈ ਪਰ ਇਸ ਦੀ ਖ਼ਾਸੀਅਤ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ। ਦਰਅਸਲ, ਕਿਹਾ ਜਾਂਦਾ ਹੈ ਕਿ ਜਦੋਂ ਵੀ ਏਸ਼ੀਆ ਮਹਾਂਦੀਪ 'ਚ ਕੋਈ ਕੁਦਰਤੀ ਆਫ਼ਤ ਜਿਵੇਂ ਹੜ੍ਹ, ਤੂਫ਼ਾਨ ਜਾਂ ਸੁਨਾਮੀ ਆਉਂਦੀ ਹੈ ਤਾਂ ਕੁੰਡ ਦਾ ਪਾਣੀ ਆਪਣੇ-ਆਪ ਵਧਣਾ ਸ਼ੁਰੂ ਹੋ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਵਿਦੇਸ਼ੀ ਵਿਗਿਆਨੀਆਂ ਅਤੇ ਡਿਸਕਵਰੀ ਚੈਨਲ ਨੇ ਵੀ ਇਸ ਰਹੱਸਮਈ ਤਲਾਅ ਦੀ ਡੂੰਘਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਇਸ ਦੀ ਅਸਲ ਡੂੰਘਾਈ ਦਾ ਕੋਈ ਪਤਾ ਨਹੀਂ ਲਗਾ ਸਕਿਆ।
ਗੰਗਾ ਵਾਂਗ ਸ਼ੁੱਧ ਇਸ ਦਾ ਪਾਣੀ
ਕਿਹਾ ਜਾਂਦਾ ਹੈ ਕਿ ਇਕ ਵਾਰ ਵਿਦੇਸ਼ੀ ਵਿਗਿਆਨੀਆਂ ਨੇ ਕੁੰਡ ਦੀ ਡੂੰਘਾਈ ਜਾਣਨ ਲਈ ਪਾਣੀ ਦੇ ਹੇਠਾਂ 200 ਮੀਟਰ ਤੱਕ ਕੈਮਰਾ ਭੇਜਿਆ ਸੀ ਪਰ ਫਿਰ ਵੀ ਇਸ ਦੀ ਡੂੰਘਾਈ ਦਾ ਪਤਾ ਨਹੀਂ ਲੱਗ ਸਕਿਆ। ਕਿਹਾ ਜਾਂਦਾ ਹੈ ਕਿ ਇਸ ਕੁੰਡ 'ਚ ਪਾਣੀ ਦੀਆਂ ਕੁਝ ਡੂੰਘਾਈ ਤੱਕ ਤੇਜ਼ ਧਾਰਾਵਾਂ ਵਗਦੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਕੁੰਡ ਦਾ ਪਾਣੀ ਗੰਗਾ ਵਾਂਗ ਬਿਲਕੁਲ ਸ਼ੁੱਧ ਹੈ ਅਤੇ ਇਹ ਕਦੇ ਵੀ ਖਰਾਬ ਨਹੀਂ ਹੁੰਦਾ, ਜਦਕਿ ਆਮ ਤੌਰ 'ਤੇ ਰੁਕਿਆ ਪਾਣੀ ਹੌਲੀ-ਹੌਲੀ ਖਰਾਬ ਹੋ ਜਾਂਦਾ ਹੈ।