Headless Chicken : ਜੇਕਰ ਅਸੀਂ ਤੁਹਾਨੂੰ ਪੁੱਛੀਏ ਕਿ ਕੀ ਸਿਰ ਕੱਟੇ ਜਾਣ ਤੋਂ ਬਾਅਦ ਕੋਈ ਵਿਅਕਤੀ ਜਾਂ ਜਾਨਵਰ ਬਚ ਸਕਦਾ ਹੈ? ਤੁਹਾਡਾ ਜਵਾਬ ਹੋਵੇਗਾ 'ਬਿਲਕੁਲ ਨਹੀਂ'। ਪਰ ਯਕੀਨ ਕਰੋ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਮੁਰਗੇ ਨੇ ਅਜਿਹਾ ਕਰਕੇ ਵਿਖਾਇਆ ਅਤੇ 18 ਮਹੀਨੇ ਤੱਕ ਜੀਉਂਦਾ ਰਿਹਾ! ਅੱਜ ਤੋਂ ਲਗਭਗ 72 ਸਾਲ ਪਹਿਲਾਂ ਅਮਰੀਕਾ 'ਚ ਅਜਿਹੀ ਹੀ ਇੱਕ ਅਜੀਬ ਘਟਨਾ ਵਾਪਰੀ ਸੀ। ਉਸ ਸਮੇਂ ਬਗੈਰ ਸਿਰ ਵਾਲੇ ਮੁਰਗੇ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਆਓ ਜਾਣਦੇ ਹਾਂ ਇਸ ਸ਼ਾਨਦਾਰ ਕਾਰਨਾਮੇ ਦੀ ਕਹਾਣੀ...


ਕਿਵੇਂ ਕੱਟਿਆ ਮੁਰਗੇ ਦੇ ਸਿਰ?


ਦਰਅਸਲ, 10 ਸਤੰਬਰ 1945 ਨੂੰ ਕੋਲੋਰਾਡੋ ਦੇ ਫਰੂਟਾ ਵਿੱਚ ਰਹਿਣ ਵਾਲੇ ਇੱਕ ਕਿਸਾਨ ਲੋਇਡ ਓਲਸਨ ਅਤੇ ਉਸ ਦੀ ਪਤਨੀ ਕਲਾਰਾ ਆਪਣੇ ਫਾਰਮ 'ਚ ਮੁਰਗੇ-ਮੁਰਗੀਆਂ ਕੱਟ ਰਹੇ ਸਨ। ਇਸ ਦੌਰਾਨ ਲੋਇਡ ਨੇ ਮਾਈਕ ਨਾਂਅ ਦੇ ਸਾਢੇ 5 ਮਹੀਨੇ ਦੇ ਮੁਰਗੇ ਦਾ ਵੀ ਸਿਰ ਵੱਢ ਦਿੱਤਾ ਪਰ ਉਹ ਉਦੋਂ ਹੈਰਾਨ ਰਹਿ ਗਿਆ ਜਦੋਂ ਮਾਈਕ ਮਰਿਆ ਹੀ ਨਹੀਂ ਸੀ, ਸਗੋਂ ਬਗੈਰ ਸਿਰ ਦੇ ਚੱਲ ਰਿਹਾ ਸੀ। ਉਨ੍ਹਾਂ ਨੇ ਬਗੈਰ ਸਿਰ ਦੇ ਮੁਰਗੇ ਨੂੰ ਇੱਕ ਡੱਬੇ 'ਚ ਬੰਦ ਕਰ ਦਿੱਤਾ, ਪਰ ਜਦੋਂ ਉਹ ਅਗਲੀ ਸਵੇਰ ਜਾਗਿਆ ਤਾਂ ਉਹ ਅਜੇ ਵੀ ਜ਼ਿੰਦਾ ਸੀ।


ਵਿਗਿਆਨੀਆਂ ਨੇ ਕੀਤੇ ਕਈ ਪ੍ਰਯੋਗ


ਸਿਰ ਵੱਢੇ ਮੁਰਗੇ ਦੇ ਜ਼ਿੰਦਾ ਹੋਣ ਦੀ ਖ਼ਬਰ ਹੌਲੀ-ਹੌਲੀ ਪੂਰੇ ਫਰੂਟਾ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ 'ਚ ਫੈਲ ਗਈ। ਕਿਹਾ ਜਾਂਦਾ ਹੈ ਕਿ ਸਾਲਟ ਲੇਕ ਸਿਟੀ ਸਥਿਤ ਯੂਟਾਹ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਜਾਣਨ ਲਈ ਕਿ ਮੁਰਗਾ ਬਗੈਰ ਸਿਰ ਕਿਵੇਂ ਜ਼ਿੰਦਾ ਰਹਿ ਸਕਦਾ ਹੈ? ਕਈ ਮੁਰਗਿਆਂ ਦੇ ਸਿਰ ਵੱਢੇ, ਪਰ ਮਾਈਕ ਵਰਗੀ ਖੂਬੀ ਕਿਸੇ ਵੀ ਹੋਰ ਮੁਰਦੇ 'ਚ ਨਹੀਂ ਮਿਲੀ। ਇਸ ਸਿਰ ਵੱਢੇ ਮੁਰਗੇ ਦਾ 'ਮਿਰਾਕਲ ਮਾਈਕ' ਨਾਂਅ ਰੱਖਿਆ ਗਿਆ ਸੀ।


ਮਾਈਕ ਦਾ ਖਾਣਾ-ਪੀਣਾ ਕਿਹੋ ਜਿਹਾ ਸੀ?


ਮੀਡੀਆ ਰਿਪੋਰਟਾਂ ਮੁਤਾਬਕ ਮਾਈਕ ਨੂੰ ਜੂਸ ਦੀ ਬੂੰਦ-ਬੂੰਦ ਪਿਲਾਈ ਗਈ ਅਤੇ ਉਸ ਦੀ ਫੂਡ ਪਾਈਪ ਨੂੰ ਸਰਿੰਜਾਂ ਨਾਲ ਸਾਫ਼ ਕੀਤਾ ਗਿਆ ਤਾਂ ਕਿ ਉਸ ਦਾ ਦਮ ਘੁੱਟ ਨਾ ਸਕੇ।


ਕਿਵੇਂ ਹੋਈ ਮੌਤ?


ਮਾਰਚ 1947 'ਚ ਮਾਈਕ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਲੋਇਡ ਓਲਸਨ ਨੇ ਉਸ ਨੂੰ ਜੂਸ ਪਿਲਾਉਣ ਤੋਂ ਬਾਅਦ ਫੂਡ ਪਾਈਪ ਨੂੰ ਸਰਿੰਜ ਨਾਲ ਸਾਫ਼ ਨਹੀਂ ਕੀਤਾ, ਕਿਉਂਕਿ ਉਹ ਸਰਿੰਜ ਨੂੰ ਕਿਤੇ ਰੱਖ ਕੇ ਭੁੱਲ ਗਏ ਸਨ, ਜਿਸ ਕਾਰਨ ਮਾਈਕ ਦਾ ਦਮ ਘੁੱਟ ਕੇ ਮੌਤ ਹੋ ਗਈ।


ਮੁਰਗੇ ਨੇ ਕਰਵਾਈ ਲੱਖਾਂ ਦੀ ਕਮਾਈ


ਕਿਹਾ ਜਾਂਦਾ ਹੈ ਕਿ 'ਮਿਰਾਕਲ ਮਾਈਕ' ਦੀ ਪ੍ਰਸਿੱਧੀ ਇੰਨੀ ਜ਼ਿਆਦਾ ਸੀ ਕਿ ਲੋਇਡ ਓਲਸਨ ਨੇ ਇਸ ਨੂੰ ਦੇਖਣ ਲਈ ਟਿਕਟ ਲਗਾ ਦਿੱਤੀ ਸੀ। ਉਸ ਸਮੇਂ ਉਹ ਮਾਈਕ ਦੇਖਣ ਆਉਣ ਵਾਲੇ ਦਰਸ਼ਕਾਂ ਤੋਂ ਹਰ ਮਹੀਨੇ 4500 ਡਾਲਰ ਕਮਾ ਲੈਂਦੇ ਸਨ। ਅੱਜ ਦੇ ਹਿਸਾਬ ਨਾਲ ਇਹ 4500 ਡਾਲਰ ਕਰੀਬ 3 ਲੱਖ 20 ਹਜ਼ਾਰ ਰੁਪਏ ਦੇ ਬਰਾਬਰ ਹਨ।


ਮਾਈਕ ਕਿਵੇਂ ਜ਼ਿੰਦਾ ਰਿਹਾ?


ਬੀਬੀਸੀ ਦੀ ਰਿਪੋਰਟ ਮੁਤਾਬਕ ਨਿਊਕੈਸਲ ਯੂਨੀਵਰਸਿਟੀ ਦੇ ਸੈਂਟਰ ਫਾਰ ਬਿਹੇਵੀਅਰ ਐਂਡ ਈਵੋਲੂਸ਼ਨ ਨਾਲ ਜੁੜੇ ਚਿਕਨ ਐਕਸਪਰਟ ਡਾਕਟਰ ਟੌਮ ਸਮਲਡਰਸ ਨੇ ਦੱਸਿਆ ਕਿ ਮੁਰਗੇ ਦਾ ਪੂਰਾ ਸਿਰ ਉਸ ਦੀਆਂ ਅੱਖਾਂ ਦੇ ਪਿੰਜਰ ਦੇ ਪਿੱਛੇ ਇੱਕ ਛੋਟੇ ਜਿਹੇ ਹਿੱਸੇ 'ਚ ਸਥਿਤ ਹੁੰਦਾ ਹੈ। ਮਾਈਕ ਦੀ ਚੁੰਝ, ਚਿਹਰਾ ਅਤੇ ਅੱਖਾਂ ਕਥਿਤ ਤੌਰ 'ਤੇ ਹਟਾ ਦਿੱਤੀਆਂ ਗਈਆਂ ਸਨ, ਪਰ ਸਮਲਡਰਸ ਨੇ ਅੰਦਾਜ਼ਾ ਲਗਾਇਆ ਕਿ ਮਾਈਕ ਦੇ ਦਿਮਾਗ ਦਾ 80 ਫ਼ੀਸਦੀ ਹਿੱਸਾ ਸੁਰੱਖਿਅਤ ਬੱਚ ਗਿਆ ਸੀ, ਜਿਸ ਨਾਲ ਮਾਈਕ ਦੇ ਸਰੀਰ, ਦਿਲ ਦੀ ਧੜਕਣ, ਸਾਹ ਲੈਣ, ਭੁੱਖ ਅਤੇ ਪਾਚਨ ਪ੍ਰਣਾਲੀ ਕੰਮ ਕਰ ਸਕਦੀ ਸੀ। ਅੱਜ-ਕੱਲ੍ਹ ਫਰੂਟਾ 'ਚ ਹਰ ਸਾਲ ਹੈੱਡਲੈੱਸ ਚਿਕਨ ਨਾਂਅ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਸਾਲ 1999 ਤੋਂ ਕੀਤੀ ਗਈ ਸੀ।