Fingerprint Surgeries: ਹੈਦਰਾਬਾਦ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ, ਜਿਸ ਦੇ ਕਾਰਨਾਮੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪੁਲਿਸ ਨੇ ਜਿਸ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਉਹ ਲੋਕਾਂ ਦੇ ਉਂਗਲਾਂ ਦੇ ਨਿਸ਼ਾਨ ਬਦਲ ਕੇ ਕੁਵੈਤ ਦਾ ਵੀਜ਼ਾ ਲਗਵਾਉਣ ਦਾ ਕੰਮ ਕਰਦਾ ਸੀ। ਇਸ ਖ਼ਤਰਨਾਕ ਗਿਰੋਹ 'ਚ ਰੇਡੀਓਲੋਜਿਸਟ ਤੋਂ ਲੈ ਕੇ ਐਨਸਥੀਸੀਆ ਟੈਕਨੀਸ਼ੀਅਨ ਤੱਕ ਸ਼ਾਮਲ ਸਨ। ਜਿਹੜੇ ਫਿੰਗਰਪ੍ਰਿੰਟ ਲੌਕ ਦੇ ਭਰੋਸੇ ਤੁਸੀਂ ਆਪਣੇ ਕਈ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸੁਰੱਖਿਅਤ ਸਮਝਦੇ ਸੀ, ਉਸ ਫਿੰਗਰਪ੍ਰਿੰਟ ਨੂੰ ਇਹ ਅਪਰਾਧੀ ਸਿਰਫ਼ 25 ਹਜ਼ਾਰ ਦੀ ਮਾਮੂਲੀ ਰਕਮ 'ਚ ਸਰਜਰੀ ਕਰਕੇ ਬਦਲ ਦਿੰਦੇ ਸਨ। ਇਸ ਗਰੋਹ ਨੇ ਪੁਲਿਸ ਨੂੰ ਹੀ ਨਹੀਂ ਸਗੋਂ ਆਮ ਲੋਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਵਿਅਕਤੀ ਦੇ ਫਿੰਗਰਪ੍ਰਿੰਟ ਵੱਖ-ਵੱਖ ਹੁੰਦੇ ਹਨ।
ਸਮਾਰਟ ਲੌਕ 'ਚ ਫਿੰਗਰਪ੍ਰਿੰਟ ਦੀ ਵਰਤੋਂ
ਅੱਜ ਸ਼ਾਇਦ ਹੀ ਕੋਈ ਅਜਿਹਾ ਸਮਾਰਟਫ਼ੋਨ ਹੋਵੇਗਾ, ਜਿਸ ਦੇ ਸਮਾਰਟ ਲੌਕ 'ਚ ਫਿੰਗਰਪ੍ਰਿੰਟ ਲੌਕ ਦਾ ਆਪਸ਼ਨ ਨਾ ਹੋਵੇ ਅਤੇ ਜ਼ਿਆਦਾਤਰ ਲੋਕ ਇਸ ਆਪਸ਼ਨ ਦੀ ਵਰਤੋਂ ਵੀ ਕਰਦੇ ਹਨ। ਤੁਹਾਡੇ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ਾਂ ਲਈ ਫਿੰਗਰਪ੍ਰਿੰਟ ਇੰਪ੍ਰੈਸ਼ਨ ਬਹੁਤ ਮਹੱਤਵਪੂਰਨ ਹੈ।
ਐਪੀਡਰਮਿਸ ਅਤੇ ਡਰਮਿਸ ਤੋਂ ਤਿਆਰ ਕੀਤੀ ਜਾਂਦੀ ਹੈ ਹੱਥ ਦੀ ਚਮੜੀ
ਜੇਕਰ ਤੁਸੀਂ ਜੀਵ-ਵਿਗਿਆਨ ਪੜ੍ਹਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਹੱਥਾਂ ਦੀ ਚਮੜੀ ਐਪੀਡਰਮਿਸ ਅਤੇ ਡਰਮਿਸ ਨਾਮ ਦੀਆਂ ਦੋ ਪਰਤਾਂ ਤੋਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਦੋ ਪਰਤਾਂ ਤੋਂ ਉਂਗਲਾਂ ਦੇ ਨਿਸ਼ਾਨ ਬਣਦੇ ਹਨ ਅਤੇ ਹਰ ਵਿਅਕਤੀ ਦੇ ਹੱਥ ਦੀ ਪਰਤ ਵੱਖਰੀ ਹੁੰਦੀ ਹੈ, ਜਿਸ ਕਾਰਨ ਉਂਗਲਾਂ ਦੇ ਨਿਸ਼ਾਨ ਵੀ ਵੱਖਰੇ ਹੁੰਦੇ ਹਨ।
ਮਾਂ ਦੇ ਗਰਭ 'ਚ ਬਣ ਜਾਂਦੇ ਹਨ ਫਿੰਗਰਪ੍ਰਿੰਟ
ਫਿੰਗਰਪ੍ਰਿੰਟ ਬਾਰੇ ਇਹ ਬਹੁਤ ਦਿਲਚਸਪ ਗੱਲ ਹੈ ਕਿ ਕਿਸੇ ਵੀ ਵਿਅਕਤੀ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਉਂਗਲਾਂ ਦੇ ਨਿਸ਼ਾਨ ਮਾਂ ਦੇ ਗਰਭ 'ਚ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਹੈ, ਇਹ ਨਿਸ਼ਾਨ ਹੋਰ ਸਪੱਸ਼ਟ ਹੁੰਦੇ ਜਾਂਦੇ ਹਨ। ਦੱਸ ਦੇਈਏ ਕਿ ਕਿਸੇ ਵੀ ਵਿਅਕਤੀ ਦੇ ਫਿੰਗਰਪ੍ਰਿੰਟ ਬਣਾਉਣ 'ਚ ਜੀਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅਤੇ ਵਿਅਕਤੀ ਦੀ ਮੌਤ ਤੱਕ ਉਸ ਦੇ ਫਿੰਗਰਪ੍ਰਿੰਟ 'ਚ ਕੋਈ ਬਦਲਾਅ ਨਹੀਂ ਹੁੰਦਾ ਹੈ।
ਕੀ ਸੜਨ ਤੋਂ ਬਾਅਦ ਖ਼ਤਮ ਹੋ ਜਾਂਦੇ ਹਨ ਫਿੰਗਰਪ੍ਰਿੰਟ?
ਅੱਜ ਕੱਲ੍ਹ ਦਫ਼ਤਰ 'ਚ ਹਾਜ਼ਰੀ ਤੋਂ ਲੈ ਕੇ ਕਿਸੇ ਵੀ ਜ਼ਰੂਰੀ ਦਸਤਾਵੇਜ਼ ਦੀ ਸੁਰੱਖਿਆ ਲਈ ਫਿੰਗਰਪ੍ਰਿੰਟ ਸਮਾਰਟ ਲੌਕ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ, ਜੇ ਤੁਹਾਡਾ ਹੱਥ ਸੜ ਜਾਵੇ ਜਾਂ ਸੱਟ ਲੱਗ ਜਾਵੇ ਤਾਂ ਕੀ ਹੋਵੇਗਾ? ਦੱਸ ਦੇਈਏ ਕਿ ਹੱਥ ਦੀਆਂ ਉਂਗਲਾਂ ਦੇ ਨਿਸ਼ਾਨ ਇੰਨੇ ਡੂੰਘੇ ਹੁੰਦੇ ਹਨ ਕਿ ਉਹ ਸੜਨ ਜਾਂ ਸੱਟ ਲੱਗਣ ਤੋਂ ਬਾਅਦ ਵੀ ਖ਼ਤਮ ਨਹੀਂ ਹੁੰਦੇ ਹਨ ਅਤੇ ਸੱਟ ਠੀਕ ਹੋਣ ਤੋਂ ਬਾਅਦ ਆਪਣੀ ਜਗ੍ਹਾ 'ਤੇ ਵਾਪਸ ਆ ਜਾਂਦੇ ਹਨ।