5 Unique Railway Station in India: ਭਾਰਤ 'ਚ ਕਈ ਹੈਰਾਨ ਕਰਨ ਵਾਲੀਆਂ ਥਾਵਾਂ ਹਨ, ਜਿਨ੍ਹਾਂ ਬਾਰੇ ਜਾਣਨ ਤੋਂ ਬਾਅਦ ਵਿਸ਼ਵਾਸ ਕਰਨਾ ਮੁਸ਼ਕਲ ਹੁੰਦਾ ਹੈ। ਭਾਰਤ 'ਚ ਕਈ ਅਜੀਬੋ-ਗਰੀਬ ਰੇਲਵੇ ਸਟੇਸ਼ਨ ਵੀ ਹਨ, ਜਿਨ੍ਹਾਂ ਬਾਰੇ ਜਾਣ ਕੇ ਆਮ ਆਦਮੀ ਹੈਰਾਨ ਰਹਿ ਜਾਂਦਾ ਹੈ। ਦਿੱਲੀ-ਮੁੰਬਈ ਰੇਲ ਮਾਰਗ 'ਤੇ ਅਜਿਹਾ ਅਨੋਖਾ ਰੇਲਵੇ ਸਟੇਸ਼ਨ ਹੈ, ਜੋ 2 ਸੂਬਿਆਂ 'ਚ ਪੈਂਦਾ ਹੈ। ਤੁਹਾਨੂੰ ਇਹ ਜਾਣ ਕੇ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਬਿਲਕੁੱਲ ਸੱਚ ਹੈ। ਇਹ ਰੇਲਵੇ ਸਟੇਸ਼ਨ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਪੈਂਦਾ ਹੈ, ਜਿੱਥੇ ਅੱਧੀ ਰੇਲ ਗੱਡੀ ਇੱਕ ਸੂਬੇ 'ਚ ਖੜ੍ਹੀ ਹੁੰਦੀ ਹੈ ਤੇ ਅੱਧੀ ਦੂਜੇ ਸੂਬੇ 'ਚ ਖੜ੍ਹੀ ਹੁੰਦੀ ਹੈ।
ਅਟਾਰੀ: ਭਾਰਤ ਦੇ ਇਸ ਵਿਲੱਖਣ ਰੇਲਵੇ ਸਟੇਸ਼ਨ 'ਤੇ ਜਾਣ ਲਈ ਵੀਜ਼ਾ ਦੀ ਲੋੜ ਪੈਂਦੀ ਹੈ। ਤੁਸੀਂ ਇੱਥੇ ਬਗੈਰ ਵੀਜ਼ਾ ਨਹੀਂ ਜਾ ਸਕਦੇ। ਇਹ ਰੇਲਵੇ ਸਟੇਸ਼ਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦਾ ਹੈ। ਜੇਕਰ ਤੁਸੀਂ ਇਸ ਸਟੇਸ਼ਨ 'ਤੇ ਬਗੈਰ ਵੀਜ਼ਾ ਫੜੇ ਗਏ ਤਾਂ ਤੁਹਾਡੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇੱਕ ਵਾਰ ਕੇਸ ਦਰਜ ਹੋਣ ਤੋਂ ਬਾਅਦ ਜ਼ਮਾਨਤ ਵੀ ਮੁਸ਼ਕਲ ਨਾਲ ਮਿਲਦੀ ਹੈ। ਸਮਝੌਤਾ ਐਕਸਪ੍ਰੈਸ ਨੂੰ ਇਸ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਇਹ ਸਟੇਸ਼ਨ ਭਾਰਤ ਦੇ ਪੰਜਾਬ 'ਚ ਹੈ, ਪਰ ਬਗੈਰ ਪਾਕਿਸਤਾਨੀ ਵੀਜ਼ਾ ਇੱਥੇ ਕੋਈ ਵੀ ਭਾਰਤੀ ਨਹੀਂ ਜਾ ਸਕਦਾ।
ਭਵਾਨੀ ਮੰਡੀ: ਭਾਰਤ ਦੇ ਕਈ ਰੇਲਵੇ ਸਟੇਸ਼ਨ ਆਪਣੀ ਸੁੰਦਰਤਾ ਲਈ ਮਸ਼ਹੂਰ ਹਨ, ਜਦਕਿ ਕਈ ਆਪਣੇ ਪਲੇਟਫ਼ਾਰਮਾਂ ਲਈ ਜਾਣੇ ਜਾਂਦੇ ਹਨ ਪਰ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ 'ਚ ਦਿੱਲੀ-ਮੁੰਬਈ ਰੇਲ ਮਾਰਗ 'ਤੇ ਸਥਿਤ ਭਵਾਨੀ ਮੰਡੀ ਸਟੇਸ਼ਨ ਆਪਣੀ ਵਿਲੱਖਣਤਾ ਲਈ ਜਾਣਿਆ ਜਾਂਦਾ ਹੈ। ਕੋਟਾ ਡਿਵੀਜ਼ਨ 'ਚ ਪੈਂਦਾ ਇਹ ਸਟੇਸ਼ਨ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਵੰਡਿਆ ਹੋਇਆ ਹੈ।
ਇਸ ਅਨੋਖੇ ਰੇਲਵੇ ਸਟੇਸ਼ਨ 'ਤੇ ਦੋਵਾਂ ਸੂਬਿਆਂ ਦੇ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲਦੀ ਹੈ। ਇਹ ਰੇਲਵੇ ਸਟੇਸ਼ਨ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਸਰਹੱਦ 'ਤੇ ਸਥਿੱਤ ਹੈ, ਜੋ ਕਈ ਮਾਇਨਿਆਂ 'ਚ ਖ਼ਾਸ ਹੈ। ਇਸ ਸਟੇਸ਼ਨ ਦੀ ਸਭ ਤੋਂ ਅਨੋਖੀ ਗੱਲ ਇਹ ਹੈ ਕਿ ਇੱਥੇ ਰਾਜਸਥਾਨ 'ਚ ਲੋਕ ਟਿਕਟ ਲੈਣ ਲਈ ਖੜ੍ਹੇ ਰਹਿੰਦੇ ਹਨ, ਜਦਕਿ ਟਿਕਟ ਦੇਣ ਵਾਲਾ ਕਲਰਕ ਮੱਧ ਪ੍ਰਦੇਸ਼ 'ਚ ਬੈਠਦਾ ਹੈ।
ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਹਰ ਕੰਮ ਲਈ ਭਵਾਨੀ ਮੰਡੀ ਸਟੇਸ਼ਨ 'ਤੇ ਆਉਣਾ ਪੈਂਦਾ ਹੈ, ਜਿਸ ਕਾਰਨ ਦੋਵਾਂ ਸੂਬਿਆਂ ਦੇ ਲੋਕਾਂ 'ਚ ਆਪਸੀ ਪਿਆਰ ਅਤੇ ਸਦਭਾਵਨਾ ਵੇਖਣ ਨੂੰ ਮਿਲਦੀ ਹੈ। ਰਾਜਸਥਾਨ ਦੀ ਸਰਹੱਦ 'ਤੇ ਸਥਿੱਤ ਲੋਕਾਂ ਦੇ ਘਰ ਦਾ ਅਗਲਾ ਦਰਵਾਜ਼ਾ ਭਵਾਨੀ ਮੰਡੀ ਕਸਬੇ 'ਚ ਖੁੱਲ੍ਹਦਾ ਹੈ, ਜਦਕਿ ਪਿਛਲਾ ਦਰਵਾਜ਼ਾ ਮੱਧ ਪ੍ਰਦੇਸ਼ ਦੀ ਭੈਂਸੋਡਾ ਮੰਡੀ 'ਚ ਖੁੱਲ੍ਹਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਦੋਵਾਂ ਸੂਬਿਆਂ ਦੇ ਲੋਕਾਂ ਦਾ ਬਾਜ਼ਾਰ ਵੀ ਇੱਕੋ ਜਿਹਾ ਹੈ।
ਨਵਾਪੁਰ ਰੇਲਵੇ ਸਟੇਸ਼ਨ: ਇਹ ਸਟੇਸ਼ਨ ਵੀ ਭਵਾਨੀ ਮੰਡੀ ਵਾਂਗ ਦੋ ਸੂਬਿਆਂ 'ਚ ਪੈਂਦਾ ਹੈ। ਇਹ ਅਨੋਖਾ ਰੇਲਵੇ ਸਟੇਸ਼ਨ ਗੁਜਰਾਤ ਤੇ ਮਹਾਰਾਸ਼ਟਰ ਦੀ ਸਰਹੱਦ 'ਤੇ ਸਥਿਤ ਹੈ। ਇਸ ਰੇਲਵੇ ਸਟੇਸ਼ਨ 'ਤੇ ਮੌਜੂਦ ਬੈਂਚ ਦੋ ਰਾਜਾਂ 'ਚ ਪੈਂਦੇ ਹਨ। ਇਸ ਸਟੇਸ਼ਨ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇੱਥੇ ਹਿੰਦੀ, ਅੰਗਰੇਜ਼ੀ, ਗੁਜਰਾਤੀ ਤੇ ਮਰਾਠੀ ਭਾਸ਼ਾਵਾਂ 'ਚ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ।
ਜਦੋਂ ਇਹ ਸਟੇਸ਼ਨ ਬਣਿਆ ਸੀ ਤਾਂ ਮਹਾਰਾਸ਼ਟਰ ਤੇ ਗੁਜਰਾਤ ਇੱਕੋ ਸੂਬੇ ਸਨ। ਨਵਾਪੁਰ ਸਟੇਸ਼ਨ ਸੰਯੁਕਤ ਮੁੰਬਈ ਸੂਬੇ 'ਚ ਪੈਂਦਾ ਸੀ, ਪਰ ਜਦੋਂ ਇਹ ਸਾਲ 1961 'ਚ ਵੰਡਿਆ ਗਿਆ ਤਾਂ ਇਹ ਸਟੇਸ਼ਨ ਮਹਾਰਾਸ਼ਟਰ ਅਤੇ ਗੁਜਰਾਤ 'ਚ ਵੰਡਿਆ ਗਿਆ। ਦੋਵਾਂ ਸੂਬਿਆਂ 'ਚ ਪੈਂਦੇ ਨਵਾਪੁਰ ਸਟੇਸ਼ਨ ਕਾਰਨ ਇਸ ਦੀ ਵੱਖਰੀ ਪਛਾਣ ਹੈ।
ਬਗੈਰ ਨਾਂ ਦਾ ਰੇਲਵੇ ਸਟੇਸ਼ਨ: ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ 'ਚ ਇੱਕ ਅਜਿਹਾ ਅਨੋਖਾ ਰੇਲਵੇ ਸਟੇਸ਼ਨ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਰੇਲਵੇ ਸਟੇਸ਼ਨ ਦਾ ਕੋਈ ਨਾਮ ਨਹੀਂ ਹੈ। ਇਹ ਰੇਲਵੇ ਸਟੇਸ਼ਨ ਬਰਧਮਾਨ ਟਾਊਨ ਤੋਂ 35 ਕਿਲੋਮੀਟਰ ਦੂਰ ਸਥਿਤ ਹੈ। ਇਸ ਦਾ ਨਿਰਮਾਣ 2008 'ਚ ਬਾਂਕੁਰਾ-ਮਸਗ੍ਰਾਮ ਰੇਲ ਲਾਈਨ 'ਤੇ ਕੀਤਾ ਗਿਆ ਸੀ। ਉਸ ਸਮੇਂ ਇਸ ਸਟੇਸ਼ਨ ਦਾ ਨਾਂਅ ਰਾਏਨਗਰ ਰੱਖਿਆ ਗਿਆ ਸੀ ਪਰ ਰੈਣਾ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਰੇਲਵੇ ਬੋਰਡ ਨੂੰ ਸ਼ਿਕਾਇਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ 'ਤੇ ਕੋਈ ਫ਼ੈਸਲਾ ਨਹੀਂ ਹੋਇਆ ਹੈ, ਉਦੋਂ ਤੋਂ ਇਸ ਸਟੇਸ਼ਨ ਨੂੰ ਕੋਈ ਨਾਂਅ ਨਹੀਂ ਦਿੱਤਾ ਗਿਆ ਹੈ।
ਅਨੋਖਾ ਰੇਲਵੇ ਸਟੇਸ਼ਨ: ਝਾਰਖੰਡ 'ਚ ਇਕ ਅਜਿਹਾ ਰੇਲਵੇ ਸਟੇਸ਼ਨ ਵੀ ਹੈ, ਜਿਸ ਦਾ ਕੋਈ ਨਾਮ ਨਹੀਂ ਹੈ। ਰਾਜਧਾਨੀ ਰਾਂਚੀ ਤੋਂ ਟੋਰੀ ਜਾਣ ਵਾਲੀ ਰੇਲਵੇ ਲਾਈਨ 'ਤੇ ਇਹ ਸਟੇਸ਼ਨ ਸਥਿੱਤ ਹੈ। ਸਾਲ 2011 'ਚ ਇਸ ਸਟੇਸ਼ਨ ਤੋਂ ਪਹਿਲੀ ਵਾਰ ਟਰੇਨ ਚਲਾਈ ਗਈ ਸੀ। ਉਦੋਂ ਰੇਲਵੇ ਨੇ ਇਸ ਦਾ ਨਾਂ ਬੜਕੀਚਾਂਪੀ ਰੱਖਣ ਦਾ ਫ਼ੈਸਲਾ ਕੀਤਾ ਸੀ ਪਰ ਕਮਲੇ ਪਿੰਡ ਦੇ ਲੋਕਾਂ ਦੇ ਵਿਰੋਧ ਕਾਰਨ ਇਹ ਨਾਂਅ ਨਹੀਂ ਰੱਖਿਆ ਗਿਆ। ਲੋਕਾਂ ਦੀ ਮੰਗ ਸੀ ਕਿ ਜਦੋਂ ਅਸੀਂ ਇਸ ਲਈ ਜ਼ਮੀਨ ਦਿੱਤੀ ਹੈ ਤਾਂ ਇਸ ਦਾ ਨਾਂਅ ਕਮਲੇ ਰੱਖਿਆ ਜਾਵੇ। ਉਦੋਂ ਤੋਂ ਇਸ ਸਟੇਸ਼ਨ ਦਾ ਕੋਈ ਨਾਮ ਨਹੀਂ।