198-Year-Old Russian oak Tree: ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਅੱਜ 32 ਦਿਨ ਹੋ ਗਏ ਹਨ। ਇੱਕ ਮਹੀਨੇ ਤੋਂ ਚੱਲੀ ਜੰਗ 'ਚ ਯੂਕਰੇਨ ਦੇ ਲਗਭਗ ਸਾਰੇ ਵੱਡੇ ਸ਼ਹਿਰ ਤਬਾਹ ਹੋ ਚੁੱਕੇ ਹਨ। ਇਸ ਯੁੱਧ ਦੀ ਸਜ਼ਾ ਮਨੁੱਖ ਭੁਗਤ ਰਿਹਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਇੱਕ ਦਰੱਖਤ ਨੂੰ ਵੀ ਸਜ਼ਾ ਭੁਗਤਣੀ ਪੈ ਰਹੀ ਹੈ।


ਦਰਅਸਲ, ਇਕ ਮਸ਼ਹੂਰ 198 ਸਾਲ ਪੁਰਾਣੇ ਰੂਸੀ ਓਕ ਦੇ ਤਣੇ ਨੂੰ 'ਯੂਰਪੀਅਨ ਟ੍ਰੀ ਆਫ਼ ਦੀ ਈਅਰ' (European Tree of the Year) ਮੁਕਾਬਲੇ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਪਾਬੰਦੀ ਦਾ ਕਾਰਨ ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਦੱਸਿਆ ਜਾ ਰਿਹਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਲਗਪਗ 200 ਸਾਲ ਪਹਿਲਾਂ ਇਹ ਰੁੱਖ ਨਾਵਲਕਾਰ ਇਵਾਨ ਤੁਰਗਨੇਵ ਨੇ ਲਾਇਆ ਸੀ ਪਰ ਇਸ ਨੂੰ ਮੁਕਾਬਲੇ 'ਚ ਹਿੱਸਾ ਲੈਣ ਤੋਂ ਪਹਿਲਾਂ ਹੀ ਬ੍ਰਸੇਲਜ਼ 'ਚ ਇੱਕ ਪੈਨਲ ਵੱਲੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਪੈਨਲ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਲੈ ਕੇ ਰੂਸ ਦੇ ਹਮਲਾਵਰ ਰਵੱਈਏ ਨੂੰ ਵੇਖਦੇ ਹੋਏ ਅਜਿਹਾ ਫ਼ੈਸਲਾ ਲਿਆ ਜਾ ਰਿਹਾ ਹੈ।


ਸਾਲ 2011 'ਚ ਸ਼ੁਰੂ ਹੋਇਆ ਸੀ 'ਯੂਰਪੀਅਨ ਟ੍ਰੀ ਆਫ਼ ਦੀ ਈਅਰ'
ਦਰਅਸਲ 'ਯੂਰਪੀਅਨ ਟ੍ਰੀ ਆਫ਼ ਦੀ ਈਅਰ' ਦੀ ਸ਼ੁਰੂਆਤ ਸਾਲ 2011 'ਚ ਹੋਈ ਸੀ। ਇਸ ਮੁਕਾਬਲੇ ਨੂੰ ਸ਼ੁਰੂ ਕਰਨ ਦਾ ਮਕਸਦ ਇਤਿਹਾਸਕ ਰੁੱਖਾਂ ਦੀ ਮੌਜੂਦਗੀ ਨੂੰ ਮਨਾਉਣਾ ਸੀ। ਨਾਲ ਹੀ ਇਹ ਮੁਕਾਬਲੇ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ। ਹਾਲਾਂਕਿ ਇਸ ਵਾਰ ਪ੍ਰਬੰਧਕਾਂ ਨੇ ਮਹਿਸੂਸ ਕੀਤਾ ਕਿ ਵਿਸ਼ਵ ਰਾਜਨੀਤੀ ਤੋਂ ਆਪਣੇ ਆਪ ਨੂੰ ਵੱਖ ਰੱਖਣਾ ਬਹੁਤ ਮੁਸ਼ਕਲ ਹੈ।


ਪਹਿਲੇ ਨੰਬਰ 'ਤੇ ਰਿਹਾ 400 ਸਾਲ ਪੁਰਾਣਾ ਓਕ ਦਾ ਦਰੱਖਤ
ਦੱਸ ਦੇਈਏ ਕਿ ਇਸ ਮੁਕਾਬਲੇ 'ਚ ਪਹਿਲਾ ਸਥਾਨ ਪੋਲੈਂਡ ਦੇ ਬਿਆਲੋਵੀਜਾ ਜੰਗਲ 'ਚ 400 ਸਾਲ ਪੁਰਾਣੇ ਓਕ ਦੇ ਦਰੱਖਤ ਨੇ ਹਾਸਲ ਕੀਤਾ ਸੀ। ਦੂਜੇ ਅਤੇ ਤੀਜੇ ਸਥਾਨ 'ਤੇ ਸਪੇਨ ਦੇ ਸੈਂਟੀਆਗੋ ਡੇ ਕੰਪੋਸਟੇਲਾ ਖੇਤਰ 'ਚ 250 ਸਾਲ ਪੁਰਾਣਾ ਓਕ ਤੇ ਤੀਜਾ ਸਥਾਨ ਪੁਰਤਗਾਲ ਦੇ ਪਿੰਡ ਵੈਲੇ ਡੋ ਪੇਰੇਰੋ 'ਚ 250 ਸਾਲ ਪੁਰਾਣੇ ਕਾਰਕ ਓਕ ਦੇ ਦਰੱਖਤ ਨੂੰ ਮਿਲਿਆ।