ਨਵੀਂ ਦਿੱਲੀ: ਭਾਰਤੀ ਰੇਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਭਾਰਤ ਵਿੱਚ ਕੁੱਲ 8000 ਰੇਲਵੇ ਸਟੇਸ਼ਨ ਹਨ। ਕਈ ਰੇਲਵੇ ਸਟੇਸ਼ਨ ਕਾਫੀ ਮਸ਼ਹੂਰ ਹਨ। ਦੇਸ਼ ਵਿੱਚ ਹਰ ਰੇਲਵੇ ਸਟੇਸ਼ਨ ਦਾ ਇੱਕ ਨਾਮ ਤੇ ਸਟੇਸ਼ਨ ਕੋਡ ਹੁੰਦਾ ਹੈ ਜਿਸ ਨਾਲ ਉਸ ਦੀ ਪਛਾਣ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਰੇਲਵੇ ਸਟੇਸ਼ਨ ਬਾਰੇ ਦੱਸ ਰਹੇ  ਹਾਂ ਜਿਸ ਦੀ ਆਪਣੀ ਕੋਈ ਪਛਾਣ ਨਹੀਂ ਹੈ। ਇਸ ਸਟੇਸ਼ਨ ਦਾ ਕੋਈ ਨਾਮ ਨਹੀਂ।

ਤੁਹਾਨੂੰ ਇਹ ਜਾਣ ਕੇ ਹੈਰਾਰੀ ਵੀ ਹੋਏਗੀ ਕਿ ਅਜਿਹੀ ਚੀਜ਼ ਕਿਵੇਂ ਹੋ ਸਕਦੀ ਹੈ ਤਾਂ ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਰੇਲਵੇ ਸਟੇਸ਼ਨ ਪੱਛਮੀ ਬੰਗਾਲ ਵਿੱਚ ਸਥਿਤ ਹੈ, ਜਿਸ ਦਾ ਆਪਣਾ ਕੋਈ ਨਾਮ ਨਹੀਂ। ਇਹ ਸਟੇਸ਼ਨ ਪੱਛਮੀ ਬੰਗਾਲ ਦੇ ਬਰਧਮਾਨ ਤੋਂ ਲਗਪਗ 35 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਬਨਕੂਰਾ-ਮਸਗ੍ਰਾਮ ਰੇਲ ਲਾਈਨ 'ਤੇ ਸਥਿਤ, ਇਹ ਸਟੇਸ਼ਨ ਦੋ ਪਿੰਡ ਰੈਨਾ ਤੇ ਰੈਨਾਗੜ੍ਹ ਵਿਚਕਾਰ ਸਥਿਤ ਹੈ।

ਮੁੱਢਲੇ ਤੌਰ 'ਤੇ ਇਸ ਸਟੇਸ਼ਨ ਨੂੰ ਰੈਨਾਗੜ ਵਜੋਂ ਜਾਣਿਆ ਜਾਂਦਾ ਸੀ। ਰੈਨਾ ਪਿੰਡ ਦੇ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿਉਂਕਿ ਇਸ ਸਟੇਸ਼ਨ ਦੀ ਇਮਾਰਤ ਰੈਨਾ ਪਿੰਡ ਦੀ ਜ਼ਮੀਨ 'ਤੇ ਬਣਾਈ ਗਈ ਸੀ।

ਰੈਨਾ ਪਿੰਡ ਦੇ ਲੋਕਾਂ ਦਾ ਮੰਨਣਾ ਸੀ ਕਿ ਇਸ ਸਟੇਸ਼ਨ ਦਾ ਨਾਮ ਰੈਨਾਗੜ੍ਹ ਦੀ ਥਾਂ ਰੈਨਾ ਹੋਣਾ ਚਾਹੀਦਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਪਿੰਡ ਵਾਸੀਆਂ ਵਿੱਚ ਝਗੜਾ ਸ਼ੁਰੂ ਹੋ ਗਿਆ। ਹੁਣ ਸਟੇਸ਼ਨ ਦੇ ਨਾਮ ਨੂੰ ਲੈ ਕੇ ਝਗੜਾ ਰੇਲਵੇ ਬੋਰਡ ਤੱਕ ਪਹੁੰਚ ਗਿਆ ਹੈ।

ਝਗੜੇ ਤੋਂ ਬਾਅਦ, ਭਾਰਤੀ ਰੇਲਵੇ ਨੇ ਇੱਥੇ ਸਥਾਪਤ ਸਾਰੇ ਸਾਈਨ ਬੋਰਡਾਂ ਤੋਂ ਸਟੇਸ਼ਨ ਦਾ ਨਾਮ ਮਿਟਾ ਦਿੱਤਾ ਹੈ, ਜਿਸ ਕਾਰਨ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਟੇਸ਼ਨ ਦਾ ਆਪਣਾ ਕੋਈ ਨਾਮ ਨਹੀਂ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਹਾਲਾਂਕਿ, ਰੇਲਵੇ ਅਜੇ ਵੀ ਆਪਣੇ ਪੁਰਾਣੇ ਨਾਮ, ਰੈਨਾਗੜ੍ਹ ਦੇ ਹੇਠ ਸਟੇਸ਼ਨ ਨੂੰ ਟਿਕਟਾਂ ਜਾਰੀ ਕਰਦਾ ਹੈ।