ਇੱਕ ਪਤੀ ਤੇ 12 ਪਤਨੀਆਂ ! ਕਿਸੇ ਵੀ ਪਤਨੀ ਨੂੰ ਪਤਾ ਨਹੀਂ ਕਿ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ! ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਬਿਹਾਰ ਦੇ ਪੂਰਨੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਸ਼ਮਸ਼ਾਦ ਉਰਫ਼ ਮਨੋਵਰ ਛੇ ਸਾਲਾਂ ਤੋਂ ਪੁਲੀਸ ਤੋਂ ਭੱਜ ਰਿਹਾ ਸੀ। ਉਸ ਕੋਲੋਂ ਪੁੱਛਗਿੱਛ 'ਚ ਕਈ ਖੁਲਾਸੇ ਹੋਏ ਹਨ। ਮੁਲਜ਼ਮ ਨੇ ਦੱਸਿਆ ਕਿ ਉਹ ਹੁਣ ਤੱਕ 12 ਲੜਕੀਆਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਵਿਆਹ ਕਰਵਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਹਰ ਵਾਰ ਵਿਆਹ ਤੋਂ ਪਹਿਲਾਂ ਉਹ ਲੜਕੀ ਨੂੰ ਖ਼ੁਦ ਨੂੰ ਬੈਚਲਰ ਦੱਸਦਾ ਸੀ।

 


ਗ੍ਰਿਫ਼ਤਾਰ ਦੋਸ਼ੀ ਕੋਚਧਾਮਨ ਥਾਣਾ ਖੇਤਰ ਦੇ ਪਿੰਡ ਅਨਾਰਕਲੀ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਅਨਗੜ੍ਹ ਥਾਣਾ ਖੇਤਰ ਦੇ ਬਿਜਵਾਰ ਪਿੰਡ 'ਚ ਇਕ ਨਾਬਾਲਗ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਘਟਨਾ 8 ਦਸੰਬਰ 2015 ਨੂੰ ਵਾਪਰੀ ਸੀ ,ਜਿਸ ਦੇ ਇੱਕ ਹਫ਼ਤੇ ਬਾਅਦ ਪੁਲਿਸ ਨੇ ਕਿਸ਼ਨਗੰਜ ਦੇ ਐਲਆਰਪੀ ਚੌਕ ਨੇੜੇ ਅਗਵਾ ਹੋਏ ਨਾਬਾਲਗ ਨੂੰ ਬਰਾਮਦ ਕੀਤਾ ਸੀ।

 

ਮਾਮਲੇ ਦੀ ਜਾਂਚ ਕਰ ਰਹੇ ਸ਼ੰਕਰ ਸੁਮਨ ਸੌਰਭ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਉਸ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਸੀ। ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਬਹਾਦਰਗੰਜ ਥਾਣਾ ਖੇਤਰ ਦੇ ਕੋਇਦਾਂਗੀ ਪਿੰਡ ਤੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। 

 

ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਇੱਕ ਦਰਜਨ ਵਿਆਹ ਕਰਵਾਏ ਹਨ। ਪੁਲਿਸ ਨੇ ਉਸ ਦੀਆਂ ਸੱਤ ਪਤਨੀਆਂ ਨਾਲ ਗੱਲ ਕੀਤੀ ਹੈ। ਉਸ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ ਕਿਸੇ ਵੀ ਔਰਤ ਨੂੰ ਨਹੀਂ ਪਤਾ ਸੀ ਕਿ ਸ਼ਮਸ਼ਾਦ ਵਿਆਹਿਆ ਹੋਇਆ ਹੈ। ਪੁਲਿਸ ਨੂੰ ਕਰੀਬ ਛੇ ਸਾਲ ਬਾਅਦ ਇਸ ਮਾਮਲੇ ਵਿੱਚ ਸਫਲਤਾ ਮਿਲੀ ਹੈ। ਪੁੱਛਗਿੱਛ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।