Rats Drank Liquor: ਚੂਹੇ 60 ਬੋਤਲਾਂ ਸ਼ਰਾਬ ਡਾਕਾਰ ਗਏ। ਉਨ੍ਹਾਂ ਨੇ ਇਹ ਕਾਰਾ ਕਿਸੇ ਠੇਕੇ ਵਿੱਚ ਨਹੀਂ ਸਗੋਂ ਪੁਲਿਸ ਥਾਣੇ ਵਿੱਚ ਕੀਤਾ ਹੈ। ਹੁਣ ਪੁਲਿਸ ਵੀ ਚੂਹਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਜੁੱਟ ਗਈ ਹੈ। ਪੁਲਿਸ ਨੇ ਚੂਹੇ ਫੜਨ ਲਈ ਪਿੰਜਰਾ ਲਾਇਆ ਹੈ ਜਿਸ ਵਿੱਚ ਇੱਕ ਚੂਹਾ ਅੜਿੱਕੇ ਆ ਵੀ ਗਿਆ ਹੈ। ਜੀ ਹਾਂ ਇਹ ਮਾਮਲਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਕੋਤਵਾਲੀ ਦਾ ਹੈ। ਇੱਥੇ ਚੋਣ ਜ਼ਾਬਤੇ ਦੌਰਾਨ ਫੜੀ ਗਈ ਸ਼ਰਾਬ ਚੂਹਿਆਂ ਨੇ ਪੀ ਲਈ ਹੈ। ਹੁਣ ਥਾਣਾ ਪੁਲਿਸ ਨੇ ਚੂਹਿਆਂ ਨੂੰ ਫੜਨ ਲਈ ਪਿੰਜਰਾ ਲਾਇਆ ਹੈ, ਫਿਲਹਾਲ ਇਸ ਪਿੰਜਰੇ 'ਚ ਇੱਕ ਚੂਹਾ ਹੀ ਫਸਿਆ ਹੈ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਥਾਣਾ ਛਿੰਦਵਾੜਾ ਕੋਤਵਾਲੀ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ ਹਨ। ਬਰਾਮਦ ਸ਼ਰਾਬ ਦੀਆਂ ਬੋਤਲਾਂ ਥਾਣਾ ਕੋਤਵਾਲੀ ਦੀ ਕੱਚੀ ਇਮਾਰਤ ਵਿੱਚ ਬਣੇ ਗੋਦਾਮ ਵਿੱਚ ਰੱਖੀਆਂ ਹੋਈਆਂ ਸਨ। ਗੋਦਾਮ 'ਚ ਰੱਖੀ ਇਸ ਸ਼ਰਾਬ 'ਤੇ ਚੂਹਿਆਂ ਨੇ ਹੱਥ ਫੇਰ ਲਿਆ ਤੇ ਸਾਰੀ ਸ਼ਰਾਬ ਪੀ ਗਏ। ਇਸ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਗੋਦਾਮ ਵਿੱਚ ਪਿੰਜਰਾ ਲਾਇਆ ਗਿਆ। ਹਾਲਾਂਕਿ ਹੁਣ ਤੱਕ ਇਸ ਪਿੰਜਰੇ ਵਿੱਚ ਸਿਰਫ਼ ਇੱਕ ਚੂਹਾ ਹੀ ਫਸਿਆ ਹੈ।
ਛਿੰਦਵਾੜਾ ਕੋਤਵਾਲੀ ਥਾਣਾ ਇੰਚਾਰਜ ਉਮੇਸ਼ ਗੋਲਹਾਨੀ ਮੁਤਾਬਕ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕੱਚੀ ਇਮਾਰਤ ਹੋਣ ਕਾਰਨ ਸਥਾਨਕ ਪੁਲਿਸ ਦੇ ਸਾਹਮਣੇ ਹਰ ਰੋਜ਼ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ। ਉਸ ਨੇ ਦੱਸਿਆ ਕਿ ਜਦੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਫੜੀ ਗਈ ਸ਼ਰਾਬ ਚੂਹੇ ਪੀ ਗਏ ਤਾਂ ਪੁਲਿਸ ਨੇ ਪਿੰਜਰਾ ਲਾਇਆ ਹੈ।
52 ਕਰੋੜ ਰੁਪਏ ਦੀ ਸ਼ਰਾਬ ਬਰਾਮਦ
ਦੱਸ ਦਈਏ ਕਿ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨਫੋਰਸਮੈਂਟ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਸਾਂਝੀਆਂ ਟੀਮਾਂ ਵੱਲੋਂ 288 ਕਰੋੜ 38 ਲੱਖ 95 ਹਜ਼ਾਰ 49 ਰੁਪਏ ਦੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਵਿੱਚ 31 ਕਰੋੜ 82 ਲੱਖ 65 ਹਜ਼ਾਰ 813 ਰੁਪਏ ਦੀ ਨਗਦੀ, 52 ਕਰੋੜ 22 ਲੱਖ 43 ਹਜ਼ਾਰ 636 ਰੁਪਏ ਦੀ 25 ਲੱਖ 6 ਹਜ਼ਾਰ 234 ਲੀਟਰ ਤੋਂ ਵੱਧ ਦੀ ਨਾਜਾਇਜ਼ ਸ਼ਰਾਬ, 14 ਕਰੋੜ 58 ਲੱਖ 84 ਹਜ਼ਾਰ 331 ਰੁਪਏ ਦੀ ਨਸ਼ੀਲੀ ਦਵਾਈ, 14 ਕਰੋੜ 58 ਲੱਖ 84 ਹਜ਼ਾਰ 331 ਰੁਪਏ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ।