killer honey bee: ਮਧੂ ਮੱਖੀ ਦਾ ਨਾਂ ਸੁਣ ਕੇ ਲੋਕ ਡਰ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਕੱਟਣ ਤੋਂ ਬਾਅਦ ਬਹੁਤ ਦਰਦ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਥਾਂ 'ਤੇ ਉਹ ਵੱਢਦੀ ਹੈ, ਉੱਥੇ ਸੋਜ ਹੋ ਜਾਂਦੀ ਹੈ। ਲੋਕ ਇਸ ਛੋਟੇ ਜਿਹੇ ਜੀਵ ਤੋਂ ਡਰਦੇ ਹਨ। ਜੇਕਰ ਮਧੂ ਮੱਖੀ ਦਿਖਾਈ ਦੇਵੇ ਤਾਂ ਲੋਕ ਉਸ ਤੋਂ ਦੂਰ ਭੱਜ ਜਾਂਦੇ ਹਨ। ਇੱਕ ਅਜਿਹੀ ਮਧੂ ਮੱਖੀ ਵੀ ਹੈ ਜਿਸ ਨੂੰ ਕਾਤਲ ਮਧੂ ਮੱਖੀ ਕਿਹਾ ਜਾਂਦਾ ਹੈ।



ਇਸ ਕਾਤਲ ਮਧੂ ਮੱਖੀ ਦੇ ਕੱਟਣ ਨਾਲ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮਧੂ ਮੱਖੀਆਂ ਨੇ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੋਵੇਗਾ। ਇਨ੍ਹਾਂ ਦੀ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ, ਕਿਉਂਕਿ ਅਮਰੀਕਾ ਦੇ ਸ਼ਹਿਰ ਬੇਲੀਜ਼ 'ਚ ਅਜਿਹੀ ਹੀ ਇੱਕ ਮਧੂ ਮੱਖੀ ਦੇ ਕੱਟਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਧੂ ਮੱਖੀਆਂ ਵਿਗਿਆਨੀਆਂ ਦੀ ਪ੍ਰਯੋਗਸ਼ਾਲਾ 'ਚ ਗਲਤੀ ਕਾਰਨ ਪੈਦਾ ਹੋਈਆਂ ਹਨ। ਸਮੇਂ ਦੇ ਨਾਲ ਇਨ੍ਹਾਂ ਮੱਖੀਆਂ ਦਾ ਹਮਲਾ ਵਧਦਾ ਗਿਆ ਤੇ ਇਨ੍ਹਾਂ ਦੀ ਗਿਣਤੀ ਅਮਰੀਕਾ ਦੇ ਦੱਖਣ ਤੇ ਮੱਧ ਖੇਤਰਾਂ 'ਚ ਜ਼ਿਆਦਾ ਹੈ। ਵਿਗਿਆਨੀ 1950 ਦੇ ਦਹਾਕੇ 'ਚ ਮਧੂ-ਮੱਖੀਆਂ ਤੋਂ ਸ਼ਹਿਦ ਦਾ ਉਤਪਾਦਨ ਵਧਾਉਣ ਬਾਰੇ ਸੋਚ ਰਹੇ ਸਨ।

ਇਸ ਲਈ ਉਨ੍ਹਾਂ ਨੇ ਇੱਕ ਨਵੀਂ ਪ੍ਰਜਾਤੀ ਵਿਕਸਿਤ ਕਰਨ ਦੀ ਤਿਆਰੀ ਕੀਤੀ ਤੇ ਉਨ੍ਹਾਂ ਨੇ ਇਸ ਨੂੰ 1957 ਤੋਂ ਸ਼ੁਰੂ ਕੀਤਾ। ਬ੍ਰਾਜ਼ੀਲ ਦੀ ਸਰਕਾਰ ਨੇ ਜੀਵ-ਵਿਗਿਆਨੀ ਵਾਰਵਿਕ ਈ. ਕੇਰ ਨੂੰ ਸ਼ਹਿਦ ਦੇ ਉਤਪਾਦਨ ਨੂੰ ਵਧਾਉਣ ਲਈ ਇੱਕ ਮਧੂ ਮੱਖੀ ਵਿਕਸਤ ਕਰਨ ਲਈ ਕਿਹਾ। ਫਿਰ ਉਨ੍ਹਾਂ ਨੇ ਯੂਰਪੀਅਨ ਮਧੂ ਮੱਖੀ ਨੂੰ ਅਮਰੀਕਾ ਲਿਆਂਦਾ ਤੇ ਇੱਕ ਨਵੀਂ ਪ੍ਰਜਾਤੀ ਵਿਕਸਤ ਕੀਤੀ।

ਆਈਐਫਐਲ ਸਾਇੰਸ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵਿਗਿਆਨੀ ਮਧੂਮੱਖੀ ਦੀ ਨਵੀਂ ਪ੍ਰਜਾਤੀ ਨੂੰ ਵੱਧ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਫ਼ਰੀਕਨ ਤੇ ਯੂਰਪੀਅਨ ਮਧੂ ਮੱਖੀਆਂ ਦਾ ਮੇਲ ਕਰਵਾਇਆ। ਯੂਰਪੀ ਮਧੂ ਮੱਖੀ 'ਚ ਅਫ਼ਰੀਕੀ ਜੀਨ ਪਾਏ ਜਾਂਦੇ ਹਨ। ਸਮੱਸਿਆ ਉਦੋਂ ਪੈਦਾ ਹੋਈ ਜਦੋਂ ਇਹ ਹੌਲੀ-ਹੌਲੀ ਹਮਲਾਵਰ ਹੋ ਗਈ।

ਇੱਕ ਦਿਨ 20 ਕਾਲੋਨੀਆਂ ਵਿੱਚੋਂ ਮਧੂ ਮੱਖੀਆਂ ਬਾਹਰ ਆ ਗਈਆਂ। ਹਜ਼ਾਰਾਂ ਮੱਖੀਆਂ ਅਮਰੀਕਾ ਦੇ ਦੱਖਣੀ ਤੇ ਮੱਧ ਖੇਤਰਾਂ 'ਚ ਫੈਲ ਗਈਆਂ। ਵਿਗਿਆਨੀਆਂ ਨੇ ਸੋਚਿਆ ਸੀ ਕਿ ਇਹ ਬਾਹਰ ਦੀ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ, ਪਰ ਉਨ੍ਹਾਂ ਦੀ ਇਹ ਸੋਚ ਪੂਰੀ ਤਰ੍ਹਾਂ ਨਾਲ ਗਲਤ ਸਾਬਤ ਹੋਈ। ਸਮੇਂ ਦੇ ਨਾਲ ਉਨ੍ਹਾਂ ਦੀ ਗਿਣਤੀ ਤੇ ਹਮਲਾਵਰਤਾ ਵਧਦੀ ਗਈ। ਸਾਲ 1980 ਤੱਕ ਇਹ ਕੈਲੀਫੋਰਨੀਆ ਤੋਂ ਫਲੋਰੀਡਾ ਤੱਕ ਫੈਲ ਚੁੱਕੀਆਂ ਸਨ। ਇਨ੍ਹਾਂ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਯੂਨੀਵਰਸਿਟੀ ਆਫ਼ ਸਸੇਕਸ ਨਾਲ ਸਬੰਧਤ ਮਧੂ ਮੱਖੀ ਮਾਹਿਰ ਪ੍ਰੋ. ਫਰਾਂਸਿਸ ਰੈਟਨਿਕਸ ਨੇ ਇਕ ਹੈਰਾਨੀਜਨਕ ਗੱਲ ਦੱਸੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਮਧੂ ਮੱਖੀ ਇੱਕ ਹਜ਼ਾਰ ਡੰਗ ਮਾਰ ਦੇਵੇ ਤਾਂ ਇੱਕ ਵਿਅਕਤੀ ਦੀ ਮੌਤ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਇਸ ਦੇ ਕੱਟਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਸੀ। ਮੱਖੀਆਂ ਨੂੰ ਛੇੜਨ 'ਤੇ ਉਨ੍ਹਾਂ ਨੇ ਔਰਤ ਨੂੰ ਵੱਢ ਲਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮਧੂ ਮੱਖੀਆਂ ਆਪਣੀ ਬਸਤੀ ਨੂੰ ਬਚਾਉਣ ਲਈ ਕੁਝ ਵੀ ਕਰਦੀਆਂ ਹਨ। ਕਾਲੋਨੀ ਨਾਲ ਛੇੜਛਾੜ ਕਰਨ 'ਤੇ ਇਹ ਚਾਰੇ ਪਾਸਿਓਂ ਹਮਲਾ ਕਰਦੀਆਂ ਹਨ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਜਾਂਦੀ ਹੈ।