ਨਵੀਂ ਦਿੱਲੀ: ਜੇਕਰ ਕੁਝ ਹਜ਼ਾਰ ਰੁਪਏ ਬੈਂਕ ਖਾਤੇ 'ਚ ਰੱਖੇ ਜਾਣ ਤਾਂ ਲਗਪਗ 60 ਸਾਲਾਂ ਬਾਅਦ ਕਿੰਨੇ ਰੁਪਏ ਬਣ ਜਾਣਗੇ? ਸ਼ਾਇਦ ਇਹ ਅੰਦਾਜ਼ਾ ਲਾਉਣਾ ਔਖਾ ਹੈ ਪਰ ਇਹ ਇੱਕ ਵੱਡੀ ਰਕਮ ਬਣ ਜਾਵੇਗੀ, ਇੰਨੀ ਗੱਲ ਦਾ ਪੱਕੀ ਹੈ। ਦਰਅਸਲ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ, ਦੱਖਣੀ ਅਮਰੀਕੀ ਦੇਸ਼ ਚਿਲੀ 'ਚ। ਉੱਥੇ ਇੱਕ ਪੁੱਤਰ ਨੂੰ ਆਪਣੇ ਪਿਤਾ ਦੀ ਬੈਂਕ ਬੁੱਕ ਮਿਲੀ ਹੈ, ਜੋ 60 ਸਾਲ ਪੁਰਾਣੀ ਹੈ। ਆਓ ਜਾਣਦੇ ਹਾਂ ਪੂਰੀ ਕਹਾਣੀ -

ਐਕਜੇਕਵਿਲ ਹਿਨੋਜੋਸਾ ਦੇ ਪਿਤਾ 1960 ਤੇ 70 ਦੇ ਦਹਾਕੇ 'ਚ ਇੱਕ ਘਰ ਖਰੀਦਣ ਲਈ ਬਚਤ ਕਰ ਰਹੇ ਸਨ ਤੇ ਲਗਪਗ 1,40,000 ਪੇਸੋ ਬਚਾਉਣ 'ਚ ਕਾਮਯਾਬ ਰਹੇ। ਇਹ ਰਕਮ ਅੱਜ ਦੇ ਹਿਸਾਬ ਨਾਲ ਲਗਪਗ 163 ਡਾਲਰ ਹੈ, ਜੋ ਭਾਰਤੀ ਕਰੰਸੀ 'ਚ 12,684 ਰੁਪਏ ਬਣਦੀ ਹੈ। ਇਹ ਰਕਮ ਹੁਣ ਇੱਕ ਬੰਦ ਕ੍ਰੈਡਿਟ ਯੂਨੀਅਨ ਦੀ ਬੈਂਕਬੁੱਕ 'ਚ ਵਿਆਪਕ ਤੌਰ 'ਤੇ ਦਰਜ ਹੈ।

ਪਿਤਾ ਦੀ ਮੌਤ ਤੋਂ ਬਾਅਦ ਇਹ ਬੈਂਕਬੁੱਕ ਕਈ ਦਹਾਕਿਆਂ ਤੱਕ ਇੱਕ ਬਕਸੇ 'ਚ ਬੰਦ ਰਹੀ। ਹਿਨੋਜੋਸਾ ਨੇ ਇਸ ਨੂੰ ਪਿਤਾ ਦੀਆਂ ਮਿਲੀਆਂ ਚੀਜ਼ਾਂ 'ਚ ਪਾਇਆ। ਇਸੇ ਤਰ੍ਹਾਂ ਦੀ ਬੈਂਕਬੁੱਕ ਬੇਕਾਰ ਪਾਈ ਗਈ ਹੈ, ਪਰ ਹਿਨੋਜੋਸਾ ਕੋਲ 'ਸਟੇਟ ਗਾਰੰਟਿਡ' ਲਿਖਿਆ ਹੋਇਆ ਇੱਕ ਐਨੋਟੇਸ਼ਨ ਹੈ। ਦਰਅਸਲ ਵਿਆਜ ਤੇ ਮਹਿੰਗਾਈ ਦੇ ਨਾਲ 1,40,000 ਪੇਸੋ ਦੀ ਕੀਮਤ ਹੁਣ 1 ਬਿਲੀਅਨ ਪੇਸੋ ਮਤਲਬ ਲਗਭਗ 1.2 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜੋ ਕਿ ਭਾਰਤੀ ਮੁਦਰਾ 'ਚ 9.33 ਕਰੋੜ ਰੁਪਏ ਬਣਦੇ ਹਨ।

ਇਸ ਪੈਸੇ ਨੇ ਸੂਬੇ (ਸਟੇਟ) ਅਤੇ ਹਿਨੋਜੋਸਾ ਲਈ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ ਹੈ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਹਿਨੋਜੋਸਾ ਮੁਤਾਬਕ ਇਹ ਪੈਸਾ ਉਸ ਦੇ ਪਰਿਵਾਰ ਦਾ ਹੈ। ਪਿਤਾ ਨੇ ਬਹੁਤ ਮਿਹਨਤ ਕਰਕੇ ਇਸ ਨੂੰ ਬਚਾਇਆ। ਉਸ ਦੇ ਅਨੁਸਾਰ ਜਦੋਂ ਤੱਕ ਉਸ ਦੇ ਪਰਿਵਾਰ ਨੂੰ ਇਹ ਬੈਂਕਬੁੱਕ ਨਹੀਂ ਮਿਲੀ, ਉਦੋਂ ਤਕ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਬੈਂਕਬੁੱਕ ਮੌਜੂਦ ਹੈ।

ਕਈ ਅਦਾਲਤਾਂ ਨੇ ਹਿਨੋਜੋਸਾ ਦੇ ਹੱਕ 'ਚ ਫ਼ੈਸਲਾ ਸੁਣਾਇਆ ਹੈ, ਪਰ ਸਰਕਾਰ ਨੇ ਹਰ ਕਦਮ 'ਤੇ ਅਪੀਲ ਕੀਤੀ ਹੈ। ਹੁਣ ਇੱਕ ਅੰਤਮ ਅਦਾਲਤ ਮਿਲੀਅਨ ਡਾਲਰ ਦੀ ਬੈਂਕਬੁੱਕ ਦੀ ਕਿਸਮਤ ਦਾ ਫ਼ੈਸਲਾ ਕਰੇਗੀ। ਹਿਨੋਜੋਸਾ ਨੇ ਕਿਹਾ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਪ੍ਰਕਿਰਿਆ ਸਟੇਟ ਦੇ ਖ਼ਿਲਾਫ਼ ਇੱਕ ਤਰ੍ਹਾਂ ਦੇ ਮੁਕੱਦਮੇ 'ਚ ਬਦਲ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਿਆਂ ਪ੍ਰਣਾਲੀ (ਸੁਪਰੀਮ ਕੋਰਟ) ਮੇਰੇ ਹੱਕ 'ਚ ਫ਼ੈਸਲਾ ਦੇ ਦਿੰਦੀ ਹੈ ਤਾਂ ਪੂਰਾ ਬਕਾਇਆ, ਨਾ ਘੱਟ ਨਾ ਜ਼ਿਆਦਾ, ਦਾ ਭੁਗਤਾਨ ਕਰਨ ਨਾਲ ਸਮੱਸਿਆ ਖ਼ਤਮ ਹੋ ਜਾਵੇਗੀ।