SwarnaRekha River: ਭਾਰਤ 'ਚ 400 ਤੋਂ ਵੱਧ ਛੋਟੀਆਂ ਤੇ ਵੱਡੀਆਂ ਨਦੀਆਂ ਵਗਦੀਆਂ ਹਨ। ਦੇਸ਼ ਭਰ 'ਚ ਵਹਿਣ ਵਾਲੀਆਂ ਇਨ੍ਹਾਂ ਨਦੀਆਂ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਨਦੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੋਨੇ ਦੀ ਨਦੀ ਕਿਹਾ ਜਾਂਦਾ ਹੈ।

ਜੀ ਹਾਂ, ਇੱਥੇ ਪਾਣੀ 'ਚ ਸੋਨਾ ਪਾਇਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੈਂਕੜੇ ਸਾਲਾਂ ਬਾਅਦ ਵੀ ਵਿਗਿਆਨੀ ਇਹ ਨਹੀਂ ਜਾਣ ਸਕੇ ਕਿ ਇਸ ਨਦੀ 'ਚ ਸੋਨਾ (Gold river of india) ਕਿਉਂ ਵਹਿੰਦਾ ਹੈ? ਮਤਲਬ ਇਸ ਨਦੀ ਦਾ ਸੋਨਾ ਅਜੇ ਵੀ ਵਿਗਿਆਨੀਆਂ ਲਈ ਰਹੱਸ ਬਣਿਆ ਹੋਇਆ ਹੈ।

ਅਸੀਂ ਗੱਲ ਕਰ ਰਹੇ ਹਾਂ ਝਾਰਖੰਡ 'ਚ ਵਹਿਣ ਵਾਲੀ ਸਵਰਨਰੇਖਾ (Swarna Rekha River in jharkhand) ਨਦੀ ਦੀ। ਨਦੀ 'ਚ ਪਾਣੀ ਦੇ ਨਾਲ-ਨਾਲ ਸੋਨੇ ਦੇ ਵਹਿਣ ਕਾਰਨ ਇਸ ਨੂੰ ਸਵਰਨਰੇਖਾ ਨਦੀ ਕਿਹਾ ਜਾਂਦਾ ਹੈ। ਝਾਰਖੰਡ 'ਚ ਕੁਝ ਅਜਿਹੀਆਂ ਥਾਵਾਂ ਹਨ, ਜਿੱਥੇ ਸਥਾਨਕ ਆਦਿਵਾਸੀ ਸਵੇਰੇ ਇਸ ਨਦੀ 'ਤੇ ਜਾਂਦੇ ਹਨ ਤੇ ਦਿਨ ਭਰ ਰੇਤ ਕੱਢ ਕੇ ਸੋਨੇ ਦੇ ਕਣ ਇਕੱਠੇ ਕਰਦੇ ਹਨ। ਕਈ ਪੀੜ੍ਹੀਆਂ ਇਸ ਕੰਮ 'ਚ ਲੱਗੀਆਂ ਹੋਈਆਂ ਹਨ। ਤਮਾੜ ਤੇ ਸਾਰੰਡਾ ਵਰਗੇ ਖੇਤਰ ਹਨ, ਜਿੱਥੇ ਮਰਦ, ਔਰਤਾਂ ਤੇ ਬੱਚੇ ਸਵੇਰੇ-ਸਵੇਰੇ ਉੱਠ ਕੇ ਨਦੀ ਤੋਂ ਸੋਨਾ ਇਕੱਠਾ ਕਰਦੇ ਹਨ।

ਇਹ ਨਦੀ ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ 'ਚ ਵਗਦੀ ਹੈ ਤੇ ਇਸ ਦਾ ਮੂਲ ਸਥਾਨ ਝਾਰਖੰਡ ਦੇ ਰਾਂਚੀ ਸ਼ਹਿਰ ਤੋਂ ਲਗਪਗ 16 ਕਿਲੋਮੀਟਰ ਦੂਰ ਹੈ। ਇਸ ਨਦੀ ਨਾਲ ਜੁੜੀ ਇਕ ਹੈਰਾਨੀਜਨਕ ਗੱਲ ਇਹ ਹੈ ਕਿ ਰਾਂਚੀ 'ਚ ਆਪਣਾ ਮੂਲ ਸਥਾਨ ਛੱਡਣ ਤੋਂ ਬਾਅਦ ਇਹ ਨਦੀ ਉਸ ਖੇਤਰ 'ਚ ਕਿਸੇ ਹੋਰ ਨਦੀ ਨੂੰ ਨਹੀਂ ਮਿਲਦੀ, ਸਗੋਂ ਇਹ ਨਦੀ ਸਿੱਧੇ ਬੰਗਾਲ ਦੀ ਖਾੜੀ 'ਚ ਜਾ ਡਿੱਗਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇੱਥੇ ਖੋਜ ਕਰਨ ਵਾਲੇ ਕਈ ਭੂ-ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਦੀ ਚੱਟਾਨਾਂ ਤੋਂ ਲੰਘਦੀ ਹੈ ਅਤੇ ਇਸ ਕਾਰਨ ਇਸ 'ਚ ਸੋਨੇ ਦੇ ਕਣ ਆਉਂਦੇ ਹਨ। ਹਾਲਾਂਕਿ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ, ਇਹ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਵਰਨਰੇਖਾ ਦੀ ਸਹਾਇਕ ਨਦੀ 'ਕਰਕਰੀ' ਦੀ ਰੇਤ 'ਚ ਵੀ ਸੋਨੇ ਦੇ ਕਣ ਪਾਏ ਜਾਂਦੇ ਹਨ। ਜਦਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਵਰਨਰੇਖਾ ਨਦੀ 'ਚ ਜੋ ਸੋਨੇ ਦੇ ਕਣ ਮਿਲਦੇ ਹਨ, ਉਹ ਕਰਕਰੀ ਨਦੀ 'ਚੋਂ ਵਹਿ ਕੇ ਹੀ ਆਉਂਦੇ ਹਨ।

ਨਦੀ ਦੀ ਰੇਤ 'ਚੋਂ ਸੋਨਾ ਇਕੱਠਾ ਕਰਨ ਲਈ ਲੋਕਾਂ ਨੂੰ ਦਿਨ ਭਰ ਮਿਹਨਤ ਕਰਨੀ ਪੈਂਦੀ ਹੈ। ਆਦਿਵਾਸੀ ਪਰਿਵਾਰ ਦੇ ਲੋਕ ਪਾਣੀ 'ਚ ਸੋਨੇ ਦੇ ਕਣ ਲੱਭਣ ਲਈ ਦਿਨ ਭਰ ਕੰਮ ਕਰਦੇ ਹਨ। ਆਮ ਤੌਰ 'ਤੇ ਇਕ ਵਿਅਕਤੀ ਦਿਨ ਭਰ ਦੇ ਕੰਮ ਤੋਂ ਬਾਅਦ ਸਿਰਫ਼ ਇਕ ਜਾਂ ਦੋ ਸੋਨੇ ਦੇ ਕਣ ਕੱਢਣ 'ਚ ਸਫ਼ਲ ਹੋ ਪਾਉਂਦਾ ਹੈ। ਇੱਕ ਕਣ ਵੇਚ ਕੇ 80 ਤੋਂ 100 ਰੁਪਏ ਕਮਾ ਲੈਂਦੇ ਹਨ। ਇਸ ਤਰ੍ਹਾਂ ਇੱਕ ਵਿਅਕਤੀ ਸੋਨੇ ਦੇ ਕਣ ਵੇਚ ਕੇ ਮਹੀਨੇ 'ਚ ਔਸਤਨ 5 ਤੋਂ 8 ਹਜ਼ਾਰ ਰੁਪਏ ਕਮਾ ਲੈਂਦਾ ਹੈ।