ਬਿਹਾਰ ਦੇ ਪੂਰਨੀਆ ਜ਼ਿਲੇ ਦੇ ਕਸਬੇ ‘ਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਦਿੱਲੀ ਪੁਲਸ ਬਲਾਤਕਾਰ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਇਕ ਘਰ ‘ਚ ਦਾਖਲ ਹੋਈ। ਹੰਗਾਮਾ ਇੰਨਾ ਵੱਧ ਗਿਆ ਕਿ ਲੋਕਾਂ ਨੇ ਦਿੱਲੀ ਪੁਲਸ ਦੀ ਟੀਮ ਨੂੰ ਬੰਧਕ ਬਣਾ ਲਿਆ। ਹੰਗਾਮੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਨੁਮਾਇੰਦੇ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਦਿੱਲੀ ਪੁਲਸ ਦੀ ਟੀਮ ਵੱਲੋਂ ਮੁਆਫੀਨਾਮਾ ਲਿਖ ਕੇ ਲੋਕਾਂ ਨੇ ਉਨ੍ਹਾਂ ਨੂੰ ਰਿਹਾਅ ਕੀਤਾ।



ਘਟਨਾ ਸਬੰਧੀ ਪੀੜਤਾ ਸੋਨੀ ਦੇਵੀ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਟੀਮ ਬਲਾਤਕਾਰ ਦੇ ਦੋਸ਼ੀ ਵਿੱਕੀ ਠਾਕੁਰ ਨੂੰ ਗ੍ਰਿਫ਼ਤਾਰ ਕਰਨ ਲਈ ਕਸਬਾ ਪਹੁੰਚੀ ਸੀ। ਪਰ ਵਿੱਕੀ ਠਾਕੁਰ ਦੀ ਬਜਾਏ ਉਹ ਉਸਦੇ ਪਤੀ ਕ੍ਰਿਸ਼ਨ ਚੌਧਰੀ ਦੇ ਘਰ ਦਾਖਲ ਹੋ ਗਈ ਅਤੇ ਉਸ ਦੇ ਪਤੀ ਨੂੰ ਉਨ੍ਹਾਂ ਦੇ ਬੈੱਡਰੂਮ ਤੋਂ ਜ਼ਬਰਦਸਤੀ ਘਸੀਟਣਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਚੌਧਰੀ ਦੀ ਪਤਨੀ ਸੋਨੀ ਦੇਵੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਮੰਜੇ ਉਤੇ ਪਈ ਸੀ। ਉਦੋਂ ਦਿੱਲੀ ਪੁਲਸ ਦੇ ਪੰਜ ਮੁਲਾਜ਼ਮ ਕਮਰੇ ਵਿਚ ਆ ਵੜੇ, ਜਿਨ੍ਹਾਂ ਵਿੱਚੋਂ ਚਾਰ ਸਾਦੇ ਕੱਪੜਿਆਂ ਵਿੱਚ ਸਨ ਅਤੇ ਇੱਕ ਦਿੱਲੀ ਪੁਲਸ ਦੀ ਵਰਦੀ ਵਿੱਚ ਸੀ।


ਉਹ ਉਸ ਦੇ ਬੈੱਡਰੂਮ ਵਿਚ ਦਾਖਲ ਹੋਏ ਅਤੇ ਉਸ ਦੇ ਪਤੀ ਕ੍ਰਿਸ਼ਨ ਚੌਧਰੀ ਨੂੰ ਜ਼ਬਰਦਸਤੀ ਫੜ ਕੇ ਲੈ ਗਏ। ਜਦੋਂ ਉਸ ਨੇ ਪੁਲਸ ਨੂੰ ਜ਼ਬਰਦਸਤੀ ਲੈ ਜਾਣ ਦਾ ਕਾਰਨ ਪੁੱਛਿਆ ਤਾਂ ਪੁਲਸ ਨੇ ਕਿਹਾ ਕਿ ਉਸ ‘ਤੇ ਬਲਾਤਕਾਰ ਦਾ ਦੋਸ਼ ਹੈ। ਜਦੋਂ ਸੋਨੀ ਨੇ ਵਾਰੰਟ ਮੰਗੇ ਤਾਂ ਪੁਲਸ ਨੇ ਕਾਗਜ਼ ਨਹੀਂ ਦਿਖਾਏ। ਫਿਰ ਬਾਅਦ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਵਿੱਕੀ ਠਾਕੁਰ ਨੂੰ ਗ੍ਰਿਫਤਾਰ ਕਰਨ ਆਏ ਹਨ। ਇਸ ਤੋਂ ਬਾਅਦ ਕਸਬਾ ਗੁਦਰੀ ਬਾਜ਼ਾਰ ਦੇ ਲੋਕਾਂ ਨੇ ਇਕੱਠੇ ਹੋ ਕੇ ਦਿੱਲੀ ਪੁਲਸ ਨੂੰ ਬੰਧਕ ਬਣਾ ਲਿਆ।



ਸੂਚਨਾ ਮਿਲਦੇ ਹੀ ਕਸਬਾ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸਥਾਨਕ ਲੋਕ ਨੁਮਾਇੰਦੇ ਗੋਪਾਲ ਯਾਦਵ ਦੇ ਕਹਿਣ ‘ਤੇ ਦਿੱਲੀ ਪੁਲਸ ਨੂੰ ਮੁਆਫੀਨਾਮਾ ਪੱਤਰ ਲਿਖਣ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਛੱਡਿਆ ਗਿਆ। ਇਸ ਸਬੰਧੀ ਪੂਰਨੀਆ ਦੇ ਐਸਪੀ ਉਪੇਂਦਰਨਾਥ ਵਰਮਾ ਨੇ ਦੱਸਿਆ ਕਿ ਦਿੱਲੀ ਪੁਲਸ ਗਲਤੀ ਨਾਲ ਕਿਸੇ ਹੋਰ ਦੇ ਘਰ ਚਲੀ ਗਈ ਸੀ। ਪਰ ਫਿਰ ਸਥਾਨਕ ਲੋਕਾਂ ਦੀ ਮਦਦ ਨਾਲ ਅਸਲ ਮੁਲਜ਼ਮਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਗਲਤਫਹਿਮੀ ਕਾਰਨ ਕੁਝ ਸਮੇਂ ਲਈ ਦਿੱਲੀ ਪੁਲਸ ਨੂੰ ਬੰਧਕ ਬਣਾ ਲਿਆ ਗਿਆ ਸੀ।