Carpenter shark : ਕਰਨਾਟਕ ਦੇ ਮਾਲਪੇ 'ਚ ਮਛੇਰਿਆਂ ਨੇ ਇਕ ਦੁਰਲੱਭ 'ਆਰਾ ਮੱਛੀ' ਫੜੀ। ਜਿਸ ਨੂੰ ਦੇਖ ਕੇ ਮਛੇਰੇ ਖੁਦ ਵੀ ਹੈਰਾਨ ਰਹਿ ਗਏ। ਮਛੇਰਿਆਂ ਨੇ ਡੂੰਘੇ ਸਮੁੰਦਰ 'ਚ ਮੱਛੀ ਫੜਨ ਵਾਲੀ ਕਿਸ਼ਤੀ 'ਸੀ ਕੈਪਟਨ' 'ਚੋਂ ਕਰੀਬ 250 ਕਿਲੋ 'ਆਰੀ ਮੱਛੀ' ਫੜੀ। ਇਸ ਨੂੰ ਕਰੇਨ ਦੀ ਮਦਦ ਨਾਲ ਬੀਚ 'ਤੇ ਲਿਆਂਦਾ ਗਿਆ ਅਤੇ ਇਸ ਦੌਰਾਨ ਲੋਕਾਂ ਦੀ ਭੀੜ ਲੱਗ ਗਈ। ਹਰ ਕੋਈ ਇਸ ਮੱਛੀ ਦੀ ਝਲਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਮੱਛੀ ਨੂੰ 'ਕਾਰਪੇਂਟਰ ਸ਼ਾਰਕ' ਵੀ ਕਿਹਾ ਜਾਂਦਾ ਹੈ ਅਤੇ ਇਹ ਲੁਪਤ ਹੋਣ ਵਾਲੀ ਪ੍ਰਜਾਤੀ ਹੈ। ਇਹ ਜੰਗਲੀ ਜੀਵ (ਸੁਰੱਖਿਆ) ਐਕਟ 1972 ਦੀ ਅਨੁਸੂਚੀ 1 ਅਧੀਨ ਸੁਰੱਖਿਅਤ ਹੈ। ਮੈਂਗਲੋਰ ਸਿਟੀ ਨਾਮ ਦੇ ਟਵਿੱਟਰ ਅਕਾਊਂਟ ਨੇ ਸਾਵਫਿਸ਼ ਦੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। ਇਸ ਨੇ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਕਾਰਪੇਂਟਰ ਸ਼ਾਰਕ ਇੱਕ ਖ਼ਤਰੇ ਵਿੱਚ ਪੈ ਰਹੀ ਪ੍ਰਜਾਤੀ ਹੈ। ਜਿਸਦੀ ਆਬਾਦੀ ਵਿੱਚ ਗਿਰਾਵਟ ਆਈ ਹੈ। ਮਾਹਿਰਾਂ ਮੁਤਾਬਕ ਪਿਛਲੇ ਦਹਾਕੇ 'ਚ ਇਸ ਪ੍ਰਜਾਤੀ ਨੂੰ ਭਾਰਤੀ ਤੱਟ 'ਤੇ 10 ਤੋਂ ਵੀ ਘੱਟ ਵਾਰ ਦੇਖਿਆ ਗਿਆ ਹੈ।
ਮਾਲਪੇ ਮੱਛੀ ਬੰਦਰਗਾਹ 'ਤੇ ਲਿਆਉਣ ਤੋਂ ਬਾਅਦ ਇਸ ਨੂੰ ਕਥਿਤ ਤੌਰ 'ਤੇ ਮੰਗਲੁਰੂ ਦੇ ਇਕ ਵਪਾਰੀ ਨੂੰ ਵੇਚ ਦਿੱਤਾ ਗਿਆ ਸੀ। ਹਾਲਾਂਕਿ ਖ਼ਤਰੇ ਵਿੱਚ ਪਈਆਂ ਅਤੇ ਸੁਰੱਖਿਅਤ ਪ੍ਰਜਾਤੀਆਂ ਦੀ ਨਿਲਾਮੀ ਮਛੇਰਿਆਂ ਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਇਸ ਮੱਛੀ ਨੂੰ ਨਿਲਾਮ ਕਰਨ 'ਤੇ ਬਾਘ ਨੂੰ ਮਾਰਨ ਦੇ ਬਰਾਬਰ ਸਜ਼ਾ ਦਿੱਤੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੱਛੀ ਪਾਲਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਗਣੇਸ਼ ਕੇ ਨੇ ਪੁਸ਼ਟੀ ਕੀਤੀ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਪ੍ਰਜਾਤੀ ਦੀਆਂ ਮੱਛੀਆਂ ਨੂੰ ਉਨ੍ਹਾਂ ਦੇ ਲੰਬੇ ਅਤੇ ਤੰਗ ਨੱਕ ਕਾਰਨ ਵਿਸ਼ੇਸ਼ ਮੰਨਿਆ ਜਾਂਦਾ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਦੇ ਅਨੁਸਾਰ ਆਰਾ ਮੱਛੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਖ਼ਤਰੇ ਵਾਲੀਆਂ ਸਮੁੰਦਰੀ ਮੱਛੀਆਂ ਵਿੱਚੋਂ ਇੱਕ ਹੈ। ਆਰਾ ਮੱਛੀ ਦੀਆਂ ਸਾਰੀਆਂ ਪੰਜ ਕਿਸਮਾਂ ਖ਼ਤਰੇ ਵਿੱਚ ਹਨ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਤੌਰ 'ਤੇ ਖ਼ਤਰੇ ਵਿੱਚ ਹਨ। ਭਾਰਤ ਵਿੱਚ ਇਸ ਨੂੰ ਫੜਨ ਅਤੇ ਨਿਲਾਮ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਵਿਵਸਥਾ ਹੈ, ਕਿਉਂਕਿ ਇਹ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਸੁਰੱਖਿਅਤ ਹੈ।