Army Dogs: ਕੁੱਤੇ ਨੂੰ ਮਨੁੱਖ ਦਾ ਸਭ ਤੋਂ ਵਫ਼ਾਦਾਰ ਦੋਸਤ ਕਿਹਾ ਜਾਂਦਾ ਹੈ। ਭਾਰਤੀ ਫ਼ੌਜ ਦੁਸ਼ਮਣ ਦਾ ਪਤਾ ਲਗਾਉਣ ਲਈ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ। ਕਿਹਾ ਜਾਂਦਾ ਹੈ ਕਿ ਭਾਰਤੀ ਫ਼ੌਜ ਰਿਟਾਇਰਮੈਂਟ ਤੋਂ ਬਾਅਦ ਆਪਣੇ ਕੁੱਤਿਆਂ ਅਤੇ ਘੋੜਿਆਂ ਨੂੰ ਗੋਲੀ ਮਾਰ ਦਿੰਦੀ ਹੈ। ਇੰਟਰਨੈੱਟ 'ਤੇ ਕਈ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਕੁੱਤਿਆਂ ਦੀ ਸੇਵਾ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਫ਼ੌਜ ਦੇ ਇਸ ਵਤੀਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਜਾਂਦੇ ਹਨ ਅਤੇ ਇਸ ਨੂੰ ਅਣਮਨੁੱਖੀ ਕੰਮ ਕਿਹਾ ਜਾਂਦਾ ਹੈ। ਪਰ ਕੀ ਭਾਰਤੀ ਫ਼ੌਜ ਸੱਚਮੁੱਚ ਅਜਿਹਾ ਕਰਦੀ ਹੈ? ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ...


ਕੁੱਤੇ ਵੀ ਕੀਤੇ ਜਾਂਦੇ ਹਨ ਭਰਤੀ


ਭਾਰਤੀ ਫ਼ੌਜ 'ਚ ਸਿਪਾਹੀਆਂ ਵਾਂਗ ਕੁੱਤਿਆਂ ਦੀ ਵੀ ਭਰਤੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ 'ਚ ਉਹ ਬੰਬ ਜਾਂ ਕਿਸੇ ਵਿਸਫੋਟਕ ਦੀ ਸੁੰਘਣ ਲਈ ਤਿਆਰ ਕੀਤੇ ਜਾਂਦੇ ਹਨ। ਫ਼ੌਜ ਜ਼ਿਆਦਾਤਰ ਲੈਬਰਾਡੋਰ, ਜਰਮਨ ਸ਼ੈਫਰਡ, ਬੈਲਜੀਅਨ ਸ਼ੈਫਰਡ ਨਸਲ ਦੇ ਕੁੱਤਿਆਂ ਦੀ ਭਰਤੀ ਕਰਦੀ ਹੈ। ਇਨ੍ਹਾਂ ਕੁੱਤਿਆਂ ਨੂੰ ਰੈਂਕ ਅਤੇ ਨਾਮ ਵੀ ਦਿੱਤੇ ਜਾਂਦੇ ਹਨ, ਨਾਲ ਹੀ ਇਨ੍ਹਾਂ ਦੀ ਸੇਵਾਮੁਕਤੀ 'ਤੇ ਕਈ ਰਸਮਾਂ ਦੀ ਪਾਲਣਾ ਕੀਤੀ ਜਾਂਦੀ ਹੈ।


ਕੀ ਸੱਚਮੁੱਚ ਕੁੱਤਿਆਂ ਨੂੰ ਗੋਲੀ ਮਾਰੀ ਜਾਂਦੀ ਹੈ?


'ਦੀ ਪ੍ਰਿੰਟ' ਦੀ ਇਕ ਰਿਪੋਰਟ 'ਚ ਫ਼ੌਜ ਦੇ ਬੁਲਾਰੇ ਨੇ ਗੱਲਬਾਤ 'ਚ ਦੱਸਿਆ ਕਿ ਇਹ ਤੱਥ ਗਲਤ ਹੈ। ਰਿਪੋਰਟ ਮੁਤਾਬਕ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਸਾਲ 2015 'ਚ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਫ਼ੌਜ ਨੇ ਜਾਨਵਰਾਂ ਦੀ ਇੱਛਾ ਮੌਤ (ਰਹਿਮ-ਹੱਤਿਆ) 'ਤੇ ਰੋਕ ਲਗਾ ਦਿੱਤੀ ਹੈ। ਮਤਲਬ ਰਿਟਾਇਰਮੈਂਟ ਤੋਂ ਬਾਅਦ ਫ਼ੌਜ ਵੱਲੋਂ ਕੁੱਤਿਆਂ ਨੂੰ ਗੋਲੀ ਨਹੀਂ ਮਾਰੀ ਜਾਂਦੀ। ਉਨ੍ਹਾਂ ਅੱਗੇ ਦੱਸਿਆ ਕਿ ਇੱਛਾ ਮੌਤ ਉਨ੍ਹਾਂ ਨੂੰ ਹੀ ਦਿੱਤੀ ਜਾਂਦੀ ਹੈ ਜੋ ਕਿਸੇ ਲਾਇਲਾਜ ਬਿਮਾਰੀ ਤੋਂ ਪੀੜ੍ਹਤ ਹਨ।


ਇਹ ਹੈ ਗੋਲੀ ਮਾਰਨ ਵਾਲੇ ਦਾਅਵੇ ਪਿੱਛੇ ਦੀ ਦਲੀਲ


ਫ਼ੌਜ ਦੇ ਕੁੱਤਿਆਂ ਨੂੰ ਗੋਲੀ ਮਾਰਨ ਦੇ ਦਾਅਵੇ ਪਿੱਛੇ ਕਿਹਾ ਜਾਂਦਾ ਹੈ ਕਿ ਭਾਰਤੀ ਫ਼ੌਜ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਅਜਿਹਾ ਕਰਦੀ ਸੀ। ਫੌਜੀ ਡਰਦੇ ਸਨ ਕਿ ਰਿਟਾਇਰਮੈਂਟ ਤੋਂ ਬਾਅਦ ਜੇਕਰ ਕੁੱਤਾ ਗਲਤ ਹੱਥਾਂ 'ਚ ਆ ਗਿਆ ਤਾਂ ਮੁਸ਼ਕਲ ਹੋ ਸਕਦੀ ਹੈ। ਕੋਈ ਵੀ ਇਨ੍ਹਾਂ ਦੀ ਦੁਰਵਰਤੋਂ ਨਾ ਕਰ ਸਕੇ, ਇਸ ਲਈ ਇਨ੍ਹਾਂ ਐਕਸਪਰਟ ਕੁੱਤਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁੱਤਿਆਂ ਨੂੰ ਫੌਜ ਦੇ ਸੁਰੱਖਿਅਤ ਅਤੇ ਖੁਫੀਆ ਟਿਕਾਣਿਆਂ ਦੀ ਪੂਰੀ ਜਾਣਕਾਰੀ ਹੁੰਦੀ ਹੈ।


ਰਿਟਾਇਰਮੈਂਟ ਤੋਂ ਬਾਅਦ ਇਨ੍ਹਾਂ ਕੁੱਤਿਆਂ ਦਾ ਕੀ ਹੁੰਦਾ ਹੈ?


ਹੁਣ ਸਵਾਲ ਇਹ ਹੈ ਕਿ ਸੇਵਾਮੁਕਤੀ ਤੋਂ ਬਾਅਦ ਫ਼ੌਜ ਦੇ ਕੁੱਤਿਆਂ ਨਾਲ ਕੀ ਕੀਤਾ ਜਾਂਦਾ ਹੈ? ਭਾਰਤੀ ਫ਼ੌਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੇਵਾਮੁਕਤੀ ਤੋਂ ਬਾਅਦ ਇਨ੍ਹਾਂ ਕੁੱਤਿਆਂ ਨੂੰ ਮੇਰਠ (ਕੁੱਤਿਆਂ ਲਈ) ਅਤੇ ਉੱਤਰਾਖੰਡ ਦੇ ਹੇਮਪੁਰ (ਘੋੜਿਆਂ ਲਈ) 'ਬੁਢਾਪਾ ਘਰਾਂ' ਵਿੱਚ ਭੇਜਿਆ ਜਾਂਦਾ ਹੈ। ਜਿੱਥੇ ਉਨ੍ਹਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਅਤੇ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਹੈ।