Separate country Kailasa: ਭਾਰਤ ਵਿੱਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਨਿਤਿਆਨੰਦ (Nithyananda) ਵਿਰੁੱਧ ਇੰਟਰਪੋਲ ਦਾ ਨੋਟਿਸ ਜਾਰੀ ਹੈ, ਪਰ ਉਹਨੇ ਇੱਕ ਵੱਖਰੀ ਦੁਨੀਆ ਵਸਾ ਲਈ ਹੈ। ਉਸ ਦੁਨੀਆ ਦਾ ਨਾਮ ਕੈਲਾਸਾ (Kailasa) ਹੈ, ਇੱਥੇ ਨਿਤਿਆਨੰਦ ਨਿਡਰ ਹੋ ਕੇ ਰਹਿੰਦਾ ਹੈ। ਉਸ ਨੂੰ ਕਿਸੇ ਕਾਨੂੰਨ ਦਾ ਡਰ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਕੈਲਾਸਾ ਨੂੰ ਹਿੰਦੂ ਰਾਸ਼ਟਰ ਕਹਿੰਦਾ ਹੈ ਅਤੇ ਇਸ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਦੇ ਫੋਰਮ ਵਿਚ ਸ਼ਾਮਲ ਹੋਣ ਦਾ ਦਾਅਵਾ ਕਰਦੇ ਹਨ।
ਭਗੌੜੇ ਨਿਤਿਆਨੰਦ ਦੇ ਵੱਖਰੇ ਦੇਸ਼ ਕੈਲਾਸਾ ਬਾਰੇ ਕਿਸੇ ਦੇ ਵੀ ਮਨ ਵਿੱਚ ਵੱਡੇ ਸਵਾਲ ਉੱਠ ਸਕਦੇ ਹਨ। ਇਹ ਭੂਗੋਲਿਕ ਤੌਰ 'ਤੇ ਕਿੱਥੇ ਹੈ? ਇਹ ਦੇਸ਼ ਕਿੰਨਾ ਵੱਡਾ ਹੈ? ਇਸਦੀ ਆਬਾਦੀ ਕਿੰਨੀ ਹੈ? ਇੱਥੇ ਕਿਹੋ ਜਿਹੀਆਂ ਸਹੂਲਤਾਂ ਹਨ? ਇਹ ਸਥਾਨ ਕਦੋਂ ਹੋਂਦ ਵਿੱਚ ਆਇਆ? ਇੱਥੇ ਵਸਣ ਪਿੱਛੇ ਨਿਤਿਆਨੰਦ ਦਾ ਕੀ ਮਕਸਦ ਹੈ? ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਸੰਭਵ ਹੈ?
ਕੈਲਾਸਾ ਕਿੱਥੇ?
ਬਲਾਤਕਾਰ ਮਾਮਲੇ ਦੇ ਦੋਸ਼ੀ ਨਿਤਿਆਨੰਦ ਦਾ ਕੈਲਾਸਾ ਦੱਖਣੀ ਅਮਰੀਕਾ ਦੇ ਇਕਵਾਡੋਰ 'ਚ ਹੈ। ਭਾਰਤ ਤੋਂ ਇਸ ਦੀ ਦੂਰੀ ਕਰੀਬ 17 ਹਜ਼ਾਰ ਕਿਲੋਮੀਟਰ ਹੈ। ਹਾਲਾਂਕਿ ਕੈਲਾਸਾ ਵੈੱਬਸਾਈਟ ਦਾ ਦਾਅਵਾ ਹੈ ਕਿ ਦੁਨੀਆ 'ਚ ਉਸ ਦੇ ਦੇਸ਼ ਦੇ ਕਰੀਬ 2 ਕਰੋੜ ਨਾਗਰਿਕ ਹਨ ਪਰ ਸੰਯੁਕਤ ਰਾਸ਼ਟਰ (UN) 'ਚ ਸ਼ਾਮਲ ਹੋਣ ਦਾ ਦਾਅਵਾ ਕਰਨ ਵਾਲੀ ਵਿਜੇਪ੍ਰਿਆ ਨਿਤਿਆਨੰਦ ਨੇ ਕਿਹਾ ਹੈ ਕਿ ਇੱਥੇ ਦੀ ਆਬਾਦੀ 20 ਲੱਖ ਹੈ। ਵਿਜੇਪ੍ਰਿਆ ਦਾ ਦਾਅਵਾ ਹੈ ਕਿ ਕੈਲਾਸਾ ਦੇ 150 ਦੇਸ਼ਾਂ ਵਿੱਚ ਦੂਤਾਵਾਸ ਹਨ।
ਕੈਲਾਸਾ ਕਦੋਂ ਹੋਂਦ ਵਿੱਚ ਆਇਆ?
ਸਾਲ 2020 ਵਿੱਚ, ਨਿਤਿਆਨੰਦ ਨੇ ਘੋਸ਼ਣਾ ਕੀਤੀ ਕਿ ਉਸਨੇ ਇੱਕਵਾਡੋਰ ਦੇ ਨੇੜੇ ਇੱਕ ਟਾਪੂ ਖਰੀਦਿਆ ਹੈ ਅਤੇ ਇੱਕ ਨਵਾਂ ਦੇਸ਼ ਸਥਾਪਤ ਕੀਤਾ ਹੈ। ਅਸਲ ਵਿੱਚ ਜਦੋਂ ਅਸੀਂ ਕਿਸੇ ਦੇਸ਼ ਦੀ ਗੱਲ ਕਰਦੇ ਹਾਂ ਤਾਂ ਉਸ ਦੇਸ਼ ਦਾ ਆਪਣਾ ਝੰਡਾ, ਸੰਵਿਧਾਨ, ਪਾਸਪੋਰਟ ਅਤੇ ਇੱਕ ਚਿੰਨ੍ਹ ਹੁੰਦਾ ਹੈ। ਕੈਲਾਸਾ ਬਾਰੇ ਗੱਲ ਕਰਦੇ ਹੋਏ, ਇੱਥੋਂ ਦੇ ਪ੍ਰਤੀਨਿਧੀ ਨੇ ਦਾਅਵਾ ਕੀਤਾ ਹੈ ਕਿ ਕੈਲਾਸਾ ਵਿੱਚ ਹਿੰਦੂ ਧਰਮ ਗ੍ਰੰਥਾਂ ਅਤੇ ਮਨੁਸਮ੍ਰਿਤੀ ਦਾ ਕਾਨੂੰਨ ਚੱਲਦਾ ਹੈ। ਕੈਲਾਸਾ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਦੇ ਬਕਾਇਦਾ ਸਾਰੇ ਮੰਤਰਾਲੇ ਹਨ।
ਵੱਖਰਾ ਦੇਸ਼ ਬਣਾਉਣਾ ਕਿੰਨਾ ਸੌਖਾ?
ਕੈਲਾਸਾ ਬਾਰੇ ਦਾਅਵਾ ਹੈ ਕਿ ਇਸ ਦੀ ਆਪਣੀ ਮੁਦਰਾ ਵੀ ਹੈ। ਪਰ ਕਰੰਸੀ ਬਣਾਉਣਾ, ਟਾਪੂ ਖਰੀਦਣ ਅਤੇ ਦੇਸ਼ ਬਣਾਉਣ ਵਿੱਚ ਫਰਕ ਹੈ। ਆਮ ਤੌਰ 'ਤੇ ਅਮੀਰ ਕਾਰੋਬਾਰੀ ਲੋਕ ਟਾਪੂ ਖਰੀਦਦੇ ਹਨ। ਪਰ ਵੱਖਰੇ ਦੇਸ਼ ਵਜੋਂ ਮਾਨਤਾ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਇਸ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਉਦੋਂ ਹੀ ਸੰਯੁਕਤ ਰਾਸ਼ਟਰ ਕਿਸੇ ਦੇਸ਼ ਨੂੰ ਮਾਨਤਾ ਦਿੰਦਾ ਹੈ਼। ਨਿਤਿਆਨੰਦ 'ਤੇ ਬਲਾਤਕਾਰ ਦਾ ਦੋਸ਼ ਹੈ, ਉਸ ਦੇ ਖਿਲਾਫ ਭਾਰਤ 'ਚ ਕੇਸ ਚੱਲ ਰਿਹਾ ਹੈ, ਇਸ ਲਈ ਉਸ ਦੇ ਕੈਲਾਸਾ ਨੂੰ ਦੇਸ਼ ਵਜੋਂ ਮਾਨਤਾ ਮਿਲਣ ਬਾਰੇ ਸ਼ੱਕ ਹੈ।
ਹੁਣ ਜਾਣੋ ਵਿਜੇਪ੍ਰਿਆ ਬਾਰੇ
ਵਿਜੇਪ੍ਰਿਆ ਦਾ ਪੂਰਾ ਨਾਂ 'ਮਾਂ ਵਿਜੇਪ੍ਰਿਆ ਨਿਤਿਆਨੰਦ' ਦੱਸਿਆ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਕੈਲਾਸਾ ਦੀ ਸਥਾਈ ਪ੍ਰਤੀਨਿਧੀ ਹੈ। ਉਸਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਅਨੁਸਾਰ, ਵਿਜੇਪ੍ਰਿਆ ਨੇ ਸਾਲ 2014 ਵਿੱਚ ਮੈਨੀਟੋਬਾ ਯੂਨੀਵਰਸਿਟੀ, ਕੈਨੇਡਾ ਤੋਂ ਮਾਈਕ੍ਰੋਬਾਇਓਲੋਜੀ ਵਿੱਚ ਗ੍ਰੈਜੂਏਸ਼ਨ ਕੀਤੀ। ਉਹ ਅੰਗਰੇਜ਼ੀ, ਫ੍ਰੈਂਚ, ਕ੍ਰੀਓਲ ਭਾਸ਼ਾਵਾਂ ਜਾਣਦੀ ਹੈ। ਕਾਲਜ ਵਿੱਚ ਵਧੀਆ ਕਾਰਗੁਜ਼ਾਰੀ ਲਈ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ 2013 ਅਤੇ 2014 ਵਿੱਚ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਵਿਦਿਆਰਥੀ ਸਕਾਲਰਸ਼ਿਪ ਵੀ ਪ੍ਰਾਪਤ ਕੀਤੀ।
ਸੰਯੁਕਤ ਰਾਸ਼ਟਰ ਦੇ ਕਿਹੜੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਦਾਅਵਾ?
ਅਸਲ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਹੈ ਜਿਸ ਨੂੰ ਕਮੇਟੀ ਆਨ ਇਕਨਾਮਿਕ, ਸੋਸ਼ਲ ਐਂਡ ਕਲਚਰਲ ਰਾਈਟਸ (CESCR) ਕਿਹਾ ਜਾਂਦਾ ਹੈ। ਇਹ 18 ਸੁਤੰਤਰ ਮਾਹਰਾਂ ਦੀ ਇੱਕ ਸੰਸਥਾ ਹੈ ਜੋ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਦੀ ਹੈ। ਇਹ ਪੈਨਲ ਸਾਲ ਵਿੱਚ ਦੋ ਵਾਰ ਬੈਠਦਾ ਹੈ। ਵਿਜੇਪ੍ਰਿਆ ਨੇ ਬੀਤੀ 22 ਫਰਵਰੀ ਨੂੰ ਸਵਿਟਜ਼ਰਲੈਂਡ ਦੇ ਜੇਨੇਵਾ ਵਿੱਚ ਹੋਏ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਬਾਰੇ ਇਸੇ ਕਮੇਟੀ ਦੇ 73ਵੇਂ ਸੈਸ਼ਨ ਵਿੱਚ ਹਿੱਸਾ ਲੈਣ ਦਾ ਦਾਅਵਾ ਕੀਤਾ।