ਸੀਟੀ ਸਕੈਨ ਦੌਰਾਨ ਇੱਕ ਔਰਤ ਦੀ ਅਚਾਨਕ ਮੌਤ ਹੋ ਗਈ। ਜਿਵੇਂ ਹੀ ਉਸਨੂੰ ਸਕੈਨਿੰਗ ਲਈ ਅੰਦਰ ਲਿਜਾਇਆ ਗਿਆ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਹੁਣ ਧੀ ਨੇ ਹਸਪਤਾਲ 'ਤੇ ਸਵਾਲ ਖੜ੍ਹੇ ਕੀਤੇ ਹਨ।
ਦਰਅਸਲ, ਨੌਰਥੈਂਪਟਨ ਦੀ ਇਹ ਔਰਤ ਇੱਕ ਦੁਰਲੱਭ ਐਲਰਜੀ ਵਾਲੀ ਬਿਮਾਰੀ ਤੋਂ ਪੀੜਤ ਸੀ। ਉਸਨੂੰ ਡਾਈ ਤੋਂ ਐਲਰਜੀ ਸੀ। ਇਸ ਕਰਕੇ, ਜਦੋਂ ਸੀਟੀ ਸਕੈਨ ਤੋਂ ਪਹਿਲਾਂ ਉਸ ਵਿੱਚ ਡਾਈ (ਕੰਟਰਾਸਟ ਮਾਧਿਅਮ) ਦਾ ਟੀਕਾ ਲਗਾਇਆ ਗਿਆ, ਤਾਂ ਇੱਕ ਗੰਭੀਰ ਪ੍ਰਤੀਕ੍ਰਿਆ ਹੋਈ ਅਤੇ ਉਸਦੀ ਮੌਤ ਹੋ ਗਈ। ਧੀ ਦਾ ਮੰਨਣਾ ਹੈ ਕਿ ਜੇ ਸਕੈਨ ਰੂਮ ਵਿੱਚ ਐਪੀਪੈਨ (EpiPen) ਮੌਜੂਦ ਹੁੰਦਾ, ਤਾਂ ਉਸਦੀ ਮਾਂ ਦੀ ਜਾਨ ਬਚਾਈ ਜਾ ਸਕਦੀ ਸੀ।
66 ਸਾਲਾ ਯਵੋਨ ਗ੍ਰਾਹਮ ਨੂੰ ਨੌਰਥੈਂਪਟਨ ਜਨਰਲ ਹਸਪਤਾਲ ਵਿਖੇ ਸੀਟੀ ਸਕੈਨ ਦੌਰਾਨ ਉਸਦੇ ਸੁੱਜੇ ਹੋਏ ਪੇਟ ਦੀ ਜਾਂਚ ਕਰਨ ਲਈ ਡਾਈ ਦਿੱਤੀ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸਨੂੰ ਦਿਲ ਦਾ ਦੌਰਾ ਪੈ ਗਿਆ। ਉਸਦੀ 36 ਸਾਲਾ ਧੀ ਯੋਲਾਂਡਾ ਦਾ ਦਾਅਵਾ ਹੈ ਕਿ ਉਸਦੀ ਮਾਂ ਨੂੰ ਟੀਕਾ ਨਹੀਂ ਲਗਾਇਆ ਜਾਣਾ ਚਾਹੀਦਾ ਸੀ ਕਿਉਂਕਿ ਉਹ ਪਹਿਲਾਂ ਹੀ ਸਟੇਜ 3 ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ।
ਮੌਤ ਤੋਂ 10 ਮਹੀਨੇ ਬਾਅਦ, ਪਰਿਵਾਰ ਨੂੰ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਐਨਾਫਾਈਲੈਕਟਿਕ ਪ੍ਰਤੀਕ੍ਰਿਆ (Anaphylactic Reaction) ਕਾਰਨ ਹੋਈ ਸੀ। ਇਹ ਉਹੀ ਪ੍ਰਤੀਕਿਰਿਆ ਹੈ ਜੋ ਕਿਸੇ ਵਿਅਕਤੀ ਨੂੰ ਐਲਰਜੀਨ ਪ੍ਰਤੀ ਅਚਾਨਕ ਤੇ ਗੰਭੀਰ ਰੂਪ ਵਿੱਚ ਹੋ ਸਕਦੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ, ਪਰ ਇਹ ਸੀਟੀ ਸਕੈਨ ਦੌਰਾਨ ਵਰਤੇ ਗਏ ਡਾਈ ਪ੍ਰਤੀ ਐਨਾਫਾਈਲੈਕਟਿਕ ਪ੍ਰਤੀਕ੍ਰਿਆ ਕਾਰਨ ਹੋਇਆ ਹੋਣ ਦੀ ਸੰਭਾਵਨਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇਸਦੀ ਜਾਂਚ ਕਰਨ ਲਈ ਲੋੜੀਂਦਾ ਟ੍ਰਾਈਪਟੇਸ ਟੈਸਟ ਨਹੀਂ ਕੀਤਾ ਗਿਆ।
ਯੂਕੇ ਨੈਸ਼ਨਲ ਹੈਲਥ ਸਰਵਿਸ (NHS) ਦੇ ਅਨੁਸਾਰ, ਸੀਟੀ ਸਕੈਨ ਵਿੱਚ ਵਰਤੇ ਜਾਣ ਵਾਲੇ ਡਾਈ ਤੋਂ ਐਲਰਜੀ ਬਹੁਤ ਘੱਟ ਹੁੰਦੀ ਹੈ, ਪਰ ਇਹ ਕਮਜ਼ੋਰੀ, ਪਸੀਨਾ ਆਉਣਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਯੋਲਾਂਡਾ ਇਸ ਗੱਲ ਤੋਂ ਨਾਰਾਜ਼ ਹੈ ਕਿ ਪੋਸਟਮਾਰਟਮ ਰਿਪੋਰਟ ਪ੍ਰਾਪਤ ਕਰਨ ਵਿੱਚ 10 ਮਹੀਨੇ ਲੱਗ ਗਏ। ਇੰਨਾ ਸਮਾਂ ਕਿਉਂ ਲੱਗਿਆ ? ਇਹ ਬਹੁਤ ਨਿਰਾਸ਼ਾਜਨਕ ਹੈ। ਮੈਂ ਹਸਪਤਾਲ ਪ੍ਰਸ਼ਾਸਨ ਤੋਂ ਬਹੁਤ ਨਾਰਾਜ਼ ਹਾਂ। ਇਸ ਦੌਰਾਨ ਨੌਰਥੈਂਪਟਨ ਦੇ ਯੂਨੀਵਰਸਿਟੀ ਹਸਪਤਾਲਾਂ ਦੀ ਮੁੱਖ ਨਰਸ ਜੂਲੀ ਹੌਗ ਨੇ ਕਿਹਾ: 'ਅਸੀਂ ਇਸ ਮੁਸ਼ਕਲ ਸਮੇਂ 'ਤੇ ਗ੍ਰਾਹਮ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।' ਅਸੀਂ ਕੋਰੋਨਰ ਨੂੰ ਸਾਰੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰ ਦਿੱਤੀ ਹੈ। ਅਸੀਂ ਮੰਨਦੇ ਹਾਂ ਕਿ ਸਾਨੂੰ ਪਰਿਵਾਰ ਨਾਲ ਬਿਹਤਰ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਤੇ ਇਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਅਸੀਂ ਉਨ੍ਹਾਂ ਨਾਲ ਸੰਪਰਕ ਸਥਾਪਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।