ਭੁਪਾਲ: ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਇੱਕ ਗਰਭਵਤੀ ਔਰਤ ਨੇ ਇੱਕੋ ਸਮੇਂ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ 'ਚ 3 ਬੇਟੇ ਤੇ ਇਕ ਬੇਟੀ ਸ਼ਾਮਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚਾਰੇ ਬੱਚੇ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚਿਆਂ ਦੇ ਇਕੱਠੇ ਚਾਰ ਗੁਣਾ ਖੁਸ਼ੀਆਂ ਮਿਲਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਕਿਰਨਾਪੁਰ ਤਹਿਸੀਲ ਦੇ ਪਿੰਡ ਝੜੀ ਦੀ ਰਹਿਣ ਵਾਲੀ 26 ਸਾਲਾ ਪ੍ਰੀਤੀ ਨੰਦਲਾਲ ਮੇਸ਼ਰਾਮ ਵਿਆਹ ਦੇ ਤਿੰਨ ਸਾਲ ਬਾਅਦ ਮਾਂ ਬਣੀ ਹੈ। ਸਿਜ਼ੇਰੀਅਨ ਆਪ੍ਰੇਸ਼ਨ ਤੋਂ ਬਾਅਦ ਪ੍ਰੀਤੀ ਦੇ ਤਿੰਨ ਬੇਟੇ ਤੇ ਇੱਕ ਬੇਟੀ ਹੋਈ। ਚਾਰਾਂ ਬੱਚਿਆਂ ਨੂੰ ਦੇਖਭਾਲ ਲਈ ਐਨਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪਹਿਲੀ ਤਰਜੀਹ ਹੈ ਕਿ ਬੱਚੇ ਸਿਹਤਮੰਦ ਹੋਣ। ਇਸ ਦੇ ਨਾਲ ਹੀ ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸਿਵਲ ਸਰਜਨ ਕਮ ਹਸਪਤਾਲ ਦੇ ਸੁਪਰਡੈਂਟ ਡਾ. ਸੰਜੇ ਢਾਬਰਗਾਓਂ ਨੇ ਦੱਸਿਆ ਕਿ ਟਰੌਮਾ ਯੂਨਿਟ ਦੀ ਮਾਹਿਰ ਟੀਮ 'ਚ ਸ਼ਾਮਿਲ ਡਾ. ਰਸ਼ਮੀ ਵਾਘਮਾਰੇ ਅਤੇ ਅਨੈਸਥੀਸੀਆ ਮਾਹਿਰ ਡਾ. ਦਿਨੇਸ਼ ਮੇਸ਼ਰਾਮ, ਸਟਾਫ ਸਿਸਟਰ ਸਰਿਤਾ ਮੇਸ਼ਰਾਮ ਅਤੇ ਉਨ੍ਹਾਂ ਦੀ ਹੁਨਰਮੰਦ ਟੀਮ ਨੇ ਸੋਮਵਾਰ ਸਵੇਰੇ 11 ਵਜੇ ਪ੍ਰੀਤੀ ਨੰਦਲਾਲ ਮੇਸ਼ਰਾਮ ਦਾ ਆਪ੍ਰੇਸ਼ਨ ਕੀਤਾ। ਇਹ ਕੇਸ ਬਹੁਤ ਮੁਸ਼ਕਲ ਸੀ ਸਾਰੇ ਬੱਚੇ 29ਵੇਂ ਹਫ਼ਤੇ ਵਿੱਚ ਹੀ ਪੈਦਾ ਹੋਏ ਹਨ, ਯਾਨੀ ਕਿ ਜਨਮ ਵਿੱਚ ਲਗਪਗ 9 ਹਫ਼ਤੇ ਬਾਕੀ ਸਨ।
ਇਕੱਠੇ ਚਾਰ ਬੱਚਿਆਂ ਦਾ ਜਨਮ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੁਨੀਆ ਭਰ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ 'ਚ ਬਿਹਾਰ ਦੇ ਮੋਤੀਹਾਰੀ 'ਚ ਇਕ ਔਰਤ ਨੇ ਇਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ।
Watch: ਗੜਵੀ 'ਚ ਫਸ ਗਿਆ ਲੰਗੂਰ ਦੇ ਬੱਚੇ ਦਾ ਸਿਰ, ਫਿਰ ਹੋਇਆ ਇਹ ਕਿ ਹੈਰਾਨ ਰਹਿ ਗਏ ਲੋਕ, ਵੇਖੋ ਵੀਡੀਓ