ਵਾਸ਼ਿੰਗਟਨ: ਅਮਰੀਕਾ ਦੇ ਏਰਿਜ਼ੋਨਾ ‘ਚ ਅਜੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 14 ਸਾਲਾਂ ਤੋਂ ਕੋਮਾ ਵਿੱਚ ਰਹਿਣ ਵਾਲੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਨਹੀਂ ਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਸਵਾਲ ਤਾਂ ਇਹ ਹੈ ਕਿ ਔਰਤ ਨੇ ਕੋਮਾ ‘ਚ ਹੋਣ ਦੀ ਹਾਲਤ ‘ਚ ਸਰੀਰਕ ਸਬੰਧ ਬਣਾਉਣ ਦੀ ਸਹਿਮਤੀ ਕਿਵੇਂ ਦਿੱਤੀ। ਹੁਣ ਪੁਲਿਸ ਜਿਣਸੀ ਸ਼ੋਸ਼ਣ ਦੇ ਪੱਖ ਤੋਂ ਵੀ ਜਾਂਚ ਸ਼ੁਰੂ ਕਰ ਰਹੀ ਹੈ।

ਖ਼ਬਰਾਂ ਨੇ ਕਿ ਔਰਤ ਦੀ ਡਿਲੀਵਰੀ ਤੋਂ ਪਹਿਲਾਂ ਹਸਪਤਾਲ ਦੇ ਸਟਾਫ ਨੂੰ ਵੀ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ। ਹੁਣ ਅਧਿਕਾਰੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੱਚੇ ਦਾ ਪਿਓ ਕੌਣ ਹੈ। ਮਹਿਲਾ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਕਰੀਬ 14 ਸਾਲ ਪਹਿਲਾਂ ਡੁੱਬ ਜਾਣ ਕਾਰਨ ਉਕਤ ਮਹਿਲਾ ਕੋਮਾ ‘ਚ ਚਲੀ ਗਈ ਸੀ।

ਰਿਪੋਰਟਾਂ ਨੇ ਕਿ ਔਰਤ ਨੇ 29 ਦਸੰਬਰ ਨੂੰ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਕੋਮਾ ਦੀ ਹਾਲਤ ‘ਚ ਔਰਤ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਪੈ ਸਕਦੀ ਸੀ ਜਿਸ ਲਈ ਉਸ ਦੇ ਕਮਰੇ ‘ਚ ਕੋਈ ਵੀ ਆ ਜਾ ਸਕਦਾ ਸੀ। ਪਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੇ ਕਮਰੇ ‘ਚ ਆਉਣ ਜਾਣ ਵਾਲਿਆਂ ਲਈ ਨਿਯਮਾਂ ‘ਚ ਬਦਲਾਅ ਕੀਤੇ ਗਏ ਹਨ।