ਪਰਮਜੀਤ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖੀ ਦੀਆਂ ਜੜ੍ਹਾਂ ਥਾਂ-ਥਾਂ 'ਤੇ ਲਾਈਆਂ ਤੇ ਵੱਖ-ਵੱਖ ਦੇਸ਼ਾਂ ਵਿੱਚ ਗੁਰੂ ਸਾਹਿਬ ਨੂੰ ਕਈ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ। ਅਫਗਾਨਿਸਤਾਨ ਦਾ ਸਿੱਖ ਧਰਮ ਨਾਲ ਬਹੁਤ ਡੂੰਘਾ ਤੇ ਪੁਰਾਣਾ ਸਬੰਧ ਰਿਹਾ ਹੈ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਬੁੱਧ ਧਰਮ ਤੋਂ ਬਾਅਦ ਸਿੱਖ ਧਰਮ ਹੀ ਐਸਾ ਧਰਮ ਸੀ ਜਿਸ ਨੇ ਅਫਗਾਨਿਸਤਾਨ ਤੱਕ ਪੈਰ ਪਸਾਰੇ। ਇਤਿਹਾਸ ਫਰੋਲਦਿਆਂ ਪਚਾ ਲੱਗਦਾ ਹੈ ਕਿ ਵਪਾਰਕ ਕੇਂਦਰ ਦਾ ਗੜ੍ਹ ਹੋਣ ਕਾਰਨ ਗੁਰੂ ਕਾਲ ਦੌਰਾਨ ਸਭ ਤੋਂ ਅਮੀਰ ਸੰਗਤ ਕਾਬਲ ਦੀ ਮੰਨੀ ਗਈ। ਸਭ ਤੋਂ ਕੀਮਤੀ ਤੋਹਫੇ ਕਾਬਲ ਦੀਆਂ ਸੰਗਤਾਂ ਵੱਲੋਂ ਹੀ ਗੁਰੂ ਦਰਬਾਰ ਵਿੱਚ ਭੇਟ ਕੀਤੇ ਜਾਂਦੇ ਰਹੇ।
ਇਤਿਹਾਸਕ ਹਵਾਲਿਆਂ ਅਨੁਸਾਰ 15ਵੀਂ ਸਦੀ ਦੇ ਸ਼ੁਰੂ ‘ਚ ਗੁਰੂ ਨਾਨਕ ਦੇਵ ਜੀ ਨੇ ਅਫਗਾਨਿਸਤਾਨ ਦੀ ਯਾਤਰਾ ਕੀਤੀ ਜਿਸ ਦੌਰਾਨ ਉਹ ਕਾਬੁਲ ਗਏ। ਇਸ ਤੋਂ ਇਲਾਵਾ ਉਨ੍ਹਾਂ ਕੰਧਾਰ, ਜਲਾਲਾਬਾਦ ਤੇ ਸੁਲਤਾਨਪੁਰ ‘ਚ ਵੀ ਆਪਣੇ ਮੁਬਾਰਕ ਚਰਨ ਪਾਏ। ਗੁਰੂ ਨਾਨਕ ਸਾਹਿਬ ਤੋਂ ਬਾਅਦ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਰਾਇ ਸਾਹਿਬ ਨੇ ਵੀ ਭਾਈ ਗੋਂਦਾ ਜੀ ਨੂੰ ਸਿੱਖੀ ਦੇ ਪ੍ਰਚਾਰ ਲਈ ਅਫਗਾਨਿਸਤਾਨ ਭੇਜਿਆ। ਇਸੇ ਤਰ੍ਹਾਂ ਜੇਕਰ ਹਿੰਦੂ ਮੱਤ ਦੀ ਗੱਲ ਕਰੀਏ ਤਾਂ ਗਜ਼ਨੀ ਤੋਂ ਬਾਅਦ ਹਿੰਦੂ ਸ਼ਾਹੀ ਸ਼ਾਸ਼ਕਾਂ ਨੇ ਅਫਗਾਨਿਸਤਾਨ 'ਤੇ ਰਾਜ ਕੀਤਾ।
ਮੁਗਲ ਸਮਰਾਟ ਬਾਬਰ ਵੱਲੋਂ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਨੂੰ ਹਿੰਦੁਸਤਾਨ ਦਾ ਆਪਣਾ ਬਾਜ਼ਾਰ ਕਹਿ ਕੇ ਸੰਬੋਧਨ ਕੀਤਾ ਤੇ ਕਾਬੁਲ ਸੂਬਾ 1738 ਤੱਕ ਹਿੰਦੁਸਤਾਨ ਦੇ ਨਾਲ ਰਿਹਾ। ਅਫਗਾਨ ਸਮਾਜ ‘ਚ ਹਿੰਦੂਆਂ ਤੇ ਸਿੱਖਾਂ ਵੱਲੋਂ ਅਫਗਾਨਿਸਤਾਨ ‘ਚ ਵਪਾਰ ਕਰਨ ਦੇ ਕਈ ਦਸਤਾਵੇਜ਼ ਰਿਕਾਰਡ ਕੀਤੇ ਗਏ ਪਰ ਅੱਜ 99 ਫੀਸਦੀ ਹਿੰਦੂਆਂ ਤੇ ਸਿੱਖਾਂ ਨੇ ਅਫਗਾਨਿਸਤਾਨ ਨੂੰ ਛੱਡ ਦਿੱਤਾ ਹੈ। 1970 ਤੱਕ ਇੱਥੇ 3 ਲੱਖ ਦੇ ਕਰੀਬ ਹਿੰਦੂ ਤੇ ਸਿੱਖ ਸਨ। 1983 ਵਿੱਚ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ‘ਚ ਹੋਏ ਹਮਲੇ ਦੌਰਾਨ 13 ਸਿੱਖ ਤੇ 4 ਅਫਗਾਨੀ ਫੌਜੀਆਂ ਨੂੰ ਮਾਰ ਦਿੱਤਾ ਗਿਆ ਸੀ।
1989 ‘ਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਲਾਲਾਬਾਦ ਤੇ ਮੁਜਾਹਿਦੀਨਾਂ ਨੇ ਕਾਬੁਲ ਤੇ ਕਬਜ਼ਾ ਕੀਤਾ ਤਾਂ ਅਫਗਾਨੀ ਸਿੱਖਾਂ ਤੇ ਹਿੰਦੂਆਂ ਦੀ ਹਿਜ਼ਰਤ ਸ਼ੁਰੂ ਹੋ ਗਈ। ਉਨ੍ਹਾਂ ਅਫਗਾਨਿਸਤਾਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਇਸ ਦਾ ਵੱਡਾ ਕਾਰਨ ਸੀ ਮੁਜਾਹਿਦੀਨਾਂ ਵੱਲੋਂ ਵੱਡੀ ਪੱਧਰ 'ਤੇ ਜਬਰਨ ਵਸੂਲੀ ਤੇ ਜਾਇਦਾਤਾਂ ਦੀ ਲੁੱਟ-ਖੋਹ। ਸਿੱਖਾਂ ਤੇ ਹਿੰਦੂਆਂ ਦੀ ਸਹੂਲਤ ਲਈ ਅਫਗਾਨ ਸਰਕਾਰ ਨੇ ਆਬ ਗੈਂਗ ਯਾਤਰੀ ਪਾਸਪੋਰਟ ਦੀ ਸਕੀਮ ਨਾਲ ਵੱਡੀ ਪੱਧਰ ਤੇ ਪਾਸਪੋਰਟ ਜਾਰੀ ਕੀਤੇ। ਇਸ ਤਹਿਤ 50 ਹਜ਼ਾਰ ਲੋਕਾਂ ਨੇ ਅਫਗਾਨਿਸਤਾਨ ਨੂੰ ਛੱਡ ਦਿੱਤਾ।
ਚੰਗੇ ਕਾਰੋਬਾਰੀ ਤੇ ਧਨਾਢ ਲੋਕਾਂ ਵਿੱਚੋਂ ਹਿੰਦੂ ਸਮਾਜ ਦੇ ਬਹੁਤੇ ਲੋਕ ਜਰਮਨੀ ਚਲੇ ਗਏ ਜਦਕਿ ਸਿੱਖ ਸਮੁਦਾਏ ਦੇ ਲੋਕ ਭਾਰਤ ਤੋਂ ਇਲਾਵਾ ਯੂਕੇ, ਅਸਟ੍ਰੀਆ, ਬੈਲਜੀਅਮ, ਹਾਲੈਂਡ, ਫਰਾਂਸ, ਕੈਨੇਡਾ ਤੇ ਅਮਰੀਕਾ ਜਾ ਵੱਸੇ ਪਰ ਜੋ ਲੋਕ ਅਫਗਾਨਿਸਤਾਨ ਵਿੱਚ ਹੀ ਰਹਿ ਗਏ, ਉਨ੍ਹਾਂ ਨੂੰ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਵੀ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮਹਿਲਾਵਾਂ ਨੂੰ ਘਰੋਂ ਬਾਹਰ ਭੇਜਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਹਾਲਾਤ ਇਸ ਤਰ੍ਹਾਂ ਦੇ ਹਨ ਕਿ ਲੜਕੀਆਂ ਪੜ੍ਹ ਨਹੀਂ ਸਕਦੀਆਂ ਤੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੀਆਂ। ਕਈ ਮਹਿਲਾਵਾਂ ਦਾ ਤਾਂ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰਾ-ਸਾਰਾ ਦਿਨ ਘਰ ਵਿੱਚ ਹੀ ਕੈਦ ਵਾਂਗ ਕੱਢਣਾ ਪੈਂਦਾ ਹੈ। ਸੋ ਤਾਲਿਬਾਨ ਆਉਣ ਤੇ ਹਿੰਦੂਆਂ ਤੇ ਸਿੱਖਾਂ ਦਾ ਸ਼ੋਸਣ ਜਾਰੀ ਰਿਹਾ। ਅੱਜ ਵੀ ਬਚੇ ਹੋਏ ਲੋਕ ਤੰਗੀ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਅਫਗਾਨਿਸਤਾਨ ‘ਚ ਚੱਲ ਰਹੀ ਜੰਗ ਦਾ ਖਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ।
ਕਿਸੇ ਸਮੇਂ ਅਫਗਾਨ ਸਮਾਜ ਦਾ ਅਹਿਮ ਹਿੱਸਾ ਬਣੇ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਅਫਗਾਨਿਸਤਾਨ ਦੇ ਵਪਾਰਕ ਖੇਤਰ ‘ਚ ਵੀ ਮਹੱਤਵਪੂਰਨ ਯੋਗਦਾਨ ਰਿਹਾ। ਇੱਥੋਂ ਤੱਕ ਸਿੱਖਾਂ ਨੂੰ ਰਾਜਨੀਤੀ ‘ਚ ਥਾਂ ਦੇਣ ਦੇ ਮਕਸਦ ਨਾਲ ਅਫਗਾਨ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਦਿਆਂ ਸੰਸਦ ‘ਚ ਇੱਕ ਸੀਟ ਸਿੱਖਾਂ ਲਈ ਰਾਖਵੀਂ ਰੱਖੀ। ਇਸ ਤੋਂ ਬਾਅਦ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ। ਅਫਗਾਨ ਸਰਕਾਰ ਨੇ ਇਹ ਵੀ ਫੈਸਲਾ ਲਿਆ ਸੀ ਕਿ ਉਨ੍ਹਾਂ ਵੱਲੋਂ ਇਤਿਹਾਸਕ ਗੁਰਦੁਆਰਿਆਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ। ਇਸ ਕਾਰਜ ਲਈ ਕੌਮੀ ਬਜਟ ‘ਚ ਵਿਸ਼ੇਸ਼ ਫੰਡ ਵੀ ਦਿੱਤਾ ਜਾਵੇਗਾ ਕਿਉਂਕਿ ਜੰਗ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਕਾਫੀ ਭੰਨ੍ਹ-ਤੋੜ ਕੀਤੀ ਗਈ ਸੀ।
ਜੰਗ ਦੌਰਾਨ ਕੇਵਲ ਗੁਰਦੁਆਰਾ ਸਾਹਿਬਾਨ ਹੀ ਨਹੀਂ ਬਲਕਿ ਹਿੰਦੂ ਧਰਮ ਦੇ ਮੰਦਰਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। ਅੱਜ ਤੋਂ 30-40 ਸਾਲ ਪਹਿਲਾਂ ਅਫਗਾਨਿਸਤਾਨ ‘ਚ ਢਾਈ ਲੱਖ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸਨ ਪਰ ਸਿੱਖਾਂ ਤੇ ਹੋ ਰਹੇ ਲਗਾਤਾਰ ਹਮਲਿਆਂ ਕਾਰਨ ਇੱਥੇ ਰਹਿਣਾ ਸੌਖਾ ਕੰਮ ਨਹੀਂ ਸੀ। ਮਈ 2006 ‘ਚ ਜਿਸ ਵੇਲੇ ਏਬੀਪੀ ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਅਫਗਾਨਿਸਤਾਨ ਗਏ ਤਾਂ ਉੱਥੋਂ ਦੇ ਸਿੱਖਾਂ ਨੇ ਆਪਣਾ ਦਰਦ ਬਿਆਨ ਕੀਤਾ।
ਅਫਗਾਨਿਸਤਾਨ ‘ਚ ਗੁਰਦੁਆਰੇ ਹੀ ਸਿੱਖਾਂ ਦੀ ਪਨਾਹਗਾਹ ਹਨ ਕਿਉਂਕਿ ਜ਼ਿਆਦਾਤਰ ਸਿੱਖਾਂ ਦੇ ਉੱਥੇ ਆਪਣੇ ਘਰ ਨਹੀਂ ਪਰ ਪਿਛਲੇ ਸਮੇਂ ਦੌਰਾਨ ਜ਼ਿਆਦਾਤਰ ਹਮਲੇ ਗੁਰਦੁਆਰਾ ਸਾਹਿਬਾਨ ਤੇ ਹੀ ਹੋਏ ਹਨ। ਅਫਗਾਨਿਸਤਾਨ ‘ਚ ਜਾਰੀ ਹਿੰਸਕ ਘਟਨਾਵਾਂ ਕਾਰਨ ਮੌਜੂਦਾ ਸਮੇਂ ‘ਚ ਸਿਰਫ 20 ਪਰਿਵਾਰ ਹੀ ਬਚੇ ਹਨ ਜਿਨ੍ਹਾਂ ਦੀ ਅਬਾਦੀ ਮਹਿਜ਼ 150 ਤੋਂ ਵੀ ਘੱਟ ਹੈ। ਜਦਕਿ ਹਿੰਦੂ ਪਰਿਵਾਰਾਂ ਦੀ ਗਿਣਤੀ 65 ਤੋਂ 70 ਦੇ ਵਿਚਕਾਰ ਹੈ। ਇਨ੍ਹਾਂ 'ਚੋਂ ਵੀ ਬਹੁਤੇ ਪਰਿਵਾਰ ਜਾਂ ਤਾਂ ਗੁਰਦੁਆਰਾ ਸਾਹਿਬ ਜਾਂ ਆਪਣੀਆਂ ਦੁਕਾਨਾਂ ਵਿੱਚ ਹੀ ਜ਼ਿੰਦਗੀ ਬਸਰ ਕਰ ਰਹੇ ਹਨ।
ਜ਼ਿਆਦਾਤਰ ਦਾ ਤਾਂ ਕਹਿਣਾ ਹੈ ਕਿ ਗੁਰੂ ਸਾਹਿਬ ਦੀਆਂ ਚਰਨ ਛੋਹ ਪ੍ਰਾਪਤ ਨਿਸ਼ਾਨੀਆਂ ਦੀ ਸੇਵਾ-ਸੰਭਾਲ ਕਾਰਨ ਉਹ ਮੁਲਕ ਨਹੀਂ ਛੱਡ ਸਕਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਸਿੱਖ ਧਰਮ ਦੀਆਂ ਮੁਕੱਦਸ ਯਾਦਗਾਰਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਦੂਸਰਾ ਡਰ ਇਹ ਵੀ ਹੈ ਜੇਕਰ ਇਨ੍ਹਾਂ ਪਰਿਵਾਰਾਂ ਨੂੰ ਦਿੱਲੀ ਜਾਂ ਕਿਸੇ ਹੋਰ ਥਾਂ ਜਾ ਕੇ ਕੰਮ ਨਾ ਮਿਲਿਆ ਤਾਂ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਅਜਿਹੇ ਹਾਲਾਤ ’ਚ ਜੇਕਰ ਆਸ ਦੀ ਕਿਰਨ ਬਚਦੀ ਹੈ ਤਾਂ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਪਾਸੋਂ ਹੈ।
ਜਦੋਂ ਵੀ ਦੇਸ਼ ਵਿਦੇਸ਼ ਵਿੱਚ ਸਿੱਖਾਂ ਤੇ ਬਿਪਤਾ ਬਣਦੀ ਬਣਦੀ ਹੈ ਤਾਂ ਸਭ ਦੀ ਟੇਕ ਸ਼੍ਰੋਮਣੀ ਕਮੇਟੀ ਤੇ ਹੁੰਦੀ ਹੈ। ਅਫਗਾਨਿਸਤਾਨ ਵਿੱਚ ਸਿੱਖਾਂ ਦੀ ਘਟ ਰਹੀ ਗਿਣਤੀ ਪ੍ਰਤੀ ਸ਼੍ਰੋਮਣੀ ਕਮੇਟੀ ਵੀ ਚਿੰਤਤ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਸ਼ਕ ਅਜਿਹਾ ਕੋਈ ਮੰਗ ਪੱਤਰ ਨਹੀਂ ਆਇਆ ਪਰ ਅਫਗਾਸਿਤਾਨ ਤੋਂ ਆਏ ਸਿੱਖਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਤੇ ਉਹ ਇਸ ਪ੍ਰਤੀ ਵਚਨਬੱਧ ਹਨ।
ਇਸ ਮਸਲੇ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਯੂਐਨਓ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ। ਕਮੇਟੀ ਦੀ ਇਹ ਕੋਸ਼ਿਸ਼ ਵੀ ਰਹੇਗੀ ਕਿ ਅਫਗਾਨਿਸਤਾਨ ਵਿਚਲੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ‘ਚ ਲਵੇ। ਇਤਿਹਾਸ ਗਵਾਹ ਹੈ ਦੇਸ਼-ਦੁਨੀਆ ਅੰਦਰ ਸਿੱਖਾਂ ਨੇ ਜਿੱਥੇ ਵੀ ਨਿਵਾਸ ਕੀਤਾ, ਉੱਥੋਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿਰਤੋੜ ਯਤਨ ਕੀਤੇ। ਆਪਣੇ ਗੁਰੂਆਂ ਦੀਆਂ ਪਾਈਆਂ ਪਿਰਤਾਂ ਤੇ ਸਿੱਖਿਆਵਾਂ ਤੇ ਚੱਲਦਿਆਂ ਹਰ ਇੱਕ ਨਾਲ ਮਿਲਵਰਤਨ ਦੀ ਰਵਾਇਤ ਨੂੰ ਅੱਗੇ ਤੋਰਿਆ ਪਰ ਅਫਸੋਸ ਅੱਜ ਅਫਗਾਨਿਸਤਾਨ ਵੱਸਦੇ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਜਿਸ ਲਈ ਭਾਰਤ ਸਰਕਾਰ ਨੂੰ ਅੱਗੇ ਆ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Barnala Farmers Protest: ਕਿਸਾਨਾਂ ਨੇ ਫਸਲਾਂ ਦੀ ਐਮਐਸਪੀ ਦੀ ਖੋਲ੍ਹੀ ਪੋਲ, ਅੰਨਦਾਤੇ ਨੂੰ ਇੰਝ ਲੱਗ ਰਿਹਾ ਰਗੜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904