ਨਿਪੁਨ ਸ਼ਰਮਾ

 

ਇਸ 'ਚ ਕੋਈ ਸ਼ੱਕ ਨਹੀਂ ਕਿ ਸਾਊਥ ਦੀਆਂ ਫ਼ਿਲਮਾਂ ਨੇ ਬਾਲੀਵੁੱਡ ਫ਼ਿਲਮਾਂ ਨੂੰ ਡੌਮੀਨੇਟ ਕੀਤਾ ਹੈ। ਪਿਛਲੇ ਕੁਝ ਸਾਲਾਂ ਤੋਂ ਸਾਊਥ ਇੰਡਸਟਰੀ ਦੀਆਂ ਫ਼ਿਲਮ ਨੇ ਲੋਕਾਂ 'ਤੇ ਕਾਫੀ ਪ੍ਰਭਾਵ ਪਾਇਆ ਹੈ ਤੇ ਕਮਾਈ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਕਾਫੀ ਹੱਦ ਤਕ ਪਿੱਛੇ ਛੱਡਿਆ ਹੈ। ਉਹ ਬਾਲੀਵੁੱਡ ਜਿਸ ਦੀ ਪ੍ਰੋਡਕਸ਼ਨ ਸਾਊਥ ਤੋਂ ਕਾਫੀ ਅੱਗੇ ਸੀ, ਜੋ ਫ਼ਿਲਮ ਮੇਕਿੰਗ 'ਚ ਭਾਰਤ ਦੀ ਕਿਸੇ ਵੀ ਇੰਡਸਟਰੀ ਨੂੰ ਨੇੜੇ ਨਹੀਂ ਲੱਗਣ ਦਿੰਦਾ ਸੀ, ਅੱਜ ਉਸੇ ਬਾਲੀਵੁੱਡ ਦੀਆਂ ਪ੍ਰੋਡਕਸ਼ਨ ਕੰਪਨੀਆਂ ਨੂੰ ਸਾਊਥ ਦੀਆਂ ਫ਼ਿਲਮਾਂ 'ਚ ਪੈਸਾ ਲਾਉਣਾ ਪੈਂਦਾ ਹੈ।

ਵੈਸੇ ਤਾਂ ਸਾਊਥ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਹਮੇਸ਼ਾ ਮਸ਼ਹੂਰ ਰਹੀਆਂ ਹਨ। ਰਜਨੀਕਾਂਤ, ਚਿਰੰਜੀਵੀ, ਮੋਹਨ ਲਾਲ,  ਨਾਗਾਅਰਜੁਨ ਵਰਗੇ ਕਲਾਕਾਰਾਂ ਨੂੰ ਕੌਣ ਨਹੀਂ ਜਾਣਦਾ। 80ਵੇਂ ਦੇ ਦਹਾਕੇ ਤੋਂ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਲੋਕ ਦੇਖਦੇ ਆ ਰਹੇ ਹਨ। ਪੂਰੇ ਭਾਰਤ 'ਚ ਉਨ੍ਹਾਂ ਦੀ ਪਛਾਣ ਹੈ ਪਰ ਪੈਨ ਇੰਡੀਆ ਸਿਨੇਮਾਘਰਾਂ ਨੂੰ ਟੇਕਓਵਰ ਕਰਨਾ ਸਾਊਥ ਇੰਡਸਟਰੀ ਨੇ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤਾ ਹੈ।

ਨਿਰਦੇਸ਼ਕ ਐਸਐਸ ਰਾਜਮੌਲੀ ਦੀ ਫਿਲਮ 'ਬਾਹੂਬਲੀ' ਨੇ ਇਸ ਦਾ ਆਗਾਜ਼ ਕੀਤਾ ਸੀ। 'ਬਾਹੂਬਲੀ' ਦੇ ਦੂਸਰੇ ਭਾਗ ਨੇ ਵਰਲਡਵਾਈਡ 1810 ਕਰੋੜ ਦੀ ਕਮਾਈ ਕੀਤੀ ਸੀ। ਇਸ ਫ਼ਿਲਮ ਨੇ ਦੱਖਣੀ ਭਾਰਤ ਦੀਆਂ ਫ਼ਿਲਮਾਂ ਨੂੰ ਪੂਰੀ ਦੁਨੀਆਂ 'ਚ ਇੱਕ ਨਵਾਂ ਪਲੇਟਫਾਰਮ ਦਿੱਤਾ ਤੇ ਫ਼ਿਲਮ ਨਿਰਮਾਤਾਵਾਂ ਨੇ ਇਸ ਪਲੇਟਫਾਰਮ ਦਾ ਇਸਤੇਮਾਲ ਠੀਕ ਤਰੀਕੇ ਨਾਲ ਕੀਤਾ।

KGF, ਪੁਸ਼ਪਾ, RRR ਤੇ ਹੁਣ KGF ਚੈਪਟਰ 2 ਨੇ ਇਸ ਸਾਖ ਨੂੰ ਬਰਕਰਾਰ ਰੱਖਿਆ ਹੈ। 'ਪੁਸ਼ਪਾ' ਨੇ 365 ਕਰੋੜ ਦੀ ਕਮਾਈ ਕੀਤੀ ਤੇ ਉੱਥੇ ਹੀ ਐਸਐਸ ਰਾਜਮੌਲੀ ਦੀ RRR ਨੇ ਵਰਲਡਵਾਈਡ 1073 ਕਰੋੜ ਦੀ ਗ੍ਰੌਸ ਕਲੈਕਸ਼ਨ ਕਰ ਲਈ ਹੈ। ਉੱਥੇ ਹੀ ਕੰਨੜ ਫ਼ਿਲਮ ਇੰਡਸਟਰੀ ਨੇ KGF ਵਰਗੀ ਫਿਲਮ ਸਿਨੇਮਾ ਪ੍ਰੇਮੀਆਂ ਨੂੰ ਦਿੱਤੀ ਜਿਸ ਦੇ ਪਾਰਟ ਵਨ ਨੇ 250 ਕਰੋੜ ਦਾ ਅੰਕੜਾ ਪਾਰ ਕੀਤਾ ਸੀ। ਹੁਣ ਇਸ ਦਾ ਚੈਪਟਰ-2' ਹਿੰਦੀ ਮਾਰਕੀਟ 'ਚ 200 ਕਰੋੜ ਦੇ ਕਰੀਬ ਕਾਰੋਬਾਰ ਕਰ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਰਿਕਾਰਡ ਕਾਰੋਬਾਰ ਕਰੇਗੀ।

ਸਾਊਥ ਦੀਆਂ ਪ੍ਰੋਡਕਸ਼ਨ ਕੰਪਨੀਆ ਤੇ ਬਾਲੀਵੁੱਡ ਦੀਆਂ ਪ੍ਰੋਡਕਸ਼ਨ ਕੰਪਨੀਆ ਮਿਲ ਕੇ ਹੁਣ ਫ਼ਿਲਮਾਂ ਬਣਾ ਰਹੀਆਂ ਹਨ ਤੇ ਵਰਲਡਵਾਈਡ ਇਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਦਾ ਮੁੱਖ ਮਕਸਦ ਹੈ, ਜਿਨ੍ਹਾਂ 'ਚ ਆਉਣ ਵਾਲੇ ਸਮੇਂ 'ਚ Liger, Godfather, Salaar, Adipurush ਤੇ ਕਈ ਹੋਰ ਫ਼ਿਲਮਾਂ ਦਿਖਾਈ ਦੇਣਗੀਆਂ। ਬਾਲੀਵੁੱਡ ਦੇ ਅਹਿਮ ਚਿਹਰੇ ਜਿਨ੍ਹਾਂ ਦੇ ਨਾਮ 'ਤੇ ਦਰਸ਼ਕ ਫ਼ਿਲਮਾਂ ਦੇਖਣ ਜਾਂਦੇ ਸੀ, ਉਨ੍ਹਾਂ ਨੂੰ ਵੀ ਸਾਊਥ ਦੀਆਂ ਫ਼ਿਲਮਾਂ 'ਚ ਕਾਫੀ ਜ਼ਿਆਦਾ ਦੇਖਿਆ ਜਾਣ ਲੱਗ ਪਿਆ ਹੈ ਜਿਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਬਾਲੀਵੁੱਡ ਦਾ ਮੌਸਮ ਬਦਲ ਗਿਆ ਹੈ।

ਬਾਲੀਵੁੱਡ ਦੇ ਹੋ ਰਹੇ ਪਤਨ ਦਾ ਕਾਰਨ ਸਿਰਫ ਇਸ ਇੰਡਸਟਰੀ 'ਚ ਬੈਠੇ ਲੋਕ ਹੀ ਜਾਂਚ ਸਕਦੇ ਹਨ ਕਿ ਨੈਪੋਟੀਜ਼ਮ ਤੇ ਮੋਨੋਪਲੀ ਕਾਰਨ ਹੈ ਜਾਂ ਬਾਲੀਵੁੱਡ ਤੋਂ ਉਹ ਭਲਵਾਨ ਨਹੀਂ ਰਹੇ, ਜਿਨ੍ਹਾਂ ਦੇ ਅਖਾੜੇ ਹਮੇਸ਼ਾ ਦਰਸ਼ਕਾਂ ਨਾਲ ਭਰੇ ਹੁੰਦੇ ਸੀ ਜਾਂ ਫ਼ਿਲਮਾਂ ਬਣਾਉਣ ਵਾਲੇ ਉਹ ਲੋਕ ਨਹੀਂ ਰਹੇ ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਬਾਲੀਵੁੱਡ ਬਣਾਇਆ। ਇਹੀ ਕਾਰਨ ਹੈ ਕਿ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਕਹਾਣੀਆਂ ਸਾਊਥ ਦੀਆਂ ਤੇ ਗਾਣੇ ਪੰਜਾਬੀ ਸੁਣਾਈ ਦਿੰਦੇ ਹਨ।