ਮਹਿਤਾਬ-ਉਦ-ਦੀਨ



ਚੰਡੀਗੜ੍ਹ: 37 ਵਰ੍ਹੇ ਪਹਿਲਾਂ 31 ਅਕਤੂਬਰ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਨਵੰਬਰ 1984 ਦੌਰਾਨ ਸਿੱਖ ਕਤਲੇਆਮ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸਿਰਫ਼ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਦੋ ਸਿੱਖ ਸਨ।

 

ਉਸ ਵੇਲੇ ‘ਕਾਂਗਰਸੀ ਆਗੂ ਤੇ ਖ਼ਾਸ ਕਰ ਦਿੱਲੀ ਪੁਲਿਸ’ ਦੇ ਅਧਿਕਾਰੀ ਕੇਂਦਰ ਦੀ ਸੱਤਾ ਉੱਤੇ ਕਾਬਜ਼ ਕਾਂਗਰਸ ਪਾਰਟੀ ਦੀਆਂ 'ਚਮਚੀਆਂ' ਮਾਰਨ ਵਿੱਚ ਰੁੱਝੇ ਹੋਏ ਸਨ। ਇਸੇ ਲਈ ਉਹ ਹਿੰਸਕ ਭੀੜਾਂ ਨੂੰ ਸਿੱਖਾਂ ਉੱਤੇ ਹਮਲੇ ਕਰਨ ਤੋਂ ਰੋਕ ਨਹੀਂ ਰਹੇ ਸਨ। ਚਸ਼ਮਦੀਦ ਗਵਾਹਾਂ ਅਨੁਸਾਰ ‘ਕਈ ਕਾਂਗਰਸੀ ਆਗੂ ਤਦ ਹਿੰਸਕ ਭੀੜਾਂ ਦੀ ਅਗਵਾਈ ਵੀ ਕਰ ਰਹੇ ਸਨ।’ ਪਰ ਅਜਿਹੇ ਵਿੱਚ ਵੀ ਦਿੱਲੀ ਪੁਲਿਸ ਦਾ ਇੱਕ IPS ਅਧਿਕਾਰੀ ਅਜਿਹਾ ਵੀ ਸੀ, ਜਿਸ ਨੇ ਸੱਤਾਧਾਰੀਆਂ ਦੀ ਚਮਚਾਗਿਰੀ ਨਹੀਂ ਕੀਤੀ, ਸਗੋਂ ਸਿੱਖ ਗੁਰਦੁਆਰਾ ਸਾਹਿਬ ਤੇ ਕਈ ਸਿੱਖਾਂ ਨੂੰ ਦੰਗਾਕਾਰੀਆਂ ਦੀਆਂ ਭੀੜਾਂ ਤੋਂ ਬਚਾਇਆ ਸੀ।

 

ਉਹ ਪੁਲਿਸ ਅਧਿਕਾਰੀ ਸਨ ਮੈਕਸਵੈੱਲ ਪਰੇਰਾ (Maxwell Pereira) ਆਈਪੀਐਸ, ਜੋ ਤਦ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਸਨ। ਹਿੰਸਾ ਭੜਕਣ ਸਮੇਂ ਉਨ੍ਹਾਂ ਨਾਲ ਪੁਲਿਸ ਦੇ ਸਿਰਫ਼ 25 ਜਵਾਨ ਸਨ। ਉਦੋਂ ਸਿਰਫ਼ ਮੈਕਸਵੈਲ ਪਰੇਰਾ ਖ਼ੁਦ ਕੋਲ ਇੱਕ ਨਿੱਕੀ ਜਿਹੀ ਪਿਸਤੌਲ ਸੀ ਪਰ ਉਨ੍ਹਾਂ ਸਾਹਮਣੇ ਦੰਗਾਕਾਰੀਆਂ ਦੀਆਂ ਵੱਡੀਆਂ ਭੀੜਾਂ ਸਨ; ਜੋ ਬਿਨਾ ਵਜ੍ਹਾ ਪਾਗਲਾਂ ਵਾਂਗ ਸਿੱਖਾਂ ਨੂੰ ਲੱਭ ਕੇ ਕੋਹ-ਕੋਹ ਕੇ ਮਾਰ ਰਹੀਆਂ ਸਨ।

 

ਅਜਿਹੇ ਹਾਲਾਤ ਵਿੱਚ ਮੈਕਸ ਪਰੇਰਾ ਤੇ ਉਨ੍ਹਾਂ ਦੀ ਟੋਲੀ ਨੇ ਚਾਂਦਨੀ ਚੌਕ ’ਚ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਅੱਗ ਲਾਉਣ ਤੇ ਉਸ ਦੀ ਬੇਅਦਬੀ ਕਰਨ ਤੋਂ ਬਚਾਇਆ ਸੀ। ਇੱਥੇ ਹੀ ਪੁਲਿਸ ਦੀ ਇਸ ਟੋਲੀ ਨੇ ਬਹੁਤ ਸਾਰੇ ਸਿੱਖਾਂ ਦੀ ਵੀ ਜਾਨ ਬਚਾਈ ਸੀ, ਜੋ ਸਾਰੇ ਇਸੇ ਗੁਰੂਘਰ ਅੰਦਰ ਪਨਾਹ ਲੈ ਰਹੇ ਸਨ। ਦੱਸ ਦੇਈਏ ਕਿ ਇਹ ਗੁਰਦੁਆਰਾ ਸਾਹਿਬ ਉਸੇ ਸਥਾਨ ਉੱਤੇ ਸਥਾਪਤ ਕੀਤਾ ਗਿਆ ਹੈ, ਜਿੱਥੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਸਿੱਖਾਂ ਦੇ ਨੌਂਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਕਤਲ ਕਰਵਾਇਆ ਸੀ।

 

ਸਾਬਕਾ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਪੁਸਤਕ ‘1984: ਦ ਐਂਟੀ ਸਿੱਖ ਰਾਇਟਸ ਐਂਡ ਆਫ਼ਟਰ’ (1984: ਸਿੱਖ ਵਿਰੋਧੀ ਦੰਗੇ ਤੇ ਉਸ ਤੋਂ ਬਾਅਦ) ਵਿੱਚ ਬਹਾਦਰ ਆਈਪੀਐਸ ਮੈਕਸਵੈੱਲ ਪਰੇਰਾ ਬਾਰੇ ਕੁਝ ਵੇਰਵੇ ਦਿੱਤੇ ਹਨ। ਦਿੱਲੀ ਦੇ ਸਿੱਖ ਕਤਲੇਆਮ ਬਾਰੇ ਕੁਸੁਮ ਲਤਾ ਰਿਪੋਰਟ ਵਿੱਚ ਵੀ ਪਰੇਰਾ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਹੈ। ਇਹ ਇੱਕ ਅਜਿਹਾ ਅਧਿਕਾਰੀ ਸੀ, ਜਿਸ ਨੇ ਅਨੇਕ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਸੁਰੱਖਿਆ ਮੁਹੱਈਆ ਕਰਵਾਈ ਸੀ।

 

1 ਨਵੰਬਰ, 1984 ਨੂੰ ਪੁਲਿਸ ਕਮਿਸ਼ਨਰ ਨੇ ਮੈਕਸਵੈਲ ਪਰੇਰਾ ਨੂੰ ਨਵੇਂ ਪਧਾਨ ਮੰਤਰੀ ਰਾਜੀਵ ਗਾਂਧੀ ਦੀ ਸੁਰੱਖਿਆ ਉੱਤੇ ਨਜ਼ਰ ਰੱਖਣ ਲਈ ਤੀਨ ਮੂਰਤੀ ਭਵਨ ਵਿਖੇ ਸੱਦ ਲਿਆ ਸੀ; ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਰੱਖੀ ਗਈ ਸੀ। ਉੱਧਰੋਂ ਪਰੇਰਾ ਨੂੰ ਵਾਇਰਲੈੱਸ ਉੱਤੇ ਲਗਾਤਾਰ ਸੰਦੇਸ਼ ਆ ਰਹੇ ਸਨ ਕਿ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਉੱਤੇ ਹਮਲੇ ਹੋ ਰਹੇ ਹਨ।

 

ਅਜਿਹੀ ਹਾਲਤ ਵਿੱਚ ਮੈਕਸਵੈਲ ਪਰੇਰਾ ਨੇ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਲਈ ਆਪਣੇ ਇਲਾਕੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਵੇਖਣਾ ਜ਼ਰੂਰੀ ਹੈ। ਤਦ ਉਹ ਲਾਲ ਕਿਲਾ ਇਲਾਕੇ ’ਚ ਪੁੱਜੇ। ਉਨ੍ਹਾਂ ਆਪਣੇ ਨਾਲ ਸਿਰਫ਼ 10-12 ਪੁਲਿਸ ਮੁਲਾਜ਼ਮ ਲਏ ਤੇ ਭਗੀਰਥ ਪਲੇਸ ਵੱਲ ਚਲੇ ਗਏ, ਜਿੱਥੇ ਦੰਗਾ ਭੜਕਿਆ ਹੋਇਆ ਸੀ। ਉੱਥੇ ਲੋਕਾਂ ਦੀ ਭੀੜ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਨ ਲਈ ਤਿਆਰ ਸੀ। ਉੱਧਰ ਬਹੁਤ ਸਾਰੇ ਸਿੱਖ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਕ੍ਰਿਪਾਨਾਂ ਲਹਿਰਾ ਕੇ ਭੀੜ ਦਾ ਮੁਕਾਬਲਾ ਕਰਨ ਲਈ ਤਿਆਰ ਸਨ।

 

ਤਦ ਮੈਕਸਵੈਲ ਪਰੇਰਾ ਨੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸਿੱਖਾਂ ਨੂੰ ਸਮਝਾਇਆ ਕਿ ਉਹ ਹਾਲਾਤ ਉੱਤੇ ਕਾਬੂ ਪਾ ਲੈਣਗੇ। ਉਦੋਂ ਲਾਗਲੀਆਂ ਗਲੀਆਂ ਵਿੱਚੋਂ ਬਹੁਤ ਸਾਰੇ ਸਿੱਖ ਬਚਾਅ ਲਈ ਗੁਰੂਘਰ ਵੱਲ ਨੱਸੇ ਆ ਰਹੇ ਸਨ। ਉੱਥੇ ਪਰੇਰਾ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਸਭਨਾਂ ਨੂੰ ਸੁਰੱਖਿਆ ਦਿੱਤੀ। ਫਿਰ ਫ਼ਾਊਂਟੇਨ ਚੌਕ ਦੀ ਪੁਲਿਸ ਚੌਕੀ ਤੋਂ ਹੋਰ ਫ਼ੋਰਸ ਵੀ ਸੱਦੀ।

 

ਹਿੰਸਾ ਉੱਤੇ ਉਤਾਰੂ ਭੀੜਾਂ ਗੁਰੂਘਰ ਵੱਲ ਵਧਦੀਆਂ ਆ ਰਹੀਆਂ ਸਨ। ਉਨ੍ਹਾਂ ਸਾਹਮਣੇ ਪੁਲਿਸ ਅਧਿਕਾਰੀ ਮੇਕਸਵੈਲ ਪਰੇਰਾ ਤੇ ਉਨ੍ਹਾਂ ਨਾਲ ਸਿਰਫ਼ 25 ਪੁਲਿਸ ਮੁਲਾਜ਼ਮ ਹੀ ਸਨ। ਉਨ੍ਹਾਂ ਨੇ ਹੀ ਮਿਲ ਕੇ ਚਾਂਦਨੀ ਚੌਕ ਵਿੱਚੋਂ ਭੀੜ ਖਿੰਡਾਉਣੀ ਸ਼ੁਰੂ ਕਰ ਦਿੱਤੀ। ਉੱਥੇ ਦੰਗਾਕਾਰੀ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਰਹੇ ਸਨ। ਉੱਥੇ ਉਨ੍ਹਾਂ ਦੰਗਾਕਾਰੀਆਂ ਨੂੰ ਵਾਪਸ ਚਲੇ ਜਾਣ ਦੀ ਚੇਤਾਵਨੀ ਦਿੱਤੀ। ਪੁਲਿਸ ਮੁਲਾਜ਼ਮਾਂ ਕੋਲ ਸਿਰਫ਼ ਡੰਡੇ ਸਨ ਤੇ ਆਪਣੇ ਬਚਾਅ ਲਈ ਸ਼ੀਲਡਾਂ। ਉੱਥੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।

 

ਭੀੜ ਜਦੋਂ ਤਦ ਵੀ ਹੰਗਾਮਾ ਕਰਨ ਤੋਂ ਨਾ ਹਟੀ; ਤਾਂ ਮੈਕਸਵੈਲ ਨੇ ਆਪਣੇ ਰਿਵਾਲਵਰ ਦੀ ਵਰਤੋਂ ਕੀਤੀ ਤੇ ਗੋਲੀਆਂ ਚਲਾਈਆਂ। ਉਹ ਰਿਵਾਲਵਰ ਵੀ ਤਦ ਹੌਲਦਾਰ ਸਤੀਸ਼ ਚੰਦਰਾ ਕੋਲ ਸੀ। ਉਸ ਗੋਲੀਬਾਰੀ ਵਿੱਚ ਇੱਕ ਦੰਗਾਕਾਰੀ ਮਾਰਿਆ ਗਿਆ। ਤਦ ਭੀੜ ਕੁਝ ਡਰਨ ਲੱਗੀ; ਤਦ ਹੀ ਮਾਈਕ੍ਰੋਫ਼ੋਨ ਰਾਹੀਂ ਦੰਗਾਕਾਰੀਆਂ ਨੂੰ ਉੱਥੋਂ ਚਲੇ ਜਾਣ ਲਈ ਆਖਿਆ ਗਿਆ। ਤਦ ਮੈਕਸਵੈਲ ਪਰੇਰਾ ਨੇ ਗੋਲੀ ਚਲਾਉਣ ਵਾਲੇ ਪੁਲਿਸ ਦੇ ਜਵਾਨ ਨੂੰ 200 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਭੀੜ ਖਿੰਡ ਗਈ।

 

ਮੈਕਸਵੈਲ ਪਰੇਰਾ ਦਾ ਪੂਰਾ ਨਾਂ ਹੈ-ਮੈਕਸਵੈਲ ਫ਼ਾਂਸਿਸ ਜੋਜ਼ਫ਼ ਪਰੇਰਾ ਕਾਮਥ। ਉਨ੍ਹਾਂ ਦਾ ਨਾਂ ਦੇਸ਼ ਦੇ ਚੋਟੀ ਦੇ ਪੁਲਿਸ ਅਧਿਕਾਰੀਆਂ ਵਿੱਚ ਸ਼ੁਮਾਰ ਹੁੰਦਾ ਹੈ। ਉਨ੍ਹਾਂ ਨੂੰ 9 ਰਾਸ਼ਟਰੀ ਤੇ ਚਾਰ ਖੇਤਰੀ ਐਵਾਰ ਮਿਲ ਚੁੱਕੇ ਹਨ। ਉਨ੍ਹਾਂ ਦਾ ਜਨਮ 3 ਅਕਤੂਬਰ, 1944 ਨੂੰ ਸਾਬਕਾ ਮਦਰਾਸ ਪ੍ਰੈਜ਼ੀਡੈਂਸੀ (ਹੁਣ ਤਾਮਿਲ ਨਾਡੂ) ਦੇ ਸਲੇਮ ਵਿਖੇ ਹੋਇਆ ਸੀ। ਉਨ੍ਹਾਂ ਮੰਗਲੌਰ ਦੇ ਸੇਂਟ ਅਲੌਇਸੀਅਸ ਸਕੂਲ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ ਸੀ। ਬੰਗਲੌਰ ਯੂਨੀਵਰਸਿਟੀ ਤੋਂ ਉਨ੍ਹਾਂ 1967 ’ਚ ਵਕਾਲਤ ਪਾਸ ਕੀਤੀ ਸੀ। 1970ਵਿਆਂ ’ਚ ਉਹ ਸਰਕਾਰੀ ਸੇਵਾ ’ਚ ਆ ਗਏ ਸਨ। ਉਨ੍ਹਾਂ ਜ਼ਿਆਦਾਤਰ ਸਮਾਂ ਦਿੱਲੀ ਵਿੱਚ ਹੀ ਬਿਤਾਇਆ ਹੈ। ਉਂਝ ਉਹ ਸਿੱਕਿਮ ਤੇ ਮਿਜ਼ੋਰਮ ’ਚ ਵੀ ਪੁਲਿਸ ਅਧਿਕਾਰੀ ਵਜੋਂ ਵਿਚਰ ਚੁੱਕੇ ਹਨ।