ਵਿਨੈ ਲਾਲ/ਪ੍ਰੋਫੈਸਰ


Chauri Chaura Incident: ਚੌਰੀ ਚੌਰਾ ਕੀ ਹੈ? ਇਹ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਛੋਟੇ-ਛੋਟੇ ਬਜ਼ਾਰਾਂ ਦਾ ਇੱਕ ਕਸਬਾ ਹੈ, ਜਿੱਥੇ ਅੱਜ ਦੇ ਦਿਨ ਲਗਪਗ 100 ਸਾਲ ਪਹਿਲਾਂ ਭਾਰਤ ਦੇ ਭਵਿੱਖ ਦਾ ਫੈਸਲਾ ਹੋ ਗਿਆ ਸੀ ਤੇ ਅਸੀਂ ਇਸ ਗੱਲ ਨੂੰ ਕਾਫੀ ਹੱਦ ਤੱਕ ਸਮਝ ਨਹੀਂ ਸਕੇ। ਚੌਰੀ ਚੌਰਾ ਵਿੱਚ ਬਹੁਤ ਸਾਰੇ ਸ਼ਹੀਦਾਂ ਦੀਆਂ ਯਾਦਗਾਰਾਂ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਤੇ ਕੁਝ ਸਾਲ ਪਹਿਲਾਂ ਭਾਰਤੀ ਰੇਲਵੇ ਨੇ ਗੋਰਖਪੁਰ ਤੋਂ ਕਾਨਪੁਰ ਵਿਚਕਾਰ ਚੱਲਣ ਵਾਲੀ ਰੇਲ ਗੱਡੀ ਨੂੰ ਚੌਰੀ ਚੌਰਾ ਦਾ ਨਾਂ ਦਿੱਤਾ ਸੀ। ਬੇਸ਼ੱਕ ਚੌਰੀ ਚੌਰਾ ਨੂੰ 'ਸੁਤੰਤਰਤਾ ਸੰਗਰਾਮ' ਦੇ ਬਿਰਤਾਂਤ ਵਿੱਚ ਚੰਪਾਰਨ ਸੱਤਿਆਗ੍ਰਹਿ, ਨਮਕ ਸੱਤਿਆਗ੍ਰਹਿ ਜਾਂ ਭਾਰਤ ਛੱਡੋ ਅੰਦੋਲਨ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ, ਪਰ ਇਸ ਨੂੰ ਉਸ ਮਾਣ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਯਾਦ ਵਿੱਚ ਮਾਣ ਮਹਿਸੂਸ ਹੁੰਦਾ ਹੈ। ਅਸਲ ਵਿੱਚ ਚੌਰੀ ਚੌਰਾ ਦੇਸ਼ ਦੀ ਯਾਦ ਵਿੱਚ ਹੈ ਵੀ ਤੇ ਨਹੀਂ।


1922 ਦੇ ਸ਼ੁਰੂਆਤੀ ਦਿਨਾਂ ਵਿੱਚ ਭਾਰਤ ਮਹਾਤਮਾ ਗਾਂਧੀ ਵੱਲੋਂ 1920 ਵਿੱਚ ਸ਼ੁਰੂ ਕੀਤੇ ਗਏ ਅਸਹਿਯੋਗ ਅੰਦੋਲਨ ਦੇ ਪ੍ਰਭਾਵ ਹੇਠ ਸੀ। ਉੱਤਰੀ ਭਾਰਤ ਵਿੱਚ ਵੀ ਖ਼ਿਲਾਫ਼ਤ ਲਹਿਰ ਦੀ ਮਜ਼ਬੂਤ ਪਕੜ ਸੀ। ਗੋਰਖਪੁਰ ਕਾਂਗਰਸ ਤੇ ਖਿਲਾਫਤ ਕਮੇਟੀਆਂ ਨੇ ਵਲੰਟੀਅਰਾਂ ਨੂੰ ਰਾਸ਼ਟਰੀ ਕੋਰ ਗਰੁੱਪ ਵਜੋਂ ਜਥੇਬੰਦ ਕਰਨ ਦੀ ਅਗਵਾਈ ਕੀਤੀ ਸੀ ਤੇ ਇਹ ਵਲੰਟੀਅਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅੰਗਰੇਜ਼ਾਂ ਨਾਲ ਅਸਹਿਯੋਗ ਦੀ ਸਹੁੰ ਚੁਕਾਉਂਦੇ ਹੋਏ, ਜਨਤਾ ਤੇ ਵਪਾਰੀਆਂ ਨੂੰ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕਰਨ ਦੀ ਅਪੀਲ ਕਰਦੇ ਸੀ ਤੇ ਸ਼ਰਾਬ ਦੀਆਂ ਦੁਕਾਨਾਂ ਵਿਰੁੱਧ ਧਰਨੇ ਵਿੱਚ ਸ਼ਹਿਰੀਆਂ ਦਾ ਸਾਥ ਦੇ ਰਹੇ ਸੀ। ਅਜਿਹੀਆਂ ਸਿਆਸੀ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣ ਲਈ ਪੁਲਿਸ ਨੇ ਕਈ ਵਾਰ ਵਾਲੰਟੀਅਰਾਂ 'ਤੇ ਲਾਠੀਚਾਰਜ ਕੀਤਾ ਤੇ ਇਸ ਕਾਰਨ ਪੂਰੇ ਮਾਹੌਲ 'ਚ ਤਣਾਅ ਪੈਦਾ ਹੋ ਗਿਆ ਸੀ।


5 ਫਰਵਰੀ ਨੂੰ, ਹਾਲਾਂਕਿ ਬਹੁਤ ਸਾਰੇ ਸਰੋਤ ਇਸ ਨੂੰ 4 ਫਰਵਰੀ ਕਹਿੰਦੇ ਹਨ, ਵਲੰਟੀਅਰਾਂ ਦਾ ਇੱਕ ਜਲੂਸ ਮੁੰਦੇਰਾ ਦੇ ਬਜ਼ਾਰ ਨੂੰ ਬੰਦ ਕਰਨ ਲਈ ਨਿਕਲਿਆ ਤੇ ਸਥਾਨਕ ਪੁਲਿਸ ਸਟੇਸ਼ਨ ਦੇ ਸਾਹਮਣੇ ਤੋਂ ਲੰਘਿਆ। ਪੁਲਿਸ ਅਧਿਕਾਰੀ ਨੇ ਚੇਤਾਵਨੀ ਜਾਰੀ ਕੀਤੀ ਪਰ ਭੀੜ ਨੇ ਉਸ ਨੂੰ ਅਣਗੌਲਿਆ ਤੇ ਚੇਤਾਵਨੀ ਨੂੰ ਹੱਸ ਕੇ ਟਾਲ ਦਿੱਤਾ। ਜਵਾਬ ਵਿੱਚ ਐਸਐਚਓ ਨੇ ਹਵਾਈ ਫਾਇਰਿੰਗ ਕੀਤੀ। ਪੁਲਿਸ ਦੀ ਇਸ ਵਹਿਸ਼ਤ ਨੇ ਜਲੂਸ ਨੂੰ ਹੋਰ ਹਵਾ ਦਿੱਤੀ, ਫਿਰ ਜਿਵੇਂਕਿ ਇਤਿਹਾਸਕਾਰ ਸ਼ਾਹਿਦ ਅਮੀਨ ਨੇ ਲਿਖਿਆ ਹੈ, ਤਾੜੀਆਂ ਮਾਰਨ ਵਾਲੀ ਭੀੜ ਨੇ ਦਾਅਵਾ ਕੀਤਾ ਕਿ 'ਗਾਂਧੀ ਜੀ ਦੇ ਆਸ਼ੀਰਵਾਦ ਨਾਲ, ਗੋਲੀਆਂ ਵੀ ਪਾਣੀ ਵਿੱਚ ਬਦਲ ਗਈਆਂ।' ਪਰ ਫਿਰ ਅਸਲ ਗੋਲੀਆਂ ਆਈਆਂ। ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਗੁੱਸੇ 'ਚ ਆਈ ਭੀੜ ਨੇ ਪੁਲਿਸ 'ਤੇ ਪਥਰਾਅ ਕੀਤਾ ਅਤੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਪੁਲਿਸ ਵਾਲਿਆਂ ਨੇ ਭੱਜ ਕੇ ਥਾਣੇ ਦੀ ਸ਼ਰਨ ਲਈ। ਭੀੜ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਬਾਜ਼ਾਰ ਵਿੱਚੋਂ ਮਿੱਟੀ ਦਾ ਤੇਲ (ਕੈਰੋਸੀਨ) ਲਿਆ ਕੇ ਥਾਣੇ ਨੂੰ ਅੱਗ ਲਾ ਦਿੱਤੀ। 23 ਪੁਲਿਸ ਵਾਲੇ ਮਾਰੇ ਗਏ ਸੀ। ਉਨ੍ਹਾਂ ਵਿੱਚੋਂ ਬਹੁਤੇ ਸੜ ਕੇ ਮਰ ਗਏ ਤੇ ਜੋ ਕਿਸੇ ਤਰ੍ਹਾਂ ਅੱਗ ਦੀਆਂ ਲਪਟਾਂ ਚੋਂ ਬਾਹਰ ਨਿਕਲੇ, ਉਨ੍ਹਾਂ ਨੂੰ ਭੀੜ ਨੇ ਮਾਰ ਦਿੱਤਾ।


ਬਸਤੀਵਾਦੀ ਅਥਾਰਟੀ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਪੁਲਿਸ ਦੀ ਬੋਲੀ ਵਿੱਚ ‘ਦੰਗਾਕਾਰੀ ਭੱਜ ਗਏ ਸੀ’ ਪਰ ‘ਚੌਰੀ ਚੌਰਾ ਅਪਰਾਧ’ ਵਿੱਚ ਹਿੱਸਾ ਲੈਣ ਵਾਲਿਆਂ ਦੀ ਠੋਸ ਪਛਾਣ ਲਈ ਪੁਲਿਸ ਨੇ ਸਿਰਫ਼ ਇਹ ਦੇਖਿਆ ਕਿ ਅਸਹਿਯੋਗ ਦੇ ਪ੍ਰਤੀਗਿਆ ਪੱਤਰ ’ਤੇ ਕਿਸ ਨੇ ਦਸਤਖ਼ਤ ਕੀਤੇ ਸੀ। ਪੁਲਿਸ ਲਈ ਉਸ ਨੂੰ ਸ਼ੱਕੀ ਬਣਾਉਣ ਲਈ ਇਹ ਕਾਫੀ ਸੀ। ਆਸ-ਪਾਸ ਦੇ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ, ਲੁਕਵੇਂ ਟਿਕਾਣਿਆਂ ਤੋਂ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਇਆ ਗਿਆ, ਉਨ੍ਹਾਂ ਦੀ ਘੇਰਾਬੰਦੀ ਕੀਤੀ ਗਈ ਤੇ ਥੋੜ੍ਹੇ ਸਮੇਂ 'ਚ ਹੀ 225 ਲੋਕਾਂ ਨੂੰ ਜਲਦੀ ਸੁਣਵਾਈ ਲਈ ਸੈਸ਼ਨ ਕੋਰਟ 'ਚ ਪੇਸ਼ ਕੀਤਾ ਗਿਆ। 172 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਵਿੱਚੋਂ 19 ਨੂੰ ਫਾਂਸੀ ਦਿੱਤੀ ਗਈ ਸੀ। ਉਸ ਨੂੰ ਹੁਣ ਚੌਰੀ ਚੌਰਾ ਦੇ ‘ਸ਼ਹੀਦ’ ਵਜੋਂ ਯਾਦ ਕੀਤਾ ਜਾਂਦਾ ਹੈ।


ਚੌਰੀ ਚੌਰਾ ਵਿਖੇ ਇਸ ਘਟਨਾ ਤੋਂ ਕੋਈ ਵੀ ਓਨਾ ਪ੍ਰਭਾਵਿਤ ਨਹੀਂ ਹੋਇਆ ਜਿੰਨਾ ਮੋਹਨਦਾਸ ਗਾਂਧੀ, ਜਿਨ੍ਹਾਂ ਨੂੰ ਉਦੋਂ ਤੱਕ ਮਹਾਤਮਾ ਦਾ ਦਰਜਾ ਹਾਸਲ ਹੋ ਗਿਆ ਸੀ। ਗਾਂਧੀ ਨੇ ਸਾਲ ਭਰ ਸਵਰਾਜ ਲਿਆਉਣ ਦਾ ਵਚਨ ਦਿੱਤਾ ਸੀ, ਜੇਕਰ ਦੇਸ਼ ਉਨ੍ਹਾਂ ਦੀ ਅਗਵਾਈ ਸਵੀਕਾਰ ਕਰਦਾ ਹੈ ਤੇ ਅਹਿੰਸਕ ਵਿਰੋਧ ਦੀ ਸਖ਼ਤੀ ਨਾਲ ਪਾਲਣਾ ਕਰਦਾ ਤੇ ਕਾਂਗਰਸ ਉਸ ਸਮੇਂ ਇੱਕ ਵਿਸ਼ਾਲ 'ਨਾਗਰਿਕ ਅਵੱਗਿਆ ਅੰਦੋਲਨ' ਸ਼ੁਰੂ ਕਰਨ ਦੀ ਕਗਾਰ 'ਤੇ ਸੀ। ਮਹਾਤਮਾ ਗਾਂਧੀ ਨੇ ਫਿਰ ਸਰਦਾਰ ਪਟੇਲ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਪਾ ਦਿੱਤੀ। 8 ਫਰਵਰੀ ਨੂੰ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਇੱਕ ਗੁਪਤ ਪੱਤਰ ਲਿਖਿਆ। ਇਸ 'ਚ ਉਨ੍ਹਾਂ ਨੇ 'ਗੋਰਖਪੁਰ ਜ਼ਿਲ੍ਹੇ 'ਚ ਵਾਪਰੀਆਂ ਘਟਨਾਵਾਂ ਤੋਂ ਖੁਦ ਨੂੰ ਬੇਹੱਦ ਦੁਖੀ' ਦੱਸਿਆ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਬਾਰਡੋਲੀ ਸੱਤਿਆਗ੍ਰਹਿ ਨੂੰ ਮੁਲਤਵੀ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ: 'ਮੈਂ ਨਿੱਜੀ ਤੌਰ 'ਤੇ ਕਦੇ ਵੀ ਉਸ ਅੰਦੋਲਨ ਦਾ ਹਿੱਸਾ ਨਹੀਂ ਬਣ ਸਕਦਾ ਜੋ ਅੱਧਾ ਹਿੰਸਕ ਅਤੇ ਅੱਧਾ ਅਹਿੰਸਕ ਹੋਵੇ, ਭਾਵੇਂ ਇਸ ਨਾਲ ਅਖੌਤੀ ਸਵਰਾਜ ਦੇ ਨਤੀਜੇ ਵਿੱਚ ਦੇਰੀ ਹੀ ਕਿਉਂ ਨਾਹ ਹੋਵੇ, ਕਿਉਂਕਿ ਇਸ ਮਾਰਗ ਨਾਲ ਉਹ ਅਸਲ ਸਵਰਾਜ ਨਹੀਂ ਆਵੇਗਾ ਜਿਸਦੀ ਮੈਂ ਕਲਪਨਾ ਕੀਤੀ ਹੈ।'


ਗਾਂਧੀ ਦੇ ਜੀਵਨੀ ਲੇਖਕ ਡੀਜੀ ਤੇਂਦੁਲਕਰ ਨੇ ਲਿਖਿਆ ਕਿ ਇਸ ਸਮੇਂ 'ਗਾਂਧੀ ਕਾਂਗਰਸ ਦੇ ਮੁੱਖ ਜਨਰਲ' ਸੀ। ਪਰ ਕੁਝ ਲੋਕ ਉਨ੍ਹਾਂ ਦੇ ਖਿਲਾਫ ਹੋਰ ਵੀ ਸਖ਼ਤ ਭਾਸ਼ਾ 'ਚ ਗੱਲ ਕਰਨੀ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਤਾਨਾਸ਼ਾਹ ਦੱਸਦੇ। ਪਰ ਗਾਂਧੀ ਦਾ ਵਿਚਾਰ ਸੀ ਕਿ ਚੌਰੀ ਚੌਰਾ ਵਿਖੇ 'ਭੀੜ' ਦੀ ਹਿੰਸਾ ਦਰਸਾਉਂਦੀ ਹੈ ਕਿ ਦੇਸ਼ ਅਜੇ ਸਵਰਾਜ ਲਈ ਤਿਆਰ ਨਹੀਂ ਹੈ। ਜ਼ਿਆਦਾਤਰ ਭਾਰਤੀਆਂ ਦੀ ਅਹਿੰਸਾ ਕਮਜ਼ੋਰਾਂ ਦੀ ਅਹਿੰਸਾ ਸੀ, ਜੋ ਉਨ੍ਹਾਂ ਦੇ ਇਰਾਦਿਆਂ ਜਾਂ ਅਹਿੰਸਾ ਦੀ ਅਸਲ ਸਮਝ ਚੋਂ ਪੈਦਾ ਨਹੀਂ ਹੋਈ ਸੀ। ਉਸ ਲਈ ਅਹਿੰਸਾ ਦਾ ਮਤਲਬ ਸਿਰਫ਼ ਪੂਰੀ ਤਰ੍ਹਾਂ ਨਿਹੱਥੇ ਹੋਣਾ ਸੀ। ਗਾਂਧੀ ਲਈ ਅਹਿੰਸਾ ਸਿਰਫ਼ ਅਪਣਾਏ ਜਾਣ ਜਾਂ ਰੱਦ ਕਰਨ ਦੀ ਨੀਤੀ ਨਹੀਂ ਸੀ, ਨਾ ਹੀ ਇਹ ਸਿਰਫ਼ ਵਿਰੋਧ ਕਰਨਾ ਸੀ, ਉਨ੍ਹਾਂ ਲਈ ਇਸ ਦਾ ਮਤਲਬ ਸਿਰਫ਼ ਸੰਸਾਰ ਦਾ ਨੈਤਿਕ ਵਿਅਕਤੀ ਹੋਣਾ ਸੀ। ਅਹਿੰਸਾ ਦੀ ਸਹੁੰ ਚੁੱਕਣ ਵਾਲੇ ਵਲੰਟੀਅਰਾਂ ਨੇ ਜੋ ਕੀਤਾ, ਉਸ ਨੇ ਗਾਂਧੀ ਦੇ ਧਿਆਨ ਵਿਚ ਇਹ ਸੱਚਾਈ ਲਿਆ ਦਿੱਤੀ ਕਿ ਦੇਸ਼ ਨੇ ਅਜੇ ਤੱਕ ਪੂਰੀ ਤਰ੍ਹਾਂ ਅਹਿੰਸਾ ਨਹੀਂ ਅਪਣਾਈ, ਉਹ ਟੀਚੇ ਤੋਂ ਬਹੁਤ ਦੂਰ ਹਨ ਅਤੇ ਇਸ ਅਸਹਿਯੋਗ ਅੰਦੋਲਨ ਨੂੰ ਜਾਰੀ ਰੱਖਣਾ ਦੇਸ਼ ਦੇ ਭਵਿੱਖ ਲਈ ਸ਼ੁੱਭ ਨਹੀਂ ਹੈ। ਨਤੀਜੇ ਵਜੋਂ, ਉਨ੍ਹਾਂ ਨੇ 11-12 ਫਰਵਰੀ ਨੂੰ ਬਾਰਡੋਲੀ, ਗੁਜਰਾਤ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅੰਦੋਲਨ ਮੁਲਤਵੀ ਕਰ ਦਿੱਤਾ। ਇਸ ਦੇ ਨਾਲ ਹੀ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ 'ਚੌਰੀ ਚੌਰਾ ਵਿੱਚ ਭੀੜ ਵੱਲੋਂ ਥਾਣੇਦਾਰ ਨਾਲ ਕੀਤੇ ਅਣਮਨੁੱਖੀ ਸਲੂਕ ਅਤੇ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ।'


ਇਸ ਤੋਂ ਬਾਅਦ ਇਹ ਹੋਣਾ ਹੀ ਸੀ ਕਿ ਸਿਵਲ ਨਾਫਰਮਾਨੀ ਅੰਦੋਲਨ ਨੂੰ ਮੁਅੱਤਲ ਕਰਨ ਦੇ ਐਲਾਨ ਨਾਲ ਆਲੋਚਨਾ ਦਾ ਤੂਫ਼ਾਨ ਆ ਗਿਆ। ਉਨ੍ਹਾਂ ਦੇ ਆਲੋਚਕਾਂ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਕਾਂਗਰਸ ਵਰਕਿੰਗ ਕਮੇਟੀ ਤੋਂ ਆਇਆ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਗਾਂਧੀ ਦੇ ਕਹਿਣ 'ਤੇ ਹੀ ਕੀਤਾ ਗਿਆ। ਮਹਾਤਮਾ ਇੰਨਾ ਵੱਡਾ ਇਨਸਾਨ ਨਹੀਂ ਜਿੰਨਾ ਉਸ ਨੂੰ ਬਣਾਇਆ ਗਿਆ ਹੈ। ਕਈਆਂ ਨੇ ਦੋਸ਼ ਲਾਇਆ ਕਿ ਗਾਂਧੀ ਆਪਣੇ ਵਿਚਾਰਾਂ ਦੇ ਵਿਰੋਧ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇੱਕ ਤਾਨਾਸ਼ਾਹ ਵਾਂਗ ਵਿਵਹਾਰ ਕਰਦੇ ਜੋ ਸਿਰਫ਼ ਆਪਣੀ ਮਰਜ਼ੀ ਕਰਦੇ ਸੀ। ਕੁਝ ਹੋਰ ਗੰਭੀਰ ਦੋਸ਼ਾਂ ਨੇ ਇਹ ਵੀ ਕਿਹਾ ਕਿ ਗਾਂਧੀ ਨੇ ਉਸ ਸਮੇਂ ਦੇ ਹਾਲਾਤਾਂ ਦਾ ਮੁਲਾਂਕਣ ਕਰਨ ਵਿੱਚ ਗਲਤੀ ਕੀਤੀ ਹੈ: ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਸਾਰਾ ਦੇਸ਼ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ, ਤਾਂ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਕਿ ਦੇਸ਼ ਦੀ ਆਜ਼ਾਦੀ ਦਾ ਪਿਆਲਾ ਉਨ੍ਹਾਂ ਦੇ ਬੁੱਲਾਂ ਤੱਕ ਪਹੁੰਚ ਚੁੱਕਿਆ ਸੀ ਅਤੇ ਕੁਝ ਥਾਵਾਂ 'ਤੇ ਬ੍ਰਿਟਿਸ਼ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਅਧਰੰਗ ਹੋ ਗਿਆ ਸੀ। 1941 ਵਿੱਚ,ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ: 'ਚੌਰੀ ਚੌਰਾ ਕਾਂਡ ਤੋਂ ਬਾਅਦ, ਅੰਦੋਲਨ ਦੇ ਅਚਾਨਕ ਮੁਅੱਤਲ ਹੋਣ ਕਾਰਨ ਹਰ ਪਾਸੇ ਨਾਰਾਜ਼ਗੀ ਫੈਲ ਰਹੀ ਸੀ। ਗਾਂਧੀ ਜੀ ਤੋਂ ਇਲਾਵਾ ਕਾਂਗਰਸ ਦੇ ਸਾਰੇ ਨੇਤਾਵਾਂ ਨੇ ਵੀ ਇਸ ਗੱਲ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਮੇਰੇ ਪਿਤਾ ਜੋ ਉਸ ਸਮੇਂ ਜੇਲ੍ਹ ਵਿੱਚ ਸੀ, ਇਸ ਫੈਸਲੇ ਤੋਂ ਬਹੁਤ ਦੁਖੀ ਹੋਏ ਸੀ। ਬੇਸ਼ੱਕ ਸ਼ੱਕ ਨੌਜਵਾਨਾਂ ਵਿੱਚ ਵੀ ਗੁੱਸਾ ਸੀ। ਕਈ ਵਾਰ ਕਿਹਾ ਜਾਂਦਾ ਹੈ ਕਿ ਭਗਤ ਸਿੰਘ, ਜੋ ਉਸ ਸਮੇਂ 15 ਸਾਲ ਦੇ ਸੀ, ਇਸ ਫੈਸਲੇ ਤੋਂ ਬਹੁਤ ਪਰੇਸ਼ਾਨ ਸੀ ਅਤੇ ਮਹਾਤਮਾ ਦੇ ਵਿਚਾਰਾਂ ਤੋਂ ਵੱਖ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਇਨਕਲਾਬੀ ਲਹਿਰ ਸ਼ੁਰੂ ਕੀਤੀ।


ਗਾਂਧੀ ਨੇ ਜਵਾਹਰ ਨੂੰ ਲਿਖਿਆ, 'ਮੈਂ ਦੇਖ ਰਿਹਾ ਹਾਂ ਕਿ ਤੁਸੀਂ ਸਾਰੇ ਕਾਂਗਰਸ ਵਰਕਿੰਗ ਕਮੇਟੀ ਦੇ ਮਤਿਆਂ ਦੇ ਮੁੱਦੇ 'ਤੇ ਮੇਰੇ ਨਾਲ ਨਾਰਾਜ਼ ਹੋ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਅਤੇ ਮੈਨੂੰ ਤੁਹਾਡੇ ਪਿਤਾ ਲਈ ਚਿੰਤਾ ਹੈ।'' ਮੋਤੀ ਲਾਲ, ਜਵਾਹਰ ਲਾਲ ਅਤੇ ਲਾਜਪਤ ਰਾਏ ਸਮੇਤ ਬਹੁਤ ਸਾਰੇ ਨੇਤਾਵਾਂ ਨੇ ਦਲੀਲ ਦਿੱਤੀ ਕਿ 'ਕੁਝ ਪਿੰਡਾਂ' ਵਿਚ 'ਬੇਰਹਿਮ ਕਿਸਾਨਾਂ ਦੀ ਭੀੜ' ਨਾਲ ਦੁਰਵਿਵਹਾਰ ਨੂੰ ਰਾਸ਼ਟਰੀ ਅੰਦੋਲਨ ਦੇ ਨਤੀਜਿਆਂ ਨਾਲ ਜੋੜਣਾ ਗਲਤ ਹੈ। ਜੇਕਰ ਗਾਂਧੀ ਦਾ ਦ੍ਰਿਸ਼ਟੀਕੋਣ ਸਪੱਸ਼ਟ ਸੀ ਅਤੇ ਉਨ੍ਹਾਂ ਨੇ ਇਨ੍ਹਾਂ ਦਲੀਲਾਂ ਦਾ ਬੇਬਾਕੀ ਨਾਲ ਜਵਾਬ ਯੰਗ ਇੰਡੀਆ ਦੇ 16 ਫਰਵਰੀ ਦੇ ਅੰਕ ਵਿੱਚ ਦਿੱਤਾ। ਤੇਂਦੁਲਕਰ ਨੇ ਗਾਂਧੀ ਦੇ ਲੰਬੇ ਬਿਆਨ ਨੂੰ "ਹੁਣ ਤੱਕ ਲਿਖੇ ਗਏ ਸਭ ਤੋਂ ਅਸਾਧਾਰਨ ਮਾਨਵਤਾਵਾਦੀ ਦਸਤਾਵੇਜ਼ਾਂ ਚੋਂ ਇੱਕ" ਦੱਸਿਆ। ਗਾਂਧੀ ਨੇ ਵਿਸਥਾਰ ਵਿੱਚ ਦੱਸਿਆ ਕਿ ਉਸਨੇ 12 ਫਰਵਰੀ ਨੂੰ ਪੰਜ ਦਿਨਾਂ ਲਈ ਵਰਤ ਕਿਉਂ ਰੱਖਿਆ ਅਤੇ ਉਨ੍ਹਾਂ ਨੂੰ ਕਿਉਂ ਲੱਗਾ ਕਿ ਪ੍ਰਾਸਚਿਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਗੋਰਖਪੁਰ ਜ਼ਿਲ੍ਹੇ ਵਿੱਚ ਹਿੰਸਾ ਨੂੰ ਆਮ ਤੋਂ ਬਾਹਰ ਨਹੀਂ ਸਮਝਿਆ ਜਾਣਾ ਚਾਹੀਦਾ: 'ਆਖ਼ਰਕਾਰ, ਚੌਰੀ ਚੌਰਾ ਇੱਕ ਗੰਭੀਰ ਲੱਛਣ ਹੈ। ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਜਿੱਥੇ ਜਬਰ ਹੋਵੇਗਾ, ਉੱਥੇ ਹਿੰਸਾ ਨਹੀਂ ਹੋਵੇਗੀ, ਨਾ ਮਾਨਸਿਕ ਅਤੇ ਨਾ ਹੀ ਸਰੀਰਕ।’ ਅੱਜ ਆਧੁਨਿਕ ਸਮੇਂ ਵਿੱਚ ਰੋਜ਼ਾਨਾ ਬੋਲਚਾਲ ਦੀ ਭਾਸ਼ਾ ਵਿੱਚ ਹਿੰਸਾ ਆ ਗਈ ਹੈ, ਇਹ ਖ਼ਤਰੇ ਦੀ ਘੰਟੀ ਹੈ: ‘ਚੌਰੀ ਚੌਰਾ ਦਾ ਦੁਖਾਂਤ ਇੱਕ ਸੰਕੇਤ ਹੈ। ਇਸ਼ਾਰਾ ਇਹ ਦੱਸਦਾ ਹੈ ਕਿ ਜੇਕਰ ਗੰਭੀਰ ਸਾਵਧਾਨੀ ਨਾ ਵਰਤੀ ਗਈ ਤਾਂ ਭਾਰਤ ਕਿਸ ਦਿਸ਼ਾ ਵੱਲ ਜਾ ਸਕਦਾ ਹੈ।'


ਚੌਰੀ ਚੌਰਾ ਦੇ ਸਾਲਾਂ ਬਾਅਦ ਅਤੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ, ਗਾਂਧੀ ਨੇ ਡਾਂਡੀ ਮਾਰਚ ਨਾਲ ਦੁਨੀਆ ਦਾ ਧਿਆਨ ਖਿੱਚਿਆ। ਦੰਗਾ ਪ੍ਰਭਾਵਿਤ ਨੋਆਖਾਲੀ ਵਿੱਚ ਉਸਦੀ ਮੌਜੂਦਗੀ ਦਾ ਪ੍ਰਭਾਵ ਅਤੇ ਕਲਕੱਤਾ ਵਿੱਚ ਵਰਤ ਨੂੰ ਉਸਦੇ ਜੀਵਨ ਦੀਆਂ ਸਭ ਤੋਂ ਇਤਿਹਾਸਕ ਘਟਨਾਵਾਂ ਵਿੱਚੋਂ ਮੰਨਿਆ ਜਾਂਦਾ ਹੈ। ਚੌਰੀ ਚੌਰਾ ਭਾਵੇਂ ਧੱਬਾ ਨਾ ਹੋਵੇ, ਪਰ ਇਸ ਬਾਰੇ ਬਿਰਤਾਂਤ ਵਿਚ ਬਹੁਤ ਸਾਰੀਆਂ ਗੱਲਾਂ ਅਸਪਸ਼ਟ ਹਨ। ਮੈਂ ਇਹ ਕਹਿਣਾ ਚਾਹਾਂਗਾ ਕਿ ਗਾਂਧੀ ਨੇ ਸਿਵਲ ਨਾਫ਼ਰਮਾਨੀ ਅੰਦੋਲਨ ਨੂੰ ਵਾਪਸ ਲੈਣ ਵਿੱਚ ਅਸਾਧਾਰਣ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਇਹ ਇੱਕ ਅਜਿਹਾ ਫੈਸਲਾ ਸੀ ਜੋ ਵਿਸ਼ਵ ਰਾਜਨੀਤੀ ਵਿੱਚ ਨੈਤਿਕਤਾ ਨੂੰ ਸੁਰੱਖਿਅਤ ਰੱਖਣ ਲਈ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਵੱਡਾ ਕਦਮ ਮੰਨਿਆ ਜਾ ਸਕਦਾ ਹੈ।


ਚੌਰੀ ਚੌਰਾ ਦੇ ਸਾਲਾਂ ਬਾਅਦ ਅਤੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਗਾਂਧੀ ਨੇ ਡਾਂਡੀ ਮਾਰਚ ਨਾਲ ਦੁਨੀਆ ਦਾ ਧਿਆਨ ਖਿੱਚਿਆ। ਦੰਗਾ ਪ੍ਰਭਾਵਿਤ ਨੋਆਖਲੀ ਵਿੱਚ ਉਨ੍ਹਾਂ ਦੀ ਮੌਜੂਦਗੀ ਦਾ ਪ੍ਰਭਾਵ ਅਤੇ ਕਲਕੱਤਾ ਵਿੱਚ ਵਰਤ ਨੂੰ ਉਨ੍ਹਾਂ ਦੇ ਜੀਵਨ ਦੀਆਂ ਸਭ ਤੋਂ ਇਤਿਹਾਸਕ ਘਟਨਾਵਾਂ ਚੋਂ ਮੰਨਿਆ ਜਾਂਦਾ ਹੈ। ਚੌਰੀ ਚੌਰਾ ਭਾਵੇਂ ਧੱਬਾ ਨਾ ਹੋਵੇ, ਪਰ ਇਸ ਬਾਰੇ ਬਿਰਤਾਂਤ ਵਿਚ ਬਹੁਤ ਸਾਰੀਆਂ ਗੱਲਾਂ ਅਸਪਸ਼ਟ ਹਨ। ਮੈਂ ਇਹ ਕਹਿਣਾ ਚਾਹਾਂਗਾ ਕਿ ਗਾਂਧੀ ਨੇ ਸਿਵਲ ਨਾਫ਼ਰਮਾਨੀ ਅੰਦੋਲਨ ਨੂੰ ਵਾਪਸ ਲੈਣ ਵਿੱਚ ਅਸਾਧਾਰਣ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਇਹ ਇੱਕ ਅਜਿਹਾ ਫੈਸਲਾ ਸੀ ਜੋ ਵਿਸ਼ਵ ਰਾਜਨੀਤੀ ਵਿੱਚ ਨੈਤਿਕਤਾ ਨੂੰ ਸੁਰੱਖਿਅਤ ਰੱਖਣ ਲਈ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਵੱਡਾ ਕਦਮ ਮੰਨਿਆ ਜਾ ਸਕਦਾ ਹੈ।


ਗਾਂਧੀ ਦੇ ਵਿਚਾਰ ਵਿਚ, ਬਸਤੀਵਾਦੀ ਅਨਿਆਂ ਦੀ ਆੜ ਵਿਚ ਕੀਤੇ ਗਏ ਉਨ੍ਹਾਂ ਗ਼ਲਤ ਕੰਮਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਜਿਨ੍ਹਾਂ ਨੂੰ ਉਹ ਖੁੱਲ੍ਹੇਆਮ 'ਚੌਰੀ ਚੌਰਾ ਦਾ ਅਪਰਾਧ' ਕਹਿੰਦੇ ਹਨ। ਜਿਹੜੇ ਲੋਕ ਰਾਜਨੀਤੀ ਵਿੱਚ ਨੈਤਿਕਤਾ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਅੰਤ ਤੱਕ ਸਾਧਨਾਂ ਦਾ ਸਵਾਲ ਲਾਜ਼ਮੀ ਤੌਰ 'ਤੇ ਉੱਠਦਾ ਹੈ। ਪਰ ਗਾਂਧੀ ਲਈ, ਨੈਤਿਕਤਾ ਦਾ ਸੰਕਲਪ ਇਸ ਤੋਂ ਉੱਚਾ ਹੈ, ਜਿੱਥੇ ਦੇਸ਼ ਦੇ ਹਿੱਤ ਲਈ ਕੁਝ ਲੋਕਾਂ ਦੀ ਜਾਨ ਦਾਅ 'ਤੇ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਦਾ ਸਵਾਲ ਸੀ ਕਿ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੀਆਂ ਵਿਧਵਾਵਾਂ ਦੇ ਹੰਝੂ ਕੌਣ ਪੂੰਝੇਗਾ? ਸ਼ਾਇਦ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਬਾਕੀ ਸਾਰੇ ਦੇਸ਼ਾਂ ਦੇ ਨਾਲ-ਨਾਲ ਬਸਤੀਵਾਦੀ ਮੁਕਤੀ ਦੇ ਰਾਹ 'ਤੇ ਚੱਲਦਿਆਂ ਭਾਰਤ ਜਦੋਂ ਆਪਣੇ ਇੱਥੇ ਲੋਕਤੰਤਰ ਸਥਾਪਿਤ ਕਰ ਸਕਦਾ ਹੈ ਅਤੇ ਕਿਸੇ ਇੱਕ ਪਾਰਟੀ ਜਾਂ ਤਾਨਾਸ਼ਾਹ ਤੋਂ ਮੁਕਤ ਰਹਿ ਸਕਦਾ ਹੈ, ਤਾਂ ਇਸ ਦਾ ਵੱਡਾ ਕਾਰਨ ਗਾਂਧੀ ਹੈ, ਉਸ ਦੀ ਗੈਰ-ਹਿੰਸਕ ਸਿਧਾਂਤ ਅਤੇ ਉਸਦੀ ਸ਼ੈਲੀ ਜਿਸ ਵਿੱਚ ਉਸਨੇ ਇਸ ਦੇਸ਼ ਨੂੰ ਆਪਣੀ ਯਾਤਰਾ ਵਿੱਚ ਆਪਣੇ ਨਾਲ ਲਿਆ। ਇਸ ਲਈ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਹ 'ਚੌਰੀ ਚੌਰਾ ਦਾ ਅਪਰਾਧ' ਨਹੀਂ ਸਗੋਂ ਚੌਰੀ ਚੌਰਾ ਦਾ ਚਮਤਕਾਰ ਹੈ। ਅੱਜ ਦੇਸ਼ ਇਤਿਹਾਸ ਦੇ ਅਹਿਮ ਮੋੜ 'ਤੇ ਖੜ੍ਹਾ ਹੈ, ਗਾਂਧੀ ਦਾ ਖੁੱਲ੍ਹੇਆਮ ਮਜ਼ਾਕ ਉਡਾਇਆ ਜਾਂਦਾ ਹੈ।


ਵਿਨੈ ਲਾਲ UCLA ਵਿੱਚ ਇਤਿਹਾਸ ਦੇ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਉਹ ਇੱਕ ਲੇਖਕ, ਬਲੌਗਰ ਅਤੇ ਸਾਹਿਤਕ ਆਲੋਚਕ ਵੀ ਹੈ।


ਵੈੱਬਸਾਈਟ: http://www.history.ucla.edu/faculty/vinay-lal


ਯੂਟਿਊਬ ਚੈਨਲ: https://www.youtube.com/user/dillichalo


ਬਲੌਗ: https://vinaylal.wordpress.com/


(ਨੋਟ- ਉੱਪਰ ਦਿੱਤੇ ਗਏ ਵਿਚਾਰ ਤੇ ਅੰਕੜੇ ਲੇਖਕ ਦੇ ਨਿੱਜੀ ਵਿਚਾਰ ਹਨ। ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਲੇਖਕ ਹੀ ਜ਼ਿੰਮੇਵਾਰ ਹੈ।)