ਰਵਨੀਤ ਕੌਰ, ਚੰਡੀਗੜ੍ਹ
International Mother Language Day: ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹੈ ਤੇ 21 ਫਰਵਰੀ ਨੂੰ ਇਸ ਦਿਨ ਸੰਸਾਰ ਭਰ ਦੇ ਲੋਕ ਆਪਣੀ ਮਾਂ ਬੋਲੀ ਨੂੰ ਸਿਜ਼ਦਾ ਕਰਨ ਲਈ ਪ੍ਰੋਗਰਾਮ ਉਲੀਕਦੇ ਹਨ। ਇਹ ਗੱਲ ਸਮਝਣ ਤੇ ਸੋਚਣ ਦੀ ਜ਼ਰੂਰਤ ਹੈ ਕਿ ਮਾਂ ਬੋਲੀ ਦਿਵਸ ਨੂੰ ਮਨਾਉਣ ਦਾ ਸੰਕਲਪ ਸਿਰਜਿਆ ਗਿਆ ਸੀ ਉਹ ਭਾਵੇਂ ਕਿ ਬੰਗਾਲ ਤੋਂ ਉਪਜਿਆ ਹੋਵੇ ਪਰ ਮਾਂ ਬੋਲੀ ਨੂੰ ਬਚਾਉਣ ਲਈ ਸੰਘਰਸ਼ ਤੇ ਆਪਣੀ ਮਾਂ ਬੋਲੀ ਨੂੰ ਇੱਜ਼ਤ-ਦਿਵਾਉਣ ਵਾਸਤੇ ਪੰਜਾਬੀਆਂ ਨੇ ਵੀ ਬਹੁਤ ਮਿਹਨਤਾਂ ਕੀਤੀਆਂ ਹਨ।
ਅਧੁਨਿਕਤਾ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਨੌਜਵਾਨਾਂ ਦਾ ਪਿਆਰ ਫਿੱਕਾ ਪਾ ਦਿੱਤਾ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਨਿੱਜੀ ਸਕੂਲਾਂ ਵੱਲੋਂ ਦਿਖਾਏ ਗਏ ਮਹਿੰਗੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਕੂਲਾਂ ’ਚ ਤਾਂ ‘ਪੰਜਾਬੀ’ ਭਾਸ਼ਾ ਬੋਲਣ ’ਤੇ ਰੋਕ ਹੈ ਨਾਲ ਘਰਾਂ ’ਚ ਵੀ ਮਾਵਾਂ ਆਪਣੀ ਬੋਲੀ ਛੱਡ ਕੇ ਹਿੰਦੀ ਜਾਂ ਦੂਜੀਆਂ ਭਾਸ਼ਾਵਾਂ ਬੋਲਣ ’ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ। ਇਸ ਦਾ ਨਤੀਜੇ ਹੈ ਬੱਚੇ ਛੋਟੀ ਉਮਰੇ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ।
ਮਾਂ ਬੋਲੀ ਦਾ ਇਤਿਹਾਸ
ਸਾਲ 1947 ਵਿੱਚ ਵੰਡ ਤੋਂ ਬਾਅਦ ਜਦੋਂ ਪਾਕਿਸਤਾਨ ਬਣਾਇਆ ਗਿਆ ਸੀ, ਇਸ ਦੇ ਦੋ ਭੂਗੋਲਿਕ ਤੌਰ ’ਤੇ ਵੱਖਰੇ ਹਿੱਸੇ ਸਨ: ਪੂਰਬੀ ਪਾਕਿਸਤਾਨ (ਇਸ ਵੇਲੇ ਬੰਗਲਾਦੇਸ਼ ਵਜੋਂ ਜਾਣਿਆ ਜਾਂਦਾ ਹੈ) ਤੇ ਪੱਛਮੀ ਪਾਕਿਸਤਾਨ (ਇਸ ਵੇਲੇ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਹੈ)। ਸੱਭਿਆਚਾਰ ਤੇ ਭਾਸ਼ਾ ਦੇ ਅਰਥਾਂ ਵਿਚ ਦੋਵੇਂ ਹਿੱਸੇ ਇਕ ਦੂਜੇ ਤੋਂ ਬਹੁਤ ਵੱਖਰੇ ਸਨ। 1948 ਵਿੱਚ, ਪਾਕਿਸਤਾਨ ਦੀ ਤਤਕਾਲੀ ਸਰਕਾਰ ਨੇ ਉਰਦੂ ਨੂੰ ਪਾਕਿਸਤਾਨ ਦੀ ਇੱਕੋ- ਇੱਕ ਰਾਸ਼ਟਰੀ ਭਾਸ਼ਾ ਐਲਾਨ ਕੀਤਾ, ਭਾਵੇਂ ਬੰਗਾਲੀ ਜਾਂ ਬੰਗਲਾ ਪੂਰਬੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਨੂੰ ਮਿਲਾ ਕੇ ਬਹੁਗਿਣਤੀ ਲੋਕਾਂ ਦੁਆਰਾ ਬੋਲੀ ਜਾਂਦੀ ਸੀ।
ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਵਿਰੋਧ ਕੀਤਾ, ਕਿਉਂਕਿ ਜ਼ਿਆਦਾਤਰ ਆਬਾਦੀ ਪੂਰਬੀ ਪਾਕਿਸਤਾਨ ਦੀ ਸੀ ਅਤੇ ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਸੀ। ਉਨ੍ਹਾਂ ਮੰਗ ਕੀਤੀ ਕਿ ਬੰਗਲਾ ਨੂੰ ਉਰਦੂ ਤੋਂ ਇਲਾਵਾ ਘੱਟੋ-ਘੱਟ ਰਾਸ਼ਟਰੀ ਭਾਸ਼ਾਵਾਂ ਵਿੱਚੋਂ ਇੱਕ ਬਣਾਇਆ ਜਾਵੇ। ਇਹ ਮੰਗ ਸਭ ਤੋਂ ਪਹਿਲਾਂ ਪੂਰਬੀ ਪਾਕਿਸਤਾਨ ਤੋਂ ਧੀਰੇਂਦਰ ਨਾਥ ਦੱਤਾ ਨੇ 23 ਫਰਵਰੀ 1948 ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਚੁੱਕੀ ਸੀ।
ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਪਾਕਿਸਤਾਨ ਸਰਕਾਰ ਨੇ ਜਨਤਕ ਮੀਟਿੰਗਾਂ ਅਤੇ ਰੈਲੀਆਂ ‘ਤੇ ਪਾਬੰਦੀ ਲਗਾ ਦਿੱਤੀ। ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਵਿਸ਼ਾਲ ਰੈਲੀਆਂ ਅਤੇ ਮੀਟਿੰਗਾਂ ਦਾ ਪ੍ਰਬੰਧ ਕੀਤਾ। 21 ਫਰਵਰੀ 1952 ਨੂੰ ਪੁਲਿਸ ਨੇ ਰੈਲੀਆਂ ’ਤੇ ਗੋਲ਼ੀ ਚਲਾ ਦਿੱਤੀ।
ਇਸ ਗੋਲ਼ੀਬਾਰੀ ’ਚ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉੱਦੀਨ ਅਹਿਮਦ ਸਫੀਉਰ ਰਹਿਮਾਨ ਨਾਂ ਦੇ ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਇਤਿਹਾਸ ਵਿੱਚ ਇਹ ਇੱਕ ਦੁਰਲੱਭ ਘਟਨਾ ਸੀ, ਜਿੱਥੇ ਲੋਕਾਂ ਨੇ ਆਪਣੀ ਮਾਂ ਬੋਲੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। 1999 ਵਿੱਚ ਯੂਨੈਸਕੋ ਵੱਲੋਂ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ । ਇਹ 21 ਫਰਵਰੀ 2000 ਤੋਂ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।
ਭਾਸ਼ਾਵਾਂ ਬਾਰੇ ਅੰਤਰਾਸ਼ਟਰੀ ਤੱਥ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਦੁਨੀਆ ’ਚ 6 ਹਜ਼ਾਰ 900 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ 90 ਫ਼ੀਸਦੀ ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ 1 ਲੱਖ ਤੋਂ ਘੱਟ ਲੋਕ ਬੋਲਦੇ ਹਨ। 150 ਤੋਂ 200 ਭਾਸ਼ਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 10 ਲੱਖ ਤੋਂ ਵੀ ਘੱਟ ਹੈ। ਅੰਕੜੇ ਹਨ ਕਿ ਦੁਨੀਆ ਦੀ ਕੁੱਲ ਆਬਾਦੀ ’ਚ 60 ਫੀਸਦੀ ਲੋਕ ਕੇਵਲ 30 ਭਾਸ਼ਾਵਾਂ ਹੀ ਬੋਲਦੇ ਹਨ ਜਿਨ੍ਹਾਂ ਵਿਚੋਂ ਪਹਿਲੀਆਂ ਦਸ ਭਾਸ਼ਾਵਾਂ ਵਿਚ ਜਪਾਨੀ,ਅੰਗਰੇਜ਼ੀ, ਰੂਸੀ, ਬੰਗਲਾ, ਮੰਦਾਰੀ, ਅਰਬੀ, ਹਿੰਦੀ, ਸਪੈਨਿਸ਼,ਪੁਰਤਗਾਲੀ ਤੇ ਪੰਜਾਬੀ ਦਾ ਨਾਂ ਸ਼ਾਮਲ ਹੈ।
ਧਾਰਨਾਂ ਹੈ ਕਿ ਦੁਨੀਆ ’ਚ ਅਗਲੇ ਚਾਲੀ ਸਾਲਾਂ ਦੌਰਾਨ 4 ਹਜ਼ਾਰ ਤੋਂ ਜ਼ਿਆਦਾ ਭਾਸ਼ਾਵਾਂ ਦੇ ਖ਼ਤਮ ਹੋਣ ਦਾ ਖ਼ਤਰਾ ਦੱਸਿਆ ਹੈ। ‘ਵਰਲਡ ਲੈਂਗੂਏਜ਼ ਡੇਟਾਬੇਸ’ ਦੇ 22ਵੇਂ ਸੰਸਕਰਣ ਦੇ ‘ਇਥੋਨੋਲੋਜੀ’ ਦੇ ਮੁਤਾਬਕ ਦੁਨੀਆ ਭਰ ’ਚ 20 ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ 6 ਭਾਰਤੀ ਭਾਸ਼ਾਵਾਂ ਹਨ ਜਿਨ੍ਹਾਂ ਵਿਚ ਹਿੰਦੀ ਤੀਜੇ ਨੰਬਰ ਹੈ। ਸੰਸਾਰ ਭਰ ’ਚ 61 ਕਰੋੜ 5 ਲੱਖ ਲੋਕ ਹਿੰਦੀ ਭਾਸ਼ਾ ਬੋਲਦੇ ਹਨ ਹਿੰਦੀ ਤੋਂ ਬਾਅਦ ਬੰਗਾਲੀ ਭਾਸ਼ਾ ਦੁਨੀਆਂ ਸੱਤਵੇਂ ਨੰਬਰ ’ਤੇ ਹੈ 26 ਕਰੋੜ 5 ਲੱਖ ਲੋਕ ਬੰਗਾਲੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਅੰਕੜੇ ਦੱਸਦੇ ਹਨ ਕਿ 17 ਕਰੋੜ ਲੋਕਾਂ ਨਾਲ ਗਿਆਰ੍ਹਵੇਂ ਸਥਾਨ ’ਤੇ ਉਰਦੂ, 9 ਕਰੋੜ 5 ਲੱਖ ਲੋਕਾਂ ਨਾਲ ਪੰਦਰਵੇਂ ਸਥਾਨ ’ਤੇ ਮਰਾਠੀ, 9 ਕਰੋੜ 3 ਲੱਖ 16ਵੇਂ ਸਥਾਨ ’ਤੇ ਤੇਲਗੂ, 8 ਕਰੋੜ 1 ਲੱਖ 19ਵੇਂ ਸਥਾਨ ’ਤੇ ਤਮਿਲ ਭਾਸ਼ਾ ਨੂੰ ਸਥਾਨ ਮਿਲਿਆ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin