Atal Pension Scheme : ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ ਕੁਝ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਟਲ ਪੈਨਸ਼ਨ ਯੋਜਨਾ ਤੁਹਾਡੇ ਲਈ ਸਹੀ ਵਿਕਲਪ ਹੈ। ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੇ ਹੋਣ ਤੋਂ ਬਾਅਦ ਹਰ ਮਹੀਨੇ 1,000 ਤੋਂ 5,000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਇਸ ਸਕੀਮ 'ਚ ਹਰ ਮਹੀਨੇ 210 ਰੁਪਏ ਜਮ੍ਹਾਂ ਕਰਵਾ ਕੇ 5,000 ਰੁਪਏ ਦੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਸਕੀਮ ਰਾਹੀਂ ਤੁਸੀਂ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰ ਸਕਦੇ ਹੋ।
20 ਸਾਲਾਂ ਲਈ ਕਰਨਾ ਹੁੰਦੈ ਨਿਵੇਸ਼
ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦੀ ਹੋ ਜਾਣ 'ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। 18 ਤੋਂ 40 ਸਾਲ ਦੀ ਉਮਰ ਦਾ ਵਿਅਕਤੀ ਇਸ ਵਿਚ ਨਿਵੇਸ਼ ਕਰ ਸਕਦਾ ਹੈ। ਇਸ ਸਕੀਮ 'ਚ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਹੋਵੇਗਾ।
ਪੈਨਸ਼ਨ ਅਨੁਸਾਰ ਨਿਵੇਸ਼ ਦੀ ਰਕਮ
ਅਟਲ ਪੈਨਸ਼ਨ ਯੋਜਨਾ 'ਚ ਨਿਵੇਸ਼ ਕਰਨ ਲਈ ਤੁਹਾਡੇ ਪੈਸੇ ਦੀ ਕਿੰਨੀ ਕਟੌਤੀ ਕੀਤੀ ਜਾਵੇਗੀ? ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਪੈਨਸ਼ਨ ਚਾਹੁੰਦੇ ਹੋ। 1,000 ਤੋਂ 5,000 ਰੁਪਏ ਦੀ ਪੈਨਸ਼ਨ ਲਈ ਤੁਹਾਨੂੰ 42 ਤੋਂ 210 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਇਹ 18 ਸਾਲ ਦੀ ਉਮਰ 'ਚ ਨਿਵੇਸ਼ ਕਰਨ 'ਤੇ ਸੰਭਵ ਹੋਵੇਗਾ। ਜੇਕਰ ਕੋਈ 40 ਸਾਲ ਦੀ ਉਮਰ 'ਚ ਇਹ ਸਕੀਮ ਲੈਂਦਾ ਹੈ ਤਾਂ ਉਸ ਨੂੰ 291 ਰੁਪਏ ਤੋਂ 1454 ਰੁਪਏ ਪ੍ਰਤੀ ਮਹੀਨਾ ਯੋਗਦਾਨ ਦੇਣਾ ਹੋਵੇਗਾ। ਤੁਸੀਂ ਇਸ ਸਕੀਮ 'ਚ ਮਹੀਨਾਵਾਰ, ਤਿਮਾਹੀ ਜਾਂ 6 ਮਹੀਨਿਆਂ ਦੀ ਮਿਆਦ 'ਚ ਨਿਵੇਸ਼ ਕਰ ਸਕਦੇ ਹੋ। ਨਿਸ਼ਚਿਤ ਰਕਮ ਤੁਹਾਡੇ ਖਾਤੇ 'ਚੋਂ ਆਪਣੇ ਆਪ ਕੱਟੀ ਜਾਵੇਗੀ ਅਤੇ ਪੈਨਸ਼ਨ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।
ਮੌਤ ਤੋਂ ਬਾਅਦ ਜੀਵਨ ਸਾਥੀ ਨੂੰ ਮਿਲੇਗੀ ਪੈਨਸ਼ਨ
ਨਿਵੇਸ਼ਕ ਦੀ ਮੌਤ ਤੋਂ ਬਾਅਦ ਉਸਦੇ ਜੀਵਨ ਸਾਥੀ ਨੂੰ ਪੈਨਸ਼ਨ ਲਾਭ ਮਿਲਦਾ ਹੈ। ਦੋਵਾਂ ਦੀ ਮੌਤ ਹੋਣ 'ਤੇ 60 ਸਾਲ ਦੀ ਉਮਰ ਤਕ ਜਮ੍ਹਾ ਰਾਸ਼ੀ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਜਦੋਂਕਿ ਜੇਕਰ ਸਬਸਕ੍ਰਾਈਬਰ ਦੀ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਉਸਦਾ ਸਾਥੀ ਪੈਨਸ਼ਨ 'ਚ ਯੋਗਦਾਨ ਜਾਰੀ ਰੱਖ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਉਹ ਚਾਹੇ ਤਾਂ ਅਟਲ ਪੈਨਸ਼ਨ ਯੋਜਨਾ ਦੇ ਖਾਤੇ 'ਚ ਜਮ੍ਹਾ ਸਾਰਾ ਪੈਸਾ ਵੀ ਕਢਵਾ ਸਕਦਾ ਹੈ।
ਅਟਲ ਪੈਨਸ਼ਨ ਯੋਜਨਾ ਆਨਲਾਈਨ ਲੈਣ ਦੀ ਪ੍ਰਕਿਰਿਆ
- ਸਭ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੀ ਨੈੱਟ ਬੈਂਕਿੰਗ 'ਤੇ ਲੌਗਇਨ ਕਰਨਾ ਹੈ।
- e-Services ਲਿੰਕ 'ਤੇ ਕਲਿੱਕ ਕਰੋ।
- ਸੋਸ਼ਲ ਸਿਕਿਉਰਿਟੀ ਸਕੀਮ ਨਾਂ ਦੇ ਲਿੰਕ 'ਤੇ ਟੈਪ ਕਰੋ।
- ਹੁਣ ਤੁਹਾਨੂੰ APY 'ਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਖਾਤਾ ਨੰਬਰ, ਨਾਮ, ਉਮਰ ਵਰਗੀ ਜਾਣਕਾਰੀ ਭਰਨੀ ਹੋਵੇਗੀ।
- ਇਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਦੀ ਰਕਮ ਚੁਣਨੀ ਪਵੇਗੀ।
- ਉਸ ਤੋਂ ਬਾਅਦ ਤੁਹਾਡੀ ਉਮਰ ਦੇ ਆਧਾਰ 'ਤੇ ਕੰਟਰੀਬਿਊਸ਼ਨ ਤੈਅ ਹੋ ਜਾਵੇਗਾ।
ਤੁਸੀਂ ਕਿਸੇ ਵੀ ਬੈਂਕ 'ਚ ਜਾ ਕੇ ਵੀ ਖਾਤਾ ਖੋਲ੍ਹ ਸਕਦੇ ਹੋ। ਇਸ ਦੇ ਲਈ ਅਟਲ ਪੈਨਸ਼ਨ ਯੋਜਨਾ ਦਾ ਫਾਰਮ ਭਰਨਾ ਹੋਵੇਗਾ ਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਬੈਂਕ ਬ੍ਰਾਂਚ 'ਚ ਜਮ੍ਹਾ ਕਰਨਾ ਹੋਵੇਗਾ।