ਜੁਲਾਈ ਆਉਂਦੇ ਹੀ ਜਿਥੇ ਦੇਸ਼ ਵਿਚ ਕਈ ਬਦਲਾਅ ਵੇਖਣ ਨੂੰ ਮਿਲੇ, ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿਚ ਵੀ ਕਮੀ ਆਈ ਓਥੇ ਹੀ ਸਰਕਾਰੀ ਮੁਲਾਜ਼ਮਾਂ ਲਈ ਵੀ ਅੱਜ ਦਾ ਦਿਨ ਖੁਸ਼ੀਆਂ ਲੈਕੇ ਆਇਆ। ਗਵਾਂਢੀ ਸੂਬੇ ਹਰਿਆਣਾ ਦੇ ਸਰਕਾਰੀ ਵਿਭਾਗਾਂ ਨਾਲ ਜੁੜੇ ਕਰਮਚਾਰੀਆਂ ਲਈ ਵੱਡੀ ਖਬਰ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੱਡਾ ਐਲਾਨ ਕੀਤਾ ਹੈ, ਜਿਸ ਤਹਿਤ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ‘ਚ ਭਰਤੀ ਮੁਲਾਜ਼ਮਾਂ ਦੇ ਤਨਖਾਹ ਸਕੇਲ ‘ਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਹਰਿਆਣਾ ਕੌਂਸਲ ਰੋਜ਼ਗਾਰ ਨਿਗਮ ਵਿੱਚ ਪਾਰਟ-1, ਪਾਰਟ-2, ਪਾਰਟ -3 ਦੇ ਭਰਤੀ ਕਰਮਚਾਰੀਆਂ ਦੇ ਤਨਖਾਹ ਸਕੇਲ ਵਿੱਚ ਵਾਧਾ ਕੀਤਾ ਗਿਆ ਹੈ।


ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਵਿੱਚ ਨਿਗਮ ਵਿੱਚ ਭਰਤੀ ਮੁਲਾਜ਼ਮਾਂ ਦੇ ਤਨਖਾਹ ਸਕੇਲ ਵਿੱਚ ਅੱਠ ਫੀਸਦੀ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਤਨਖਾਹ ਵਧਾਉਣ ਦਾ ਇਹ ਆਦੇਸ਼ 1 ਜੁਲਾਈ ਤੋਂ ਲਾਗੂ ਹੋਵੇਗਾ। ਦਰਅਸਲ, ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਿਟਿਡ ਦੇ ਜ਼ਰੀਏ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਠੇਕੇ ਅਤੇ ਡੀਸੀ ਰੇਟਾਂ ‘ਤੇ ਕਰਮਚਾਰੀਆਂ ਨੂੰ ਭਰਤੀ ਕੀਤਾ ਜਾਂਦਾ ਹੈ।


ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਿਟਿਡ ਨੂੰ 13 ਅਕਤੂਬਰ, 2021 ਨੂੰ ਕੰਪਨੀ ਐਕਟ 2013 ਵਿਚ ਬਦਲ ਦਿੱਤਾ ਗਿਆ ਸੀ। ਇਸ ਦੀ ਸਥਾਪਨਾ ਹਰਿਆਣਾ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਪਾਰਦਰਸ਼ੀ, ਮਜ਼ਬੂਤ ​​ਅਤੇ ਬਰਾਬਰ ਤਰੀਕੇ ਨਾਲ ਠੇਕੇ ‘ਤੇ ਰੱਖੇ ਕਰਮਚਾਰੀ ਦਿਵਾਉਣ ਦੇ ਮਕਸਦ ਨਾਲ ਕੀਤੀ ਗਈ ਸੀ। ਇਹ ਹਰਿਆਣਾ ਵਿਚ ਇਕਰਾਰਨਾਮੇ ‘ਤੇ ਮੈਨ ਪਾਵਰ ਪ੍ਰਦਾਨ ਕਰਨ ਲਈ ਅਧਿਕਾਰਤ ਏਜੰਸੀ ਵਜੋਂ ਕੰਮ ਕਰਦੀ ਹੈ।


ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰਮਚਾਰੀ ਪੈਨਸ਼ਨ ਸਕੀਮ (EPS), 1995 ਦੇ ਨਿਕਾਸੀ ਨਿਯਮਾਂ ਵਿੱਚ ਬਦਲਾਅ ਕੀਤਾ ਸੀ। ਇਸ ਸੋਧ ਤੋਂ ਬਾਅਦ, 6 ਮਹੀਨਿਆਂ ਤੋਂ ਘੱਟ ਦੀ ਯੋਗਦਾਨੀ ਸੇਵਾ ਵਾਲੇ ਕਰਮਚਾਰੀ ਪੈਨਸ਼ਨ ਸਕੀਮ ਦੇ ਮੈਂਬਰ ਵੀ ਈਪੀਐਸ ਖਾਤੇ ਤੋਂ ਪੈਸੇ ਕਢਵਾ ਸਕਣ ਦੇ ਯੋਗ ਹੋ ਗਏ ਹਨ। ਇਸ ਸੋਧ ਨਾਲ ਹਰ ਸਾਲ ਕਰਮਚਾਰੀ ਪੈਨਸ਼ਨ ਯੋਜਨਾ ਦੇ 7 ਲੱਖ ਤੋਂ ਵੱਧ ਮੈਂਬਰਾਂ ਨੂੰ ਲਾਭ ਹੋਵੇਗਾ ਜੋ 6 ਮਹੀਨਿਆਂ ਤੋਂ ਘੱਟ ਯੋਗਦਾਨੀ ਸੇਵਾ ਤੋਂ ਬਾਅਦ ਸਕੀਮ ਛੱਡ ਦਿੰਦੇ ਹਨ।


ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਕੇਂਦਰ ਸਰਕਾਰ ਨੇ ਟੇਬਲ ਡੀ. ਵਿੱਚ ਵੀ ਸੋਧ ਕੀਤੀ। ਹੁਣ ਤੋਂ, ਪੈਸੇ ਕਢਵਾਉਣ ਦਾ ਲਾਭ ਮੈਂਬਰ ਦੁਆਰਾ ਦਿੱਤੀ ਗਈ ਸੇਵਾ ਦੇ ਮਹੀਨਿਆਂ ਦੀ ਗਿਣਤੀ ਅਤੇ ਤਨਖਾਹ ‘ਤੇ ਯੋਗਦਾਨ ਪਾਉਣ ਵਾਲੀ EPS ਦੀ ਰਕਮ ‘ਤੇ ਨਿਰਭਰ ਕਰੇਗਾ। ਇਹ ਮੈਂਬਰਾਂ ਦੇ ਨਿਕਾਸੀ ਲਾਭਾਂ ਨੂੰ ਤਰਕਸੰਗਤ ਬਣਾਉਣ ਵਿੱਚ ਮਦਦ ਕਰੇਗਾ। ਇਸ ਸੋਧ ਨਾਲ 23 ਲੱਖ ਤੋਂ ਵੱਧ ਈਪੀਐਸ ਮੈਂਬਰਾਂ ਨੂੰ ਲਾਭ ਹੋਵੇਗਾ।