ਨਵੀਂ ਦਿੱਲੀ: ਖੇਤੀਬਾੜੀ ਨੇ ਭਾਰਤੀ ਆਰਥਿਕਤਾ ਨੂੰ ਵੱਡਾ ਸਹਾਰਾ ਦਿੱਤਾ ਹੈ। ਕੋਰੋਨਾ ਵਾਇਰਸ ਤੇ ਲਾਕਡਾਉਨ ਕਰਕੇ ਝੰਬੀ ਗਈ ਅਰਥਵਿਵਸਥਾ ਮੁੜ ਉਡਾਣ ਭਰਨ ਲੱਗੀ ਹੈ। ਖੇਤੀ ਤੇ ਸੇਵਾਵਾਂ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਸਦਕਾ ਦੇਸ਼ ਦੀ ਕੁੱਲ ਘਰੇਲੂ ਉੁਤਪਾਦ (ਜੀਡੀਪੀ) ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ 13.5 ਫੀਸਦ ਰਹੀ ਹੈ, ਜੋ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਸ ਵਾਧੇ ਨਾਲ ਭਾਰਤ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਉਭਰਦਾ ਵੱਡਾ ਅਰਥਚਾਰਾ ਬਣਿਆ ਹੋਇਆ ਹੈ।
ਹਾਲਾਂਕਿ ਇਹ ਅੰਕੜਾ ਆਰਬੀਆਈ ਵੱਲੋਂ ਕੀਤੀ ਪੇਸ਼ੀਨਗੋਈ (16.2 ਫੀਸਦ) ਤੋਂ ਅਜੇ ਵੀ ਘੱਟ ਹੈ। ਉਂਜ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ। ਭਾਰਤ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਵਿੱਚ ਚੀਨ ਦੀ ਵਿਕਾਸ ਦਰ 0.4 ਫੀਸਦ ਹੈ। ਕੌਮੀ ਅੰਕੜਾ ਵਿਭਾਗ (ਐਨਐਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਵਿੱਤੀ ਸਾਲ (2021-22) ਦੀ ਅਪਰੈਲ-ਜੂਨ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 20.1 ਫੀਸਦ ਰਹੀ ਸੀ। 2021 ਦੀ ਜੁਲਾਈ-ਸਤੰਬਰ ਤਿਮਾਹੀ ਵਿਚ ਜੀਡੀਪੀ 8.4 ਫੀਸਦ ਜਦੋਂਕਿ ਅਕਤੂਬਰ-ਦਸੰਬਰ ਤੇ ਜਨਵਰੀ-ਮਾਰਚ 2022 ਵਿੱਚ ਇਹ ਅੰਕੜਾ ਕ੍ਰਮਵਾਰ 5.4 ਫੀਸਦ ਤੇ 4.1 ਫੀਸਦ ਰਿਹਾ ਸੀ।
ਜੀਡੀਪੀ ਤੋਂ ਭਾਵ ਇਕ ਨਿਰਧਾਰਤ ਮਿਆਦ (ਤਿਮਾਹੀ ਜਾਂ ਵਿੱਤੀ ਸਾਲ) ਵਿੱਚ ਦੇਸ਼ ਅੰਦਰ ਉਤਪਾਦਿਤ ਸਾਰੀਆਂ ਵਸਤਾਂ ਤੇ ਸੇਵਾਵਾਂ ਦੇ ਕੁੱਲ ਮੁੱਲ ਤੋਂ ਹੈ। ਜੀਡੀਪੀ ਤੋਂ ਪਤਾ ਲੱਗਦਾ ਹੈ ਕਿ ਇਕ ਨਿਰਧਾਰਤ ਮਿਆਦ ਵਿਚ ਦੇਸ਼ ਵਿੱਚ ਕਿੰਨੇ ਮੁੱਲ ਦਾ ਆਰਥਿਕ ਉਤਪਾਦਨ ਹੋਇਆ ਹੈ। ਪਹਿਲੀ ਤਿਮਾਹੀ ਵਿੱਚ 13.5 ਫੀਸਦ ਦੀ ਵਿਕਾਸ ਦਰ ਭਾਰਤ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੀਤੀ 16.2 ਫੀਸਦ ਦੀ ਪੇਸ਼ੀਨਗੋਈ ਤੋਂ ਘੱਟ ਹੈ।
ਐਨਐਸਓ ਨੇ ਇਕ ਬਿਆਨ ਵਿੱਚ ਕਿਹਾ, ‘‘ਸਥਿਰ ਕੀਮਤਾਂ (2011-12) ਵਿੱਚ ਅਸਲ ਜੀਡੀਪੀ 2022-23 ਦੀ ਪਹਿਲੀ ਤਿਮਾਹੀ ਵਿੱਚ 36.85 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਸਾਲ ਪਹਿਲਾਂ 2021-22 ਦੀ ਇਸੇ ਤਿਮਾਹੀ ਵਿੱਚ ਇਹ ਅੰਕੜਾ 32.46 ਲੱਖ ਕਰੋੜ ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਤਿਮਾਹੀ ਵਿੱਚ 13.5 ਫੀਸਦ ਦਾ ਵਾਧਾ ਹੋਇਆ ਹੈ।’’
ਅਸਲ ਜੀਡੀਪੀ 2020 ਵਿੱਚ ਅਪਰੈਲ-ਜੂਨ ਤਿਮਾਹੀ ਵਿੱਚ 27.03 ਲੱਖ ਕਰੋੜ ਰੁਪਏ ਸੀ। ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ ਲਾਏ ‘ਲੌਕਡਾਊਨ’ ਕਰਕੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ 23.8 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰਨਾਂ ਉਪਯੋਗੀ ਸੇਵਾਵਾਂ ਦੇ ਵਰਗ ਵਿੱਚ ਵਿਕਾਸ ਦਰ 14.7 ਫੀਸਦ ਤੇ ਵਪਾਰ, ਹੋਟਲ, ਆਵਾਜਾਈ, ਸੰਚਾਰ ਤੇ ਪ੍ਰਸਾਰਣ ਸੇਵਾਵਾਂ ਜਿਹੇ ਖੇਤਰਾਂ ਵਿੱਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ 25.7 ਫੀਸਦ ਰਹੀ।