Delhi News: ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਇੰਟਰਨੈਸ਼ਨਲ ਫਲਾਈਟ ਵਿੱਚ ਇੱਕ ਹਵਾਈ ਯਾਤਰੀ ਵੱਲੋਂ ਦੋ ਕੈਬਿਨ ਕਰੂ ਮੈਂਬਰਾਂ ਨਾਲ ਦੁਰਵਿਵਹਾਰ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਈ ਯਾਤਰੀ ਦੇ ਦੁਰਵਿਵਹਾਰ ਅਤੇ ਹਿੰਸਕ ਰਵੱਈਏ ਤੋਂ ਪੈਦਾ ਹੋਏ ਖਤਰੇ ਨੂੰ ਮਹਿਸੂਸ ਕਰਦੇ ਹੋਏ, ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਦੇ ਕਹਿਣ 'ਤੇ ਫਲਾਈਟ ਨੂੰ ਦਿੱਲੀ ਵਾਪਸ ਪਰਤਣਾ ਪਿਆ। ਹੁਣ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਏਅਰ ਇੰਡੀਆ ਦੀ ਵੱਲੋਂ ਹਵਾਈ ਯਾਤਰੀ ਖਿਲਾਫ ਪੁਲਿਸ 'ਚ ਕੀਤੀ ਗਈ ਹੈ।


ਏਅਰ ਇੰਡੀਆ ਦੇ ਬੁਲਾਰੇ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਫਲਾਈਟ ਨੇ ਕੱਲ੍ਹ ਸਵੇਰੇ 6.30 ਵਜੇ ਦਿੱਲੀ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਭਰੀ ਸੀ ਪਰ ਟੇਕ ਆਫ ਤੋਂ ਬਾਅਦ ਹੀ ਏਅਰ ਇੰਡੀਆ ਦੀ ਫਲਾਈਟ ਨੰਬਰ ਏ.ਆਈ.-111 ਏ. ਕੇ 20 ਈ 'ਚ ਸਫਰ ਕਰ ਰਹੇ ਜਸਕੀਰਤ ਸਿੰਘ ਨਾਂ ਦੇ ਵਿਅਕਤੀ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਚਾਲਕ ਦਲ ਦੇ ਲਗਾਤਾਰ ਸਮਝਾਉਣ ਤੋਂ ਬਾਅਦ ਵੀ ਉਹ ਆਪਣੇ ਵਿਵਹਾਰ ਤੋਂ ਪਿੱਛੇ ਨਹੀਂ ਹਟਿਆ। ਇਸ ਦੌਰਾਨ ਜਦੋਂ ਫਲਾਈਟ ਪੇਸ਼ਾਵਰ ਦੇ ਨੇੜੇ ਪਹੁੰਚੀ ਤਾਂ ਯਾਤਰੀ L2 ਫਾਟਕ ਦੇ ਨੇੜੇ ਪਹੁੰਚ ਗਿਆ ਅਤੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਕਰੂ ਮੈਂਬਰਾਂ ਦੇ ਮਨ੍ਹਾ ਕਰਨ 'ਤੇ ਵੀ ਉਹ ਨਹੀਂ ਮੰਨਿਆ ਅਤੇ ਉਸ ਨੇ ਇਕ ਕਰੂ ਮੈਂਬਰ ਦੀ ਗਰਦਨ ਅਤੇ ਦੂਜੇ ਦੇ ਚਿਹਰੇ 'ਤੇ ਵਾਰ ਕਰ ਦਿੱਤਾ ਅਤੇ ਉਸ ਨੂੰ ਵਾਲਾਂ ਤੋਂ ਖਿੱਚ ਲਿਆ। ਯਾਤਰੀ ਦੇ ਇਸ ਹਿੰਸਕ ਰਵੱਈਏ ਨੂੰ ਦੇਖਦੇ ਹੋਏ ਫਲਾਈਟ ਨੂੰ ਵਾਪਸ ਦਿੱਲੀ ਵੱਲ ਮੋੜ ਦਿੱਤਾ ਗਿਆ ਅਤੇ ਫਲਾਈਟ ਸਵੇਰੇ 9.30 ਵਜੇ ਆਈਜੀਆਈ ਏਅਰਪੋਰਟ 'ਤੇ ਲੈਂਡ ਕੀਤੀ ਗਈ।


ਹਵਾਈ ਅੱਡੇ ਦੀ ਸੁਰੱਖਿਆ ਨੇ ਪੁਲਿਸ ਹਵਾਲੇ ਕਰ ਦਿੱਤਾ ਮੁਲਜ਼ਮ 



ਆਈਜੀਆਈ ਏਅਰਪੋਰਟ 'ਤੇ ਫਲਾਈਟ ਲੈਂਡ ਕਰਨ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਏਅਰਪੋਰਟ ਸੁਰੱਖਿਆ ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ੀ ਯਾਤਰੀ ਆਪਣੇ ਮਾਤਾ-ਪਿਤਾ ਨਾਲ ਲੰਡਨ ਜਾ ਰਿਹਾ ਸੀ। ਫਲਾਈਟ 'ਚ ਕੁੱਲ 225 ਯਾਤਰੀ ਸਵਾਰ ਸਨ। ਬਾਅਦ 'ਚ ਫਲਾਈਟ ਦਾ ਸਮਾਂ ਬਦਲਿਆ ਗਿਆ ਅਤੇ ਦੁਪਹਿਰ ਨੂੰ ਲੰਡਨ ਲਈ ਰਵਾਨਾ ਹੋਇਆ। ਜਿਸ ਤੋਂ ਬਾਅਦ ਏਅਰਪੋਰਟ ਸਟੇਸ਼ਨ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਅਤੇ ਦੋਸ਼ੀ ਯਾਤਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਡੀਸੀਪੀ ਦੇਵੇਸ਼ ਮਾਹਲਾ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮਹਿਲਾ ਕਰੂ ਮੈਂਬਰਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਏਅਰਪੋਰਟ ਥਾਣਾ ਪੁਲਸ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ।