IT Companies : ਜੇ ਤੁਸੀਂ ਟੈਕ ਅਤੇ ਆਈਟੀ ਸੈਕਟਰ 'ਚ ਨਵੀਂ ਨੌਕਰੀ ਦੀ ਉਡੀਕ ਕਰ ਰਹੇ ਹੋ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਕਿਉਂਕਿ, ਇਸ ਸੈਕਟਰ ਵਿੱਚ 50,000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਦਰਅਸਲ, ਸਰਕਾਰ ਨੇ ਆਈਟੀ ਹਾਰਡਵੇਅਰ ਲਈ ਨਵੀਂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਸਕੀਮ ਦੇ ਤਹਿਤ ਡੈਲ, ਐਚਪੀ, ਫਲੈਕਸਟ੍ਰੋਨਿਕਸ ਅਤੇ ਫੌਕਸਕਾਨ ਸਮੇਤ 27 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਇਹ ਜਾਣਕਾਰੀ ਦਿੱਤੀ।
ਲੈਪਟਾਪ, ਟੈਬਲੇਟ, ਪੀਸੀ (ਕੰਪਿਊਟਰ), ਸਰਵਰ ਅਤੇ ਬਹੁਤ ਛੋਟੇ ਉਪਕਰਨ ਇਸ ਸਕੀਮ ਅਧੀਨ ਆਉਂਦੇ ਹਨ। ਇਸ ਯੋਜਨਾ ਤੋਂ ਲਗਭਗ 3,000 ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਯੋਜਨਾ ਨਾਲ 3.5 ਲੱਖ ਕਰੋੜ ਰੁਪਏ ਦਾ ਵਾਧੂ ਉਤਪਾਦਨ ਹੋਵੇਗਾ ਅਤੇ 50,000 ਲੋਕਾਂ ਲਈ ਸਿੱਧੇ ਰੁਜ਼ਗਾਰ ਅਤੇ 1.5 ਲੱਖ ਲੋਕਾਂ ਲਈ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ।
IT ਸੈਕਟਰ ਵਿੱਚ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਦੀ ਤਿਆਰੀ
ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਆਈਟੀ ਹਾਰਡਵੇਅਰ ਕੰਪਨੀਆਂ ਨੂੰ ਨੀਤੀਗਤ ਆਕਰਸ਼ਨਾਂ ਅਤੇ ਪ੍ਰੋਤਸਾਹਨ ਸਕੀਮਾਂ ਨਾਲ ਲੁਭਾਉਂਦਾ ਹੈ, ਅਤੇ ਉੱਚ-ਤਕਨੀਕੀ ਨਿਰਮਾਣ ਲਈ ਆਪਣੇ ਆਪ ਨੂੰ ਇੱਕ ਗਲੋਬਲ ਕੇਂਦਰ ਵਜੋਂ ਸਥਾਪਤ ਕਰਨ ਲਈ ਮਜ਼ਬੂਤ ਯਤਨ ਕਰ ਰਿਹਾ ਹੈ।
ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪੀਐਲਆਈ ਆਈਟੀ ਹਾਰਡਵੇਅਰ ਸਕੀਮ ਦੇ ਤਹਿਤ 27 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 95 ਫੀਸਦੀ ਭਾਵ 23 ਕੰਪਨੀਆਂ ਪਹਿਲੇ ਦਿਨ ਤੋਂ ਹੀ ਨਿਰਮਾਣ ਸ਼ੁਰੂ ਕਰਨ ਲਈ ਤਿਆਰ ਹਨ। 4 ਕੰਪਨੀਆਂ ਅਗਲੇ 90 ਦਿਨਾਂ ਵਿੱਚ ਉਤਪਾਦਨ ਸ਼ੁਰੂ ਕਰਨਗੀਆਂ।
27 ਕੰਪਨੀਆਂ ਵੱਲੋਂ 3000 ਕਰੋੜ ਰੁਪਏ ਦਾ ਆਵੇਗਾ ਨਿਵੇਸ਼
ਉਨ੍ਹਾਂ ਕਿਹਾ, "ਇਨ੍ਹਾਂ 27 ਕੰਪਨੀਆਂ ਤੋਂ ਲਗਭਗ 3,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ... ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁੱਲ ਲੜੀ ਭਾਰਤ ਵੱਲ ਵਧ ਰਹੀ ਹੈ।" ਵੈਸ਼ਨਵ ਨੇ ਕਿਹਾ ਕਿ ਇਹ ਪ੍ਰਵਾਨਗੀ ਭਾਰਤ ਨੂੰ ਪੀਸੀ, ਸਰਵਰ, ਲੈਪਟਾਪ ਅਤੇ ਟੈਬਲੇਟ ਸਮੇਤ ਆਈਟੀ ਹਾਰਡਵੇਅਰ ਦੇ ਨਿਰਮਾਣ ਵਿੱਚ ਇੱਕ ਵੱਡੀ ਤਾਕਤ ਵਜੋਂ ਸਥਾਪਿਤ ਕਰੇਗੀ।
ਆਈਟੀ ਹਾਰਡਵੇਅਰ ਸਕੀਮ ਦੇ ਤਹਿਤ ਜਿਨ੍ਹਾਂ ਵੱਡੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਡੈਲ, ਫੌਕਸਕਨ, ਐਚਪੀ, ਫਲੈਕਸਟ੍ਰੋਨਿਕਸ, ਵੀਵੀਡੀਐਨ ਅਤੇ ਆਪਟੀਮਸ ਸ਼ਾਮਲ ਹਨ। ਜਿਨ੍ਹਾਂ ਹੋਰ ਬਿਨੈਕਾਰਾਂ ਨੂੰ ਹਰੀ ਝੰਡੀ ਮਿਲੀ ਹੈ, ਉਨ੍ਹਾਂ ਵਿੱਚ ਪੈਜੇਟ ਇਲੈਕਟ੍ਰਾਨਿਕਸ, ਸੋਜੋ ਮੈਨੂਫੈਕਚਰਿੰਗ ਸਰਵਿਸਿਜ਼, ਗੁਡਵਰਥ, ਨਿਓਲਿੰਕ, ਸਿਰਮਾ ਐਸਜੀਐਸ, ਮੈਗਾ ਨੈੱਟਵਰਕ, ਪਨਾਸ਼ ਡਿਜੀਲਾਈਫ ਅਤੇ ਆਈਟੀਆਈ ਲਿਮਿਟੇਡ ਸ਼ਾਮਲ ਹਨ।
ਸੂਚੀ ਵਿੱਚੋਂ ਕੁਝ ਵੱਡੇ ਨਾਵਾਂ ਦੀ ਅਣਹੋਂਦ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਕੁਝ ਲੋਕ ਮੁਲਾਂਕਣ ਕਰ ਰਹੇ ਹਨ ਅਤੇ ਆਪਣੀਆਂ ਯੋਜਨਾਵਾਂ ਬਣਾ ਰਹੇ ਹਨ ਅਤੇ ‘ਇਹ ਸਿਰਫ ਸਮੇਂ ਦਾ ਸਵਾਲ ਹੈ।’ ਹਾਲਾਂਕਿ ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ। IT ਹਾਰਡਵੇਅਰ ਲਈ PLI ਸਕੀਮ 2.0 ਨੂੰ ਕੇਂਦਰੀ ਮੰਤਰੀ ਮੰਡਲ ਦੁਆਰਾ 17 ਮਈ, 2023 ਨੂੰ ਭਾਰਤ ਦੀ ਨਿਰਮਾਣ ਸ਼ਕਤੀ ਨੂੰ ਵਧਾਉਣ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਜ਼ੂਰੀ ਦਿੱਤੀ ਗਈ ਸੀ। ਇਸ ਸਕੀਮ ਦਾ ਉਦੇਸ਼ ਲੈਪਟਾਪ, ਟੈਬਲੇਟ, ਨਿੱਜੀ ਕੰਪਿਊਟਰ, ਸਰਵਰ ਅਤੇ ਅਲਟਰਾ ਸਮਾਲ ਫਾਰਮ ਫੈਕਟਰ (USFF) ਉਪਕਰਨਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ।