EPFO Pension Scheme : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨਵੀਂ ਪੈਨਸ਼ਨ ਸਕੀਮ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ। ਈਪੀਐਫਓ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸੰਗਠਿਤ ਖੇਤਰ ਵਿੱਚ 15,000 ਰੁਪਏ ਤੋਂ ਵੱਧ ਦੀ ਬੇਸਿਕ ਤਨਖਾਹ ਲੈਣ ਵਾਲੇ ਲੋਕਾਂ ਲਈ ਇਹ ਪੈਨਸ਼ਨ ਸਕੀਮ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਰਮਚਾਰੀ ਪੈਨਸ਼ਨ ਸਕੀਮ-1995 (ਈ.ਪੀ.ਐੱਸ.-95) ਦੇ ਅਧੀਨ ਲਾਜ਼ਮੀ ਤੌਰ 'ਤੇ ਸ਼ਾਮਲ ਨਾ ਹੋਣ ਵਾਲੇ ਕਰਮਚਾਰੀਆਂ ਲਈ ਵੀ ਨਵੀਂ ਪੈਨਸ਼ਨ ਯੋਜਨਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਕਿੰਨਾ ਲੋਕਾਂ ਨੂੰ ਮਿਲੇਗਾ ਇਸ ਦਾ ਫ਼ਾਇਦਾ ?


ਵਰਤਮਾਨ ਵਿੱਚ ਸੰਗਠਿਤ ਖੇਤਰ ਦੇ ਉਹ ਕਰਮਚਾਰੀ, ਜਿਨ੍ਹਾਂ ਦੀ ਮੁਢਲੀ ਤਨਖਾਹ (ਬੁਨਿਆਦੀ ਤਨਖਾਹ ਅਤੇ ਮਹਿੰਗਾਈ ਭੱਤਾ) 15,000 ਰੁਪਏ ਤੱਕ ਹੈ, ਲਾਜ਼ਮੀ ਤੌਰ 'ਤੇ EPS-95 ਦੇ ਅਧੀਨ ਆਉਂਦੇ ਹਨ। ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, "ਈਪੀਐਫਓ ਦੇ ਮੈਂਬਰਾਂ ਵਿੱਚ ਵੱਧ ਯੋਗਦਾਨ 'ਤੇ ਹੋਰ ਪੈਨਸ਼ਨ ਦੀ ਮੰਗ ਕੀਤੀ ਗਈ ਹੈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਲਈ ਨਵੀਂ ਪੈਨਸ਼ਨ ਸਕੀਮ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਮਾਸਿਕ ਬੇਸਿਕ ਤਨਖਾਹ 15,000 ਰੁਪਏ ਤੋਂ ਵੱਧ ਹੈ।

 

11 ਅਤੇ 12 ਮਾਰਚ ਨੂੰ ਹੋ ਸਕਦਾ ਹੈ ਫੈਸਲਾ


ਸੂਤਰਾਂ ਦੀ ਮੰਨੀਏ ਤਾਂ ਇਸ ਨਵੇਂ ਪੈਨਸ਼ਨ ਉਤਪਾਦ 'ਤੇ ਪ੍ਰਸਤਾਵ 11 ਅਤੇ 12 ਮਾਰਚ ਨੂੰ ਗੁਹਾਟੀ 'ਚ EPFO ​​ਦੇ ਫੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟੀਜ਼ (CBT) ਦੀ ਬੈਠਕ 'ਚ ਆ ਸਕਦਾ ਹੈ। ਮੀਟਿੰਗ ਦੌਰਾਨ CBT ਦੁਆਰਾ ਨਵੰਬਰ, 2021 ਵਿੱਚ ਪੈਨਸ਼ਨ ਸੰਬੰਧੀ ਮੁੱਦਿਆਂ 'ਤੇ ਗਠਿਤ ਕੀਤੀ ਗਈ ਇੱਕ ਸਬ-ਕਮੇਟੀ ਵੀ ਆਪਣੀ ਰਿਪੋਰਟ ਪੇਸ਼ ਕਰੇਗੀ।

 

ਮਿਲਦੀ ਹੈ ਘੱਟ ਪੈਨਸ਼ਨ 


ਸੂਤਰ ਨੇ ਕਿਹਾ ਕਿ EPFO ​​ਦੇ ਅਜਿਹੇ ਗਾਹਕ ਹਨ ,ਜੋ 15,000 ਰੁਪਏ ਤੋਂ ਵੱਧ ਦੀ ਮਾਸਿਕ ਬੇਸਿਕ ਤਨਖਾਹ ਲੈ ਰਹੇ ਹਨ ਪਰ ਉਹ 8.33 ਫੀਸਦੀ ਦੀ ਘੱਟ ਦਰ 'ਤੇ EPS-95 ਦੇ ਤਹਿਤ ਯੋਗਦਾਨ ਪਾਉਣ ਦੇ ਯੋਗ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਘੱਟ ਪੈਨਸ਼ਨ ਮਿਲਦੀ ਹੈ।

 

 2014 ਵਿੱਚ ਕੀਤਾ ਗਿਆ ਸੀ ਸੰਸ਼ੋਧਨ


ਈਪੀਐਫਓ ਨੇ 2014 ਵਿੱਚ ਸਕੀਮ ਵਿੱਚ ਸੋਧ ਕਰਕੇ ਮਹੀਨਾਵਾਰ ਪੈਨਸ਼ਨ ਯੋਗ ਬੇਸਿਕ ਪੇ ਨੂੰ 15,000 ਰੁਪਏ ਤੱਕ ਸੀਮਤ ਕਰ ਦਿੱਤਾ ਸੀ। 15,000 ਰੁਪਏ ਦੀ ਸੀਮਾ ਸੇਵਾ ਵਿੱਚ ਸ਼ਾਮਲ ਹੋਣ ਦੇ ਸਮੇਂ ਹੀ ਲਾਗੂ ਹੁੰਦੀ ਹੈ। ਸੰਗਠਿਤ ਖੇਤਰ ਵਿੱਚ ਉਜਰਤ ਸੰਸ਼ੋਧਨ ਅਤੇ ਕੀਮਤਾਂ ਵਿੱਚ ਵਾਧੇ ਦੇ ਕਾਰਨ 1 ਸਤੰਬਰ 2014 ਤੋਂ ਪ੍ਰਭਾਵੀ ਹੋ ਕੇ ਇਸਨੂੰ 6,500 ਰੁਪਏ ਤੋਂ ਉੱਪਰ ਵੱਲ ਸੰਸ਼ੋਧਿਤ ਕੀਤਾ ਗਿਆ ਸੀ।

 

 ਮੁੱਢਲੀ ਤਨਖਾਹ ਦੀ ਹੱਦ ਵਧਾ ਕੇ 25000 ਕਰਨ ਦੀ ਹੋਈ ਸੀ ਮੰਗ 


ਇਸ ਤੋਂ ਬਾਅਦ ਮਾਸਿਕ ਬੇਸਿਕ ਤਨਖ਼ਾਹ ਦੀ ਹੱਦ ਵਧਾ ਕੇ 25,000 ਰੁਪਏ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਇਸ 'ਤੇ ਚਰਚਾ ਹੋਈ ਸੀ ਪਰ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਮਿਲ ਸਕੀ ਸੀ। ਉਦਯੋਗ ਦੇ ਅਨੁਮਾਨਾਂ ਦੇ ਅਨੁਸਾਰ ਪੈਨਸ਼ਨ ਯੋਗ ਉਜਰਤਾਂ ਵਿੱਚ ਵਾਧੇ ਨਾਲ ਸੰਗਠਿਤ ਖੇਤਰ ਵਿੱਚ 50 ਲੱਖ ਹੋਰ ਕਰਮਚਾਰੀ EPS-95 ਦੇ ਦਾਇਰੇ ਵਿੱਚ ਆ ਸਕਦੇ ਹਨ।

 

 ਜਾਣੋ ਕੀ ਬੋਲੇ ਸਾਬਕਾ ਕਿਰਤ ਮੰਤਰੀ ?


ਸਾਬਕਾ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਯ ਨੇ ਦਸੰਬਰ 2016 ਵਿੱਚ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ, "ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਵਿਵਸਥਾਵਾਂ ਐਕਟ, 1952 ਦੇ ਤਹਿਤ 'ਕਵਰੇਜ' ਲਈ ਤਨਖਾਹ ਦੀ ਸੀਮਾ 15,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਪ੍ਰਸਤਾਵ ਹੈ। EPFO ਨੇ ਪੇਸ਼ ਕੀਤਾ ਸੀ ਪਰ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ।

 

15000 ਤੋਂ ਘੱਟ ਬੇਸਿਕ ਤਨਖ਼ਾਹ ਵਾਲਿਆਂ ਨੂੰ ਮਿਲੇਗਾ ਫਾਇਦਾ


ਸੂਤਰ ਦੇ ਅਨੁਸਾਰ ਉਨ੍ਹਾਂ ਲੋਕਾਂ ਲਈ ਇੱਕ ਨਵੇਂ ਪੈਨਸ਼ਨ ਉਤਪਾਦ ਦੀ ਜ਼ਰੂਰਤ ਹੈ ਜੋ ਜਾਂ ਤਾਂ ਘੱਟ ਯੋਗਦਾਨ ਪਾਉਣ ਲਈ ਮਜਬੂਰ ਹਨ ਜਾਂ ਜੋ ਇਸ ਸਕੀਮ ਦੀ ਗਾਹਕੀ ਨਹੀਂ ਲੈ ਸਕਦੇ ਸਨ, ਕਿਉਂਕਿ ਸੇਵਾ ਵਿੱਚ ਸ਼ਾਮਲ ਹੋਣ ਦੇ ਸਮੇਂ ਉਨ੍ਹਾਂ ਦੀ ਮਾਸਿਕ ਮੂਲ ਤਨਖਾਹ 15,000 ਰੁਪਏ ਤੋਂ ਘੱਟ ਸੀ।