G-7 To Ban Russian Gold : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਜੀ-7 ਮੈਂਬਰ ਦੇਸ਼ ਰੂਸ ਤੋਂ ਸੋਨੇ ਦੀ ਦਰਾਮਦ 'ਤੇ ਪਾਬੰਦੀ ਦਾ ਐਲਾਨ ਕਰਨ ਜਾ ਰਹੇ ਹਨ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਸਿਲਸਿਲੇ 'ਚ ਇਹ ਨਵੀਂ ਪਾਬੰਦੀ ਹੋਵੇਗੀ। ਬਾਈਡਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਰੂਸ ਆਪਣੀ ਸੋਨੇ ਦੀ ਵਿਕਰੀ ਤੋਂ "ਦਸੀਓਂ ਅਰਬਾਂ ਡਾਲਰ ਕਮਾਉਂਦਾ ਹੈ"।



ਦੁਨੀਆ ਦੇ ਸੱਤ ਵੱਡੇ ਵਿਕਸਿਤ ਦੇਸ਼ਾਂ ਦੇ ਸੰਗਠਨ ਜੀ-7 ਦੀ ਜਰਮਨੀ ਦੇ ਮਿਊਨਿਖ ਨੇੜੇ ਐਲਮੌ 'ਚ ਸਿਖਰ ਬੈਠਕ ਹੋਣ ਜਾ ਰਿਹਾ ਹੈ। ਇਸ ਬੈਠਕ 'ਚ ਰੂਸ ਤੋਂ ਸੋਨੇ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਰਸਮੀ ਐਲਾਨ ਕੀਤਾ ਜਾਵੇਗਾ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਜੀ-7 ਦੇਸ਼ ਇਸ ਸਬੰਧ 'ਚ ਅੰਤਿਮ ਫੈਸਲਾ ਲੈਣਗੇ।



ਸੰਮੇਲਨ 'ਚ ਇਨ੍ਹਾਂ ਮੁੱਦਿਆਂ 'ਤੇ ਕੀਤੀ ਜਾਵੇਗੀ ਚਰਚਾ 


ਬਾਈਡਨ ਅਤੇ ਹੋਰ ਵਿਕਸਤ ਦੇਸ਼ਾਂ ਦੇ ਮੁਖੀ ਸੰਮੇਲਨ ਵਿੱਚ ਰੂਸ-ਯੂਕਰੇਨ ਯੁੱਧ ਦੇ ਦੌਰਾਨ ਊਰਜਾ ਸਪਲਾਈ ਨੂੰ ਸੁਰੱਖਿਅਤ ਕਰਨ ਬਾਰੇ ਚਰਚਾ ਕਰਨਗੇ। ਇਸ ਤੋਂ ਇਲਾਵਾ ਦੁਨੀਆ ਦੀਆਂ ਜ਼ਿਆਦਾਤਰ ਅਰਥਵਿਵਸਥਾਵਾਂ 'ਚ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਹੋਣ ਦੀ ਉਮੀਦ ਹੈ।



ਈਂਧਨ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਨਿਰਯਾਤ
ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸੋਨਾ ਈਂਧਨ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ। ਅਜਿਹੇ 'ਚ ਰੂਸ ਤੋਂ ਸੋਨੇ ਦੀ ਦਰਾਮਦ 'ਤੇ ਰੋਕ ਲਗਾਉਣ ਨਾਲ ਰੂਸ ਲਈ ਗਲੋਬਲ ਬਾਜ਼ਾਰਾਂ 'ਚ ਹਿੱਸਾ ਲੈਣਾ ਮੁਸ਼ਕਲ ਹੋ ਜਾਵੇਗਾ।



ਹਾਲ ਹੀ ਦੇ ਸਾਲਾਂ ਵਿੱਚ, ਊਰਜਾ ਤੋਂ ਬਾਅਦ ਸੋਨਾ ਰੂਸ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਉਤਪਾਦ ਰਿਹਾ ਹੈ। ਸਾਲ 2020 ਵਿੱਚ, ਰੂਸ ਨੇ ਲਗਭਗ 19 ਬਿਲੀਅਨ ਡਾਲਰ ਦੇ ਸੋਨੇ ਦੀ ਬਰਾਮਦ ਕੀਤੀ, ਜੋ ਕਿ ਵਿਸ਼ਵ ਸੋਨੇ ਦੀ ਬਰਾਮਦ ਦਾ ਲਗਭਗ ਪੰਜ ਪ੍ਰਤੀਸ਼ਤ ਸੀ।



ਰੂਸੀ ਸੋਨੇ ਦੀ ਬਰਾਮਦ ਵਿੱਚ ਜੀ-7 ਦੇਸ਼ਾਂ ਦਾ ਵੱਡਾ ਹਿੱਸਾ 
ਖਾਸ ਗੱਲ ਇਹ ਹੈ ਕਿ ਰੂਸੀ ਸੋਨਾ ਨਿਰਯਾਤ ਦਾ ਲਗਭਗ 90 ਫੀਸਦੀ ਜੀ-7 ਦੇਸ਼ਾਂ ਨੂੰ ਹੀ ਭੇਜਿਆ ਜਾਂਦਾ ਸੀ। ਇਸ ਵਿਚੋਂ 90 ਫੀਸਦੀ ਤੋਂ ਜ਼ਿਆਦਾ ਸੋਨੇ ਦੀ ਬਰਾਮਦ ਇਕੱਲੇ ਰੂਸ ਨੇ ਬ੍ਰਿਟੇਨ ਨੂੰ ਕੀਤੀ। ਇਸ ਦੇ ਨਾਲ ਹੀ, ਅਮਰੀਕਾ ਨੇ 2019 ਵਿੱਚ ਰੂਸ ਤੋਂ 200 ਮਿਲੀਅਨ ਡਾਲਰ ਤੋਂ ਘੱਟ ਅਤੇ ਸਾਲ 2020 ਅਤੇ 2021 ਵਿੱਚ 1 ਮਿਲੀਅਨ ਡਾਲਰ ਤੋਂ ਘੱਟ ਦਾ ਸੋਨਾ ਆਯਾਤ ਕੀਤਾ।