Gold became costlier by 590 times since 1947: ਸਾਡੇ ਦੇਸ਼ 'ਚ ਵਿਆਹਾਂ ਜਾਂ ਤਿਉਹਾਰਾਂ 'ਤੇ ਸੋਨਾ ਖਰੀਦਣ ਦਾ ਰੁਝਾਨ ਹੈ। ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਚੁੱਕੇ ਹਨ। ਪਿਛਲੇ 75 ਸਾਲਾਂ 'ਚ ਸੋਨਾ ਅਤੇ ਚਾਂਦੀ ਲਗਾਤਾਰ ਮਹਿੰਗਾ ਹੋ ਗਿਆ ਹੈ। 1947 'ਚ ਸੋਨਾ 88.62 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 52 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਚਾਂਦੀ 107 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜੋ ਹੁਣ 58 ਹਜ਼ਾਰ ਦੇ ਉੱਪਰ ਚੱਲ ਰਹੀ ਹੈ।
ਪਿਛਲੇ 75 ਸਾਲਾਂ 'ਚ ਸੋਨੇ ਦੀਆਂ ਕੀਮਤਾਂ 'ਚ 590 ਗੁਣਾ ਵਾਧਾ ਹੋਇਆ
1947 'ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸੋਨਾ 88.62 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 52,461 'ਤੇ ਹੈ। ਮਤਲਬ ਉਦੋਂ ਤੋਂ ਸੋਨਾ 590 ਗੁਣਾ ਮਹਿੰਗਾ ਹੋ ਗਿਆ ਹੈ।
ਚਾਂਦੀ ਨੇ ਦਿੱਤਾ 544 ਗੁਣਾ ਰਿਟਰਨ
ਚਾਂਦੀ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਬਾਅਦ ਇਹ 544 ਗੁਣਾ ਮਹਿੰਗੀ ਹੋ ਗਈ ਹੈ। 1947 'ਚ ਚਾਂਦੀ ਦੀ ਕੀਮਤ 107 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਅਤੇ ਹੁਣ ਇਹ 58,352 ਰੁਪਏ ਹੈ।
ਸਾਲ ਦੇ ਅੰਤ ਤੱਕ ਸੋਨਾ 54 ਹਜ਼ਾਰ ਤੱਕ ਜਾ ਸਕਦਾ
ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਸਮੇਂ ਸੋਨੇ 'ਤੇ ਦਬਾਅ ਹੈ, ਪਰ ਇਹ ਹੌਲੀ-ਹੌਲੀ ਘੱਟ ਰਿਹਾ ਹੈ। ਜਿਵੇਂ ਹੀ ਮਹਿੰਗਾਈ ਅਤੇ ਮੰਦੀ ਦਾ ਖਤਰਾ ਥੋੜ੍ਹਾ ਘੱਟ ਹੁੰਦਾ ਹੈ, ਸੋਨਾ ਇੱਕ ਵਾਰ ਫਿਰ ਮਹਿੰਗਾ ਹੋ ਜਾਵੇਗਾ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਮੁਤਾਬਕ ਇਸ ਸਾਲ ਦੇ ਅੰਤ ਤੱਕ ਸੋਨਾ 54 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।
ਸਰਾਫ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਚਾਂਦੀ 'ਚ ਚੰਗੇ ਵਾਧੇ ਦੀ ਗੁੰਜਾਇਸ਼ ਹੈ। ਉਸ ਦਾ ਮੰਨਣਾ ਹੈ ਕਿ ਵਿਸ਼ਵ 'ਚ ਇਲੈਕਟ੍ਰੋਨਿਕਸ ਅਤੇ ਫੋਟੋਵੋਲਟੇਇਕ ਖੇਤਰਾਂ 'ਚ ਚਾਂਦੀ ਦੀ ਉਦਯੋਗਿਕ ਖਪਤ ਵਧੇਗੀ। ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ 'ਚ ਪ੍ਰਚੂਨ ਵਿਕਰੀ, ਗਹਿਣਿਆਂ ਦੀ ਮੰਗ ਮਜ਼ਬੂਤ ਰਹੇਗੀ। ਇਸ ਨਾਲ ਚਾਂਦੀ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ।
ਭਾਰਤ 'ਚ ਹਰ ਸਾਲ 800 ਟਨ ਸੋਨੇ ਦੀ ਖਪਤ
ਭਾਰਤ ਹਰ ਸਾਲ 700-800 ਟਨ ਸੋਨੇ ਦੀ ਖਪਤ ਕਰਦਾ ਹੈ, ਜਿਸ ਵਿੱਚੋਂ 1 ਟਨ ਭਾਰਤ 'ਚ ਪੈਦਾ ਹੁੰਦਾ ਹੈ ਅਤੇ ਬਾਕੀ ਦੀ ਦਰਾਮਤ ਕੀਤੀ ਜਾਂਦੀ ਹੈ। 2020 'ਚ ਦੇਸ਼ ਵਿੱਚ ਸੋਨੇ ਦੀ ਦਰਾਮਦ 344.2 ਟਨ ਸੀ, ਜੋ ਪਿਛਲੇ ਸਾਲ ਨਾਲੋਂ 47% ਘੱਟ ਸੀ। 2019 'ਚ ਇਹ 646.8 ਟਨ ਸੀ।