ਚੰਡੀਗੜ੍ਹ: ਸਰਕਾਰ ਰੀਅਲ ਐਸਟੇਟ ਖੇਤਰ ਵਿੱਚ ਮੰਗ ਵਧਾਉਣ ਤੇ ਨਿਰਮਾਣ ਖੇਤਰ ਵਿੱਚ ਰੁਜ਼ਗਾਰ ਵਧਾਉਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਉਸ ਦਾ ਇਰਾਦਾ ਰੋਜ਼ਗਾਰ ਵਿੱਚ ਵਾਧਾ ਕਰਨ ਤੇ ਅਰਥਵਿਵਸਥਾ ਵਿੱਚ ਮੰਗ ਪੈਦਾ ਕਰਨ ਵੱਲ ਸੇਧਤ ਹੈ। ਇਹੋ ਕਾਰਨ ਹੈ ਕਿ ਮਕਾਨਾਂ ਦੀ ਵਿਕਰੀ ਵਧਾਉਣ ਲਈ ਰਿਜ਼ਰਵ ਬੈਂਕ ਦੀ ਹਦਾਇਤ ਮੁਤਾਬਕ ਲਗਪਗ ਸਾਰੇ ਬੈਂਕਾਂ ਨੇ ਹੋਮ ਲੋਨ ਦੀਆਂ ਦਰਾਂ ਬਹੁਤ ਸਸਤੀਆਂ ਕਰ ਦਿੱਤੀਆਂ ਹਨ।
ਹੁਣ ਪਿਛਲੇ ਦੋ ਦਹਾਕਿਆਂ ਦੌਰਾਨ ਇਹ ਹੋਮ ਲੋਨ ਦਰਾਂ ਦਾ ਸਭ ਤੋਂ ਸਸਤਾ ਦੌਰ ਚੱਲ ਰਿਹਾ ਹੈ। ਕੋਰੋਨਾਵਾਇਰਸ ਦੇ ਇਸ ਦੌਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਲੱਗੇ ਝਟਕੇ ਨੇ ਹੋਮ ਲੋਨ ਦਰਾਂ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ ਹਾਲਾਤ ਵਿੱਚ ਵੱਡਾ ਸੁਆਲ ਇਹੋ ਪੈਦਾ ਹੁੰਦਾ ਹੈ ਕਿ ਕੀ ਖਪਤਕਾਰ ਲਈ ਘਰ ਖ਼ਰੀਦਣ ਦਾ ਇਹ ਸਹੀ ਵੇਲਾ ਹੈ?
ਹਰੇਕ ਬੈਂਕ ਵੱਲੋਂ ਹੋਮ ਲੋਨ ਸਸਤਾ ਕਰਨ ਤੇ ਅਰਥਚਾਰੇ ਦੀ ਰਫ਼ਤਾਰ ਪਰਤਣ ਦੇ ਸੰਕੇਤਾਂ ਦੌਰਾਨ ਜਿਹੜੇ ਲੋਕਾਂ ਨੇ ਆਪਣੀ ਆਮਦਨ ਵਿੱਚ ਨਿਰੰਤਰਤਾ ਬਣੇ ਰਹਿਣ ਦੀ ਆਸ ਦਿਸ ਰਹੀ ਹੈ, ਉਹ ਘਰ ਖ਼ਰੀਦਣ ਦਾ ਫ਼ੈਸਲਾ ਲੈ ਸਕਦੇ ਹਨ। ਹੁਣ ਪ੍ਰਾਪਰਟੀ ਦੇ ਭਾਅ ਕਾਫ਼ੀ ਹੇਠਾਂ ਚਲੇ ਗਏ ਹਨ। ਇਸੇ ਲਈ ਮਕਾਨ ਸਸਤੇ ਮਿਲ ਸਕਦੇ ਹਨ। ਜਿਹੜੇ ਗਾਹਕਾਂ ਕੋਲ ਈਐਮਆਈ ਅਦਾ ਕਰਨ ਦੀ ਸਮਰੱਥਾ ਹੋਵੇ, ਉਨ੍ਹਾਂ ਨੂੰ ਇਸ ਮੌਕੇ ਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਹੈ।
ਹੋਮ ਲੋਨ ਉੱਤੇ ਵਿਆਜ ਦਰ ਹੁਣ 6.7 ਫ਼ੀਸਦੀ ਤੋਂ ਲੈ ਕੇ 9 ਫ਼ੀਸਦੀ ਦੀ ਰੇਂਜ ਵਿੱਚ ਚੱਲ ਰਹੀ ਹੈ। ਇਸ ਨਾਲ ਪ੍ਰਮੁੱਖ ਪ੍ਰਾਪਰਟੀ ਬਾਜ਼ਾਰ ਵਿੱਚ ਕਈ ਡਿਵੈਲਪਰਾਂ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀਆਂ ਕੀਮਤਾਂ ਘਟਾਈਆਂ ਹਨ। ਕਈ ਸ਼ਹਿਰਾਂ ਨੇ ਸਟੈਂਪ ਡਿਊਟੀ ਉੱਤੇ ਛੋਟ ਦੀ ਪੇਸ਼ਕਸ਼ ਕੀਤੀ ਹੈ। ਇੰਝ ਹੁਣ ਤੁਹਾਡੇ ਲਈ ਰੈਜ਼ੀਡੈਂਸ਼ੀਅਲ ਸੰਪਤੀ ਖ਼ਰੀਦਣ ਦਾ ਇਹ ਸਹੀ ਮੌਕਾ ਹੋ ਸਕਦਾ ਹੈ।
ਪਿਛਲੇ ਦਿਨੀਂ ਭਾਰਤੀ ਸਟੇਟ ਬੈਂਕ ਤੋਂ ਲੈ ਕੇ ਐੱਚਡੀਐੱਫ਼ਸੀ ਤੇ ਯੂਨੀਅਨ ਬੈਂਕ ਆੱਫ਼ ਇੰਡੀਆ ਨੇ ਹੋਮ ਲੋਨ ਉੱਤੇ ਵਿਆਜ ਘੱਟ ਕੀਤਾ ਹੈ। ਯੂਨੀਅਨ ਬੈਂਕ ਨੇ ਤਾਂ ਮਹਿਲਾ ਗਾਹਕਾਂ ਨੂੰ ਹੋਰ ਵੀ ਜ਼ਿਆਦਾ ਛੋਟ ਦੇਣ ਦਾ ਐਲਾਨ ਕੀਤਾ ਹੈ। ਸ਼ਾਇਦ ਅਗਲੇ ਕੁਝ ਸਮੇਂ ਤੱਕ ਹੋਮ ਲੋਨ ਦਾ ਇਹ ਸਸਤਾ ਦੌਰ ਮੁੜ ਕੇ ਨਾ ਆਵੇ, ਇਸ ਲਈ ਜੇ ਤੁਸੀਂ ਘਰ ਖ਼ਰੀਦਣਾ ਚਾਹੁੰਦੇ ਹੋ, ਤਾਂ ਲੋਨ ਦਾ ਵਿਕਲਪ ਅਜ਼ਮਾ ਸਕਦੇ ਹੋ।