7th pay commission: ਕੇਂਦਰ ਸਰਕਾਰ ਦੇ ਇੱਕ ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ। ਦੀਵਾਲੀ ਮੌਕੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਵਿੱਚ ਵਾਧੇ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਅਗਲੇ ਮਹੀਨੇ ਯਾਨੀ ਅਕਤੂਬਰ ਮਹੀਨੇ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਵਿੱਚ ਚਾਰ ਫੀਸਦੀ ਵਾਧੇ ਦੀ ਸੰਭਾਵਨਾ ਹੈ।
ਅਕਤੂਬਰ ਦੇ ਦੂਜੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਫਾਈਲ ਨੂੰ ਮਨਜ਼ੂਰੀ ਦੇ ਸਕਦਾ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸਤੰਬਰ ਵਿੱਚ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਡੀਏ/ਡੀਆਰ ਵਾਧੇ ਦਾ ਤੋਹਫ਼ਾ ਦੇ ਸਕਦੀ ਹੈ। ਮੌਜੂਦਾ ਸਮੇਂ ਵਿੱਚ ਡੀਏ/ਡੀਆਰ ਦਰ 50 ਪ੍ਰਤੀਸ਼ਤ ਹੈ। ਜੇਕਰ ਇਹ 4 ਫੀਸਦੀ ਵਧਦਾ ਹੈ ਤਾਂ ਇਹ ਦਰ 54 ਤੱਕ ਪਹੁੰਚ ਜਾਵੇਗੀ।
ਦਰਅਸਲ 2022 ਵਿੱਚ ਕੇਂਦਰੀ ਮੰਤਰੀ ਮੰਡਲ ਨੇ 28 ਸਤੰਬਰ ਨੂੰ ਡੀਏ ਦੀਆਂ ਦਰਾਂ ਵਿੱਚ ਚਾਰ ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਸੀ। ਉਸ ਸਾਲ 24 ਅਕਤੂਬਰ ਨੂੰ ਦੀਵਾਲੀ ਸੀ। ਇਸ ਲਈ ਸਰਕਾਰ ਨੇ ਸਤੰਬਰ ਦੇ ਆਖਰੀ ਹਫ਼ਤੇ ਡੀਏ/ਡੀਆਰ ਦੀਆਂ ਦਰਾਂ ਵਧਾਈਆਂ ਸਨ। ਪਿਛਲੇ ਸਾਲ ਦੁਸਹਿਰਾ 24 ਅਕਤੂਬਰ ਤੇ ਦੀਵਾਲੀ 12 ਨਵੰਬਰ ਨੂੰ ਸੀ। ਦੀਵਾਲੀ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ।
ਇਸ ਵਾਰ ਦੀਵਾਲੀ 1 ਨਵੰਬਰ ਨੂੰ ਹੈ ਤੇ ਦੁਸਹਿਰਾ 13 ਅਕਤੂਬਰ ਨੂੰ ਹੈ। ਅਜਿਹੇ 'ਚ ਅਕਤੂਬਰ ਦੇ ਦੂਜੇ ਹਫਤੇ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਡੀਏ 'ਚ ਵਾਧਾ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਇੱਕ ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਜਨਵਰੀ ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ ਹੋਇਆ ਸੀ।
ਇਸ ਵਾਧੇ ਨਾਲ ਡੀਏ ਦੀ ਦਰ 46 ਤੋਂ 50 ਫੀਸਦੀ ਤੱਕ ਪਹੁੰਚ ਗਈ ਸੀ। ਹੁਣ ਪਹਿਲੀ ਜੁਲਾਈ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਡੀਏ ਵਿੱਚ ਚਾਰ ਫੀਸਦੀ ਵਾਧਾ ਮਿਲ ਸਕਦਾ ਹੈ। ਹਾਲਾਂਕਿ ਡੀਏ ਦੇ ਇਸ ਤੋਹਫ਼ੇ ਦਾ ਲਾਭ ਅਕਤੂਬਰ ਵਿੱਚ ਮਿਲੇਗਾ। ਸਰਕਾਰੀ/ਪੈਨਸ਼ਨਰਾਂ ਨੂੰ ਤਿੰਨ ਮਹੀਨਿਆਂ ਦਾ ਬਕਾਇਆ ਮਿਲੇਗਾ।
ਜੇ ਡੀਏ '54' ਫੀਸਦੀ ਹੋ ਜਾਏ ਤਾਂ ਇੰਨਾ ਹੋਵੇਗਾ ਲਾਭ
ਜੇਕਰ ਕਿਸੇ ਕਰਮਚਾਰੀ ਦੀ ਮੁੱਢਲੀ ਤਨਖਾਹ 18 ਹਜ਼ਾਰ ਰੁਪਏ ਹੈ ਤਾਂ 54 ਫੀਸਦੀ ਮਹਿੰਗਾਈ ਭੱਤੇ ਦੇ ਹਿਸਾਬ ਨਾਲ ਹਰ ਮਹੀਨੇ ਉਸ ਦੀ ਤਨਖਾਹ ਵਿਚ ਲਗਪਗ 720 ਰੁਪਏ ਦਾ ਵਾਧਾ ਹੋਵੇਗਾ। 50 ਫੀਸਦੀ 'ਤੇ ਡੀਏ 9000 ਰੁਪਏ ਬਣਦਾ ਹੈ ਤੇ 54 ਫੀਸਦੀ 'ਤੇ ਇਹ 9720 ਰੁਪਏ ਹੋ ਜਾਵੇਗਾ। ਯਾਨੀ ਡੀਏ ਦੀ ਦਰ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮ ਦੀ ਤਨਖਾਹ ਵਿੱਚ 720 ਰੁਪਏ ਦਾ ਵਾਧਾ ਹੋਵੇਗਾ।
ਇਸੇ ਤਰ੍ਹਾਂ 1 ਲੱਖ ਰੁਪਏ ਦੀ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਦੇ ਖਾਤੇ 'ਚ ਹਰ ਮਹੀਨੇ 4000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ। 50 ਫੀਸਦੀ ਦੇ ਹਿਸਾਬ ਨਾਲ ਉਸ ਦਾ ਡੀਏ 50,000 ਰੁਪਏ ਬਣਦਾ ਹੈ ਤੇ 54 ਫੀਸਦੀ ਦੇ ਹਿਸਾਬ ਨਾਲ 54,000 ਰੁਪਏ ਬਣੇਗਾ। ਯਾਨੀ ਡੀਏ ਰੇਟ ਵਧਣ ਤੋਂ ਬਾਅਦ ਉਸ ਦੀ ਤਨਖਾਹ 4000 ਰੁਪਏ ਵਧ ਜਾਵੇਗੀ।