ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੋਂ ਇਲਾਵਾ ਖਾਦ, ਤੇਲਾਂ ਤੇ ਪਿਆਜ਼ ਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਖੁਦਰਾ ਬਜ਼ਾਰ 'ਚ ਟਮਾਟਰ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਪਿਛਲੇ ਸਾਲ ਤੋਂ ਘੱਟ ਹਨ ਤੇ ਖਾਦ ਤੇਲ ਕੀਮਤ 'ਚ ਵਾਧੇ 'ਤੇ ਰੋਕ ਲੱਗ ਗਈ ਹੈ।


25 ਅਕਤੂਬਰ ਨੂੰ ਬੁਲਾਈ ਸੂਬਿਆਂ ਦੀ ਬੈਠਕ


ਕੇਂਦਰ ਸਰਕਾਰ ਨੇ ਖਾਦ ਤੇਲਾਂ ਦੀ ਮਹਿੰਗਾਈ ਦੇ ਮਾਮਲੇ ਨੂੰ ਲੈਕੇ 25 ਅਕਤੂਬਰ ਨੂੰ ਸੂਬਿਆਂ ਦੀ ਬੈਠਕ ਬੁਲਾਈ ਹੈ। ਇਸ ਬੈਠਕ 'ਚ ਖਾਦ ਤੇਲਾਂ 'ਤੇ ਸਟੌਕ ਸੀਮਾ ਤੈਅ ਕਰਨ ਦੇ ਫੈਸਲੇ ਦੀ ਸਮੀਖਿਆ ਹੋਵੇਗੀ। ਸਾਰੇ ਸੂਬਿਆਂ ਤੋਂ ਸਟੌਕ ਸੀਮਾ ਤੈਅ ਕਰਨ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ ਹੈ।


ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਚੁੱਕੇ ਗਏ ਕਦਮਾਂ ਦੀ ਬਦੌਲਤ ਖਾਦ ਤੇਲਾਂ ਤੇ ਪਿਆਜ਼ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ। ਕੇਂਦਰ ਖਾਧ ਸਕੱਤਰ ਸੁਧਾਂਸ਼ੂ ਪਾਂਡੇ ਦੇ ਮੁਤਾਬਕ ਸਰਕਾਰ ਨੇ ਪਿਆਜ਼ ਦਾ 2 ਲੱਖ ਟਨ ਦਾ ਬਫਰ ਸਟੌਕ ਤਿਆਰ ਕੀਤਾ ਹੈ। ਜਿਸ 'ਚ ਕਰੀਬ 81 ਹਜ਼ਾਰ ਟਨ ਪਿਆਜ਼ ਸੂਬਿਆਂ ਨੂੰ ਮੁਹੱਈਆ ਕਰਾਇਆ ਜਾ ਚੁੱਕਾ ਹੈ।


ਖਾਦ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ 21 ਅਕਤੂਬਰ ਨੂੰ ਪਿਆਜ਼ ਦੀਆਂ ਖੁਦਰਾਂ ਕੀਮਤਾਂ 55 ਰੁਪਏ ਪ੍ਰਤੀ ਕਿੱਲੋ ਸੀ। ਜਦਕਿ ਇਸ ਸਾਲ 21 ਅਕਤੂਬਰ ਨੂੰ 41 ਰੁਪਏ ਪ੍ਰਤੀ ਕਿੱਲੋ ਰਹੀ। ਖਾਦ ਸਕੱਤਰ ਦੇ ਮੁਤਾਬਕ ਪਿਆਜ਼ ਦੀ ਨਵੀਂ ਫਸਲ ਅਗਲੇ ਮਹੀਨੇ ਤੋਂ ਬਜ਼ਾਰ 'ਚ ਆਉਣ ਲੱਗਣਗੀਆਂ, ਜਿਸ ਨਾਲ ਕੀਮਤਾਂ 'ਚ ਗਿਰਾਵਟ ਸ਼ੁਰੂ ਹੋ ਜਾਵੇਗੀ।


ਖਾਦ ਤੇਲਾਂ ਨੂੰ ਲੈਕੇ ਖਾਦ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਸਰਕਾਰ ਦੇ ਖਾਦ ਤੇਲਾਂ ਦੀ ਕੀਮਤ ਨੂੰ ਘੱਟ ਕਰਨ ਲਈ ਆਯਾਤ ਸ਼ੁਲਕ ਖਤਮ ਕਰਨ, ਸਟੌਕ ਦੀ ਸੀਮਾ ਤੈਅ ਕਰਨ ਤੇ ਤਿਲਹਨ ਦੀ ਪੈਦਾਵਾਰ ਵਧਾਉਣ ਜਿਹੇ ਕਈ ਕਦਮ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੌਲੀ-ਹੌਲੀ ਇਸ ਦਾ ਅਸਰ ਵੀ ਦਿਖਣ ਲੱਗਾ ਹੈ। ਪਰ ਆਉਣ ਵਾਲੇ ਮਹੀਨਿਆਂ ਚ ਇਸ ਦਾ ਪੂਰਾ ਅਸਰ ਖਾਦ ਤੇਲਾਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਰੂਪ 'ਚ ਦਿਖਣ ਵੀ ਲੱਗੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਫਰਵਰੀ ਤਕ ਖਾਦ ਤੇਲਾਂ ਦੇ ਭਾਅ ਆਮ ਪੱਧਰ ਤਕ ਪਹੁੰਚਣ ਦੀ ਉਮੀਦ ਹੈ।


ਕੇਂਦਰੀ ਖਾਦ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ 'ਚ ਕਿਹਾ ਗਿਆ ਕਿ ਪਿਛਲੇ ਇਕ ਮਹੀਨੇ 'ਚ ਖਾਦ ਤੇਲਾਂ ਦੀ ਕੀਮਤ ਕਾਫੀ ਹੱਦ ਤਕ ਸਥਿਰ ਹੋ ਗਈ ਹੈ। ਸਰ੍ਹੋਂ ਦੇ ਤੇਲ ਦੀ ਖੁਦਰਾ ਕੀਮਤ 14 ਅਕਤੂਬਰ ਨੂੰ 184 ਰੁਪਏ ਪ੍ਰਤੀ ਲੀਟਰ ਸੀ ਜੋ 21 ਅਕਤੂਬਰ ਨੂੰ 185 ਰੁਪਏ ਪ੍ਰਤੀ ਲੀਟਰ ਰਹੀ। ਹਾਲਾਂਕਿ  21 ਸਤੰਬਰ ਨੂੰ ਸਰ੍ਹੋਂ ਤੇਲ ਦੀ ਖੁਦਰਾ ਕੀਮਤ 180 ਰੁਪਏ ਪ੍ਰਤੀ ਲੀਟਰ ਸੀ। ਜਦਕਿ ਪਿਛਲੇ ਸਾਲ 21 ਅਕਤੂਬਰ ਨੂੰ ਇਸ ਦੀ ਕੀਮਤ 128 ਰੁਪਏ ਪ੍ਰਤੀ ਲੀਟਰ ਸੀ।


ਖਾਦ ਮੰਤਰਾਲੇ ਦਾ ਕਹਿਣਾ ਹੈ ਕਿ ਅੰਤਰ-ਰਾਸ਼ਟਰੀ ਬਜ਼ਾਰ 'ਚ ਕੱਚੇ ਪਾਮ ਆਇਲ ਸਮੇਤ ਸੋਇਆਬੀਨ ਤੇ ਪਾਮੋਲੀਨ ਤੇਲ ਦੀ ਕੀਮਤ ਵਧਣ ਨਾਲ ਖਾਦ ਤੇਲਾਂ ਦੀ ਕੀਮਤ 'ਚ ਏਨਾ ਇਜ਼ਾਫਾ ਹੋਇਆ ਹੈ। ਕੱਚੇ ਤੇਲ ਦੀਕੀਮਤ ਪਿਛਲੇ ਸਾਲ 21 ਅਕਤੂਬਰ ਨੂੰ 747 ਡਾਲਰ ਪ੍ਰਤੀ ਟਨ ਸੀ। ਜੋ ਇਸ ਸਾਲ 21 ਅਕਤੂਬਰ ਨੂੰ 1357 ਡਾਲਰ ਪ੍ਰਤੀ ਟਨ ਹੋ ਗਈ ਹੈ।