Cash Deposit Limit: ਬੈਂਕ ਖਾਤਾ ਤੁਹਾਡੇ ਪੈਸੇ ਦੇ ਪ੍ਰਬੰਧਨ ਲਈ ਹੁੰਦਾ ਹੈ। ਇਸ ਵਿੱਚ ਤੁਸੀਂ ਪੈਸੇ ਜਮ੍ਹਾ ਕਰਦੇ ਤੇ ਕਢਾਉਂਦੇ ਰਹਿੰਦੇ ਹੋ। ਹਾਲਾਂਕਿ, ਤੁਹਾਡਾ ਬੈਂਕ ਖਾਤਾ ਬਹੁਤ ਸਾਰੇ ਨਿਯਮਾਂ ਦੁਆਰਾ ਬੰਨ੍ਹਿਆ ਹੋਇਆ ਹੁੰਦਾ ਹੈ। ਜੇਕਰ ਇਸ 'ਚ ਕੋਈ ਵੀ ਗਲਤੀ ਹੁੰਦੀ ਹੈ ਤਾਂ ਤੁਹਾਨੂੰ 60 ਫੀਸਦੀ ਤੱਕ ਟੈਕਸ ਦੇਣਾ ਪੈ ਸਕਦਾ ਹੈ।


ਦਰਅਸਲ ਇਨਕਮ ਟੈਕਸ ਵਿਭਾਗ ਮੁਤਾਬਕ ਜੇਕਰ ਤੁਸੀਂ ਆਪਣੇ ਖਾਤੇ 'ਚ ਨਕਦੀ ਜਮ੍ਹਾ ਕਰਵਾਉਂਦੇ ਹੋ ਤੇ ਆਮਦਨ ਦੇ ਸ੍ਰੋਤ ਦਾ ਐਲਾਨ ਕਰਨ 'ਚ ਅਸਫਲ ਰਹਿੰਦੇ ਹੋ ਤਾਂ ਤੁਹਾਡੇ ਤੋਂ ਵੱਡਾ ਟੈਕਸ ਵਸੂਲਿਆ ਜਾਵੇਗਾ, ਜਿਸ 'ਚ 25 ਫੀਸਦੀ ਸਰਚਾਰਜ ਤੇ 4 ਫੀਸਦੀ ਸੈੱਸ ਸ਼ਾਮਲ ਹੈ। ਇਸ ਲਈ ਆਓ ਅਸੀਂ ਤੁਹਾਨੂੰ ਨਕਦ ਜਮ੍ਹਾ ਕਰਨ ਦੇ ਨਿਯਮਾਂ ਤੋਂ ਜਾਣੂ ਕਰਵਾਉਂਦੇ ਹਾਂ।



60 ਪ੍ਰਤੀਸ਼ਤ ਟੈਕਸ ਦੇਣਾ ਪੈ ਸਕਦਾ
ਇਨਕਮ ਟੈਕਸ ਐਕਟ ਦੀ ਧਾਰਾ 68 ਦੇ ਅਨੁਸਾਰ ਆਮਦਨ ਕਰ ਵਿਭਾਗ ਕੋਲ ਆਮਦਨ ਦੇ ਸ੍ਰੋਤ ਦਾ ਖੁਲਾਸਾ ਨਾ ਕਰਨ ਦੇ ਵਿਰੁੱਧ ਨੋਟਿਸ ਜਾਰੀ ਕਰਕੇ 60 ਪ੍ਰਤੀਸ਼ਤ ਟੈਕਸ ਵਲਸੂਲਣ ਦੀ ਸ਼ਕਤੀ ਹੈ। ਯਾਦ ਰਹੇ ਸਰਕਾਰ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਲੋਕ ਘੱਟ ਤੋਂ ਘੱਟ ਨਕਦੀ ਦੀ ਵਰਤੋਂ ਕਰਨ। ਬੱਚਤ ਖਾਤਿਆਂ ਵਿੱਚ ਨਕਦੀ ਜਮ੍ਹਾਂ ਸੀਮਾਵਾਂ ਲਾ ਕੇ ਮਨੀ ਲਾਂਡਰਿੰਗ, ਟੈਕਸ ਚੋਰੀ ਤੇ ਗੈਰ-ਕਾਨੂੰਨੀ ਵਿੱਤੀ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


10 ਲੱਖ ਤੋਂ ਜ਼ਿਆਦਾ ਕੈਸ਼ ਡਿਪਾਜ਼ਿਟ ਤਾਂ ਜਾਣਕਾਰੀ ਦੇਣੀ ਹੋਵੇਗੀ
ਇਨਕਮ ਟੈਕਸ ਐਕਟ ਦੇ ਅਨੁਸਾਰ, ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਵੱਧ ਨਕਦ ਜਮ੍ਹਾ ਕਰਦੇ ਹੋ, ਤਾਂ ਤੁਹਾਨੂੰ ਟੈਕਸ ਅਧਿਕਾਰੀਆਂ ਨੂੰ ਸੂਚਿਤ ਕਰਨਾ ਹੋਵੇਗਾ। ਚਾਲੂ ਖਾਤੇ ਵਿੱਚ ਇਹ ਸੀਮਾ 50 ਲੱਖ ਰੁਪਏ ਹੈ। ਹਾਲਾਂਕਿ, ਇਹ ਜਾਣਨਾ ਮਹੱਤਵਪੂਰਨ ਹੈ ਕਿ ਸੀਮਾ ਤੋਂ ਵੱਧ ਨਕਦ ਜਮ੍ਹਾ ਕਰਨ 'ਤੇ ਕੋਈ ਤੁਰੰਤ ਟੈਕਸ ਨਹੀਂ ਲੱਗਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਸਹੀ ਜਾਣਕਾਰੀ ਦੇਣ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ।


1 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ 'ਤੇ 2% TDS 
ਇਨਕਮ ਟੈਕਸ ਐਕਟ ਦੀ ਧਾਰਾ 194N ਕਹਿੰਦੀ ਹੈ ਕਿ ਜੇਕਰ ਬੈਂਕ ਖਾਤੇ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਢਵਾਈ ਜਾਂਦੀ ਹੈ ਤਾਂ ਦੋ ਫੀਸਦੀ ਟੀਡੀਐਸ ਕੱਟਿਆ ਜਾਵੇਗਾ। ਹਾਲਾਂਕਿ ਜੇਕਰ ਤੁਸੀਂ ਪਿਛਲੇ 3 ਸਾਲਾਂ ਤੋਂ ITR ਦਾਇਰ ਨਹੀਂ ਕੀਤਾ, ਤਾਂ ਤੁਹਾਨੂੰ ਸਿਰਫ 20 ਲੱਖ ਰੁਪਏ ਤੋਂ ਵੱਧ ਦੀ ਨਿਕਾਸੀ 'ਤੇ 2% TDS ਤੇ 1 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ 'ਤੇ 5% TCS ਦਾ ਭੁਗਤਾਨ ਕਰਨਾ ਹੋਵੇਗਾ।