Tower Semiconductor: ਸੈਮੀਕੰਡਕਟਰ ਨਿਰਮਾਣ ਦੇ ਖੇਤਰ ਵਿੱਚ ਭਾਰਤ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ। ਇਜ਼ਰਾਈਲ ਦੀ ਮਸ਼ਹੂਰ ਸੈਮੀਕੰਡਕਟਰ (Semiconductor)  ਨਿਰਮਾਣ ਕੰਪਨੀ ਟਾਵਰ (Tower) ਨੇ 8 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਦੇਸ਼ ਵਿੱਚ ਇੱਕ ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਕੀਤਾ ਹੈ। ਜੇ ਇਸ ਪਲਾਂਟ ਨੂੰ ਬਣਾਉਣ ਵਿੱਚ ਸਫਲਤਾ ਮਿਲਦੀ ਹੈ ਤਾਂ ਸਰਕਾਰ ਨੂੰ ਵੱਡੀ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi)  ਵੀ ਲੰਬੇ ਸਮੇਂ ਤੋਂ ਦੇਸ਼ ਵਿੱਚ ਸੈਮੀਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਲਈ ਸਰਕਾਰ ਨੇ ਦਸੰਬਰ 2021 ਵਿੱਚ 10 ਬਿਲੀਅਨ ਡਾਲਰ ਦੀ ਯੋਜਨਾ ਦਾ ਐਲਾਨ ਵੀ ਕੀਤਾ ਸੀ।


ਭਾਰਤ ਵਿੱਚ 65 ਨੈਨੋਮੀਟਰ ਅਤੇ 40 ਨੈਨੋਮੀਟਰ ਚਿਪਸ ਬਣਾਏਗੀ


ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਇਜ਼ਰਾਈਲੀ ਕੰਪਨੀ ਟਾਵਰ ਨੇ ਭਾਰਤ ਵਿੱਚ ਸੈਮੀਕੰਡਕਟਰ ਪਲਾਂਟ ਲਾਉਣ ਵਿੱਚ ਦਿਲਚਸਪੀ ਦਿਖਾਈ ਹੈ। ਕੰਪਨੀ ਨੇ ਭਾਰਤ ਸਰਕਾਰ ਨੂੰ 8 ਬਿਲੀਅਨ ਡਾਲਰ ਦਾ ਪ੍ਰਸਤਾਵ ਵੀ ਦਿੱਤਾ ਹੈ। ਇਸ ਦੇ ਲਈ ਕੰਪਨੀ ਨੇ ਸਰਕਾਰ ਤੋਂ ਇੰਸੈਂਟਿਵ ਦੀ ਮੰਗ ਕੀਤੀ ਹੈ। ਪ੍ਰਸਤਾਵ ਮੁਤਾਬਕ ਟਾਵਰ ਭਾਰਤ 'ਚ 65 ਨੈਨੋਮੀਟਰ ਅਤੇ 40 ਨੈਨੋਮੀਟਰ ਚਿਪਸ ਬਣਾਏਗਾ।


ਕੰਪਨੀ ਨਾਲ ਪਿਛਲੇ ਸਾਲ ਹੋਈ ਸੀ ਮੀਟਿੰਗ


ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ  (Rajeev Chandrasekhar) ਨੇ ਪਿਛਲੇ ਸਾਲ ਅਕਤੂਬਰ ਵਿੱਚ ਟਾਵਰ ਸੈਮੀਕੰਡਕਟਰ  (Tower Semiconductor) ਦੇ ਸੀਈਓ ਰਸਲ ਸੀ ਐਲਵੇਂਗਰ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿੱਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲਾਨ (Israeli Ambassador Naor Gilan) ਵੀ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਰਾਜੀਵ ਚੰਦਰਸ਼ੇਖਰ ਨੇ ਦੱਸਿਆ ਸੀ ਕਿ ਭਾਰਤ ਅਤੇ ਟਾਵਰ ਵਿਚਾਲੇ ਸੈਮੀਕੰਡਕਟਰ ਸਾਂਝੇਦਾਰੀ ਨੂੰ ਲੈ ਕੇ ਚਰਚਾ ਹੋਈ ਹੈ।


ਸੈਮੀਕੰਡਕਟਰ ਸਕੀਮ ਵਿੱਚ ਆਉਣਾ ਚਾਹੁੰਦਾ ਸੀ ISC 


ਇਸ ਤੋਂ ਪਹਿਲਾਂ ਸਾਲ 2022 ਵਿੱਚ, ਅੰਤਰਰਾਸ਼ਟਰੀ ਸੈਮੀਕੰਡਕਟਰ ਕੰਸੋਰਟੀਅਮ (International Semiconductor Consortium) ਨੇ ਭਾਰਤ ਦੀ ਸੈਮੀਕੰਡਕਟਰ ਯੋਜਨਾ ਦਾ ਹਿੱਸਾ ਬਣਨ ਲਈ ਅਰਜ਼ੀ ਦਿੱਤੀ ਸੀ। ਟਾਵਰ ਵੀ ਇਸ ISC ਦਾ ਇੱਕ ਹਿੱਸਾ ਹੈ। ਹਾਲਾਂਕਿ, ਉਸ ਸਮੇਂ ਇੰਟੈਲ (Intel) ਨੇ ਟਾਵਰ ਸੈਮੀਕੰਡਕਟਰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਾਰਨ ਭਾਰਤ ਸਰਕਾਰ ਨੇ ਅਰਜ਼ੀ ਸਵੀਕਾਰ ਨਹੀਂ ਕੀਤੀ। ਸਰਕਾਰ ਨੂੰ ਯਕੀਨ ਨਹੀਂ ਸੀ ਕਿ ਕੀ ਉਹ ਇੰਟੈੱਲ ਐਕਵਾਇਰ ਤੋਂ ਬਾਅਦ ਟਾਵਰ ਸੈਮੀਕੰਡਕਟਰ ਨੂੰ ISC ਦਾ ਹਿੱਸਾ ਬਣੇ ਰਹਿਣ ਦੇਵੇਗੀ ਜਾਂ ਨਹੀਂ।


ਕੀ ਕਰਦਾ ਹੈ ਟਾਵਰ ਸੈਮੀਕੰਡਕਟਰ?


ਟਾਵਰ ਸੈਮੀਕੰਡਕਟਰ ਉੱਚ ਮੁੱਲ ਦੇ ਐਨਾਲਾਗ ਸੈਮੀਕੰਡਕਟਰ ਹੱਲ ਪ੍ਰਦਾਨ ਕਰਦਾ ਹੈ। ਇਹ ਆਟੋਮੋਟਿਵ, ਮੈਡੀਕਲ, ਉਦਯੋਗਿਕ, ਖਪਤਕਾਰ, ਏਰੋਸਪੇਸ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਚਿਪਸ ਦੀ ਸਪਲਾਈ ਕਰਦਾ ਹੈ। ਕੰਪਨੀ ਦੁਨੀਆ ਭਰ ਦੇ 300 ਤੋਂ ਵੱਧ ਗਾਹਕਾਂ ਨੂੰ ਐਨਾਲਾਗ ਏਕੀਕ੍ਰਿਤ ਸਰਕਟਾਂ ਦਾ ਨਿਰਮਾਣ ਅਤੇ ਸਪਲਾਈ ਕਰਦੀ ਹੈ। ਕੰਪਨੀ ਦੀ ਸਾਲਾਨਾ ਆਮਦਨ 1 ਬਿਲੀਅਨ ਡਾਲਰ ਤੋਂ ਵੱਧ ਹੈ।


ਪਲਾਂਟ ਬਣਾਇਆ ਜਾ ਰਿਹੈ ਮਾਈਕ੍ਰੋਨ ਟੈਕਨਾਲੋਜੀ


ਪਿਛਲੇ ਸਾਲ ਜੂਨ ਵਿੱਚ, ਅਮਰੀਕੀ ਚਿੱਪ ਨਿਰਮਾਤਾ ਮਾਈਕਰੋਨ ਟੈਕਨਾਲੋਜੀ  (Micron Technology) ਨੇ 825 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਗੁਜਰਾਤ ਵਿੱਚ ਇੱਕ ਅਸੈਂਬਲੀ ਅਤੇ ਟੈਸਟ ਸਹੂਲਤ ਬਣਾਉਣ ਦਾ ਐਲਾਨ ਕੀਤਾ ਸੀ। ਇਹ 2024 ਦੇ ਅੰਤ ਵਿੱਚ ਸ਼ੁਰੂ ਹੋਵੇਗਾ।