Petroleum Minister: ਭਾਰਤ ਦੇ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਤੇ ਖਪਤਕਾਰ ਭਾਰਤ ਕਿਸੇ ਵੀ ਮੁਲਕ ਤੋਂ ਤੇਲ ਖ਼ਰੀਦਣਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਨੇ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਨਹੀਂ ਰੋਕਿਆ ਹੈ। ਭਾਰਤ, ਜਿਸ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦੀ ਸਿੱਧੇ ਤੌਰ ’ਤੇ ਆਲੋਚਨਾ ਨਹੀਂ ਕੀਤੀ ਹੈ, ਚੀਨ ਮਗਰੋਂ ਰੂਸ ਤੋਂ ਤੇਲ ਖ਼ਰੀਦਣ ਵਾਲਾ ਦੂਜਾ ਸਭ ਤੋਂ ਵੱਡਾ ਮੁਲਕ ਬਣ ਗਿਆ ਹੈ। 


ਪੁਰੀ ਅਮਰੀਕੀ ਅਧਿਕਾਰੀਆਂ ਨਾਲ ਸਾਫ਼ ਊਰਜਾ ਬਾਰੇ ਗੱਲਬਾਤ ਕਰਨ ਲਈ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਤੇਲ ਮੁਹੱਈਆ ਕਰਵਾਏ। ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਜਿਥੋਂ ਚਾਹੇਗਾ, ਉਹ ਤੇਲ ਖ਼ਰੀਦਦਾ ਰਹੇਗਾ। 


ਇਸ ਦੌਰਾਨ ਉਨ੍ਹਾਂ ਅਮਰੀਕੀ ਊਰਜਾ ਮੰਤਰੀ ਜੈਨੀਫਰ ਗਰੈਨਹੋਮ ਨਾਲ ਮੀਟਿੰਗ ਵੀ ਕੀਤੀ। ਓਪੇਕ ਵੱਲੋਂ ਉਤਪਾਦਨ ’ਚ ਕਟੌਤੀ ਨਾਲ ਕੌਮਾਂਤਰੀ ਤੇਲ ਕੀਮਤਾਂ ਡਿੱਗਣ ਬਾਰੇ ਪੁਰੀ ਨੇ ਕਿਹਾ ਕਿ ਇਹ ਤੇਲ ਉਤਪਾਦਕਾਂ ਦਾ ਫ਼ੈਸਲਾ ਹੈ ਤੇ ਭਾਰਤ ਓਪੇਕ ਦਾ ਹਿੱਸਾ ਨਹੀਂ ਪਰ ਉਸ ਦੇ ਫ਼ੈਸਲਿਆਂ ਨਾਲ ਕੁਝ ਨੁਕਸਾਨ ਜ਼ਰੂਰ ਹੋ ਸਕਦਾ ਹੈ। 


ਉਨ੍ਹਾਂ ਕਿਹਾ ਕਿ ਊਰਜਾ ਖੇਤਰ ਵਿੱਚ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਨੇ ਵਰਤਮਾਨ ਊਰਜਾ ਸੰਕਟ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਹੈ ਤੇ ਮੁਲਕ ਦੇ ਕਿਸੇ ਵੀ ਹਿੱਸਾ ਵਿਚ ਊਰਜਾ ਦੀ ਘਾਟ ਨਹੀਂ ਪੈਦਾ ਹੋਣ ਦਿੱਤੀ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਆਲਮੀ ਊਰਜਾ ਢਾਂਚਾ ਪ੍ਰਭਾਵਿਤ ਹੋਇਆ ਹੈ ਤੇ ਸਪਲਾਈ-ਮੰਗ ਦੀ ਲੜੀ ਉਤੇ ਅਸਰ ਪਿਆ ਹੈ। ਕਈ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।